ਚੰਡੀਗੜ੍ਹ, 24 ਮਈ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟੇ ਦੌਰਾਨ ਵੱਖ ਵੱਖ ਜ਼ਿਲ੍ਹਿਆਂ 'ਚੋਂ 24 ਹੋਰ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਹੁਣ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 2060 ਨੂੰ ਪਾਰ ਕਰ ਗਿਆ ਹੈ। ਅੱਜ 28 ਹੋਰ ਮਰੀਜ਼ ਠੀਕ ਵੀ ਹੋਏ ਹਨ ਅਤੇ ਕੁੱਲ ਪਾਜ਼ੇਟਿਵ ਕੇਸਾਂ ਵਿਚੋਂ ਠੀਕ ਹੋਦ ਵਾਲਿਆਂ ਦੀ ਗਿਣਤੀ ਵੀ 1898 ਤੱਕ ਪਹੁੰਚ ਗਈ ਹੈ।
ਅੱਜ ਜ਼ਿਲ੍ਹਾ ਮਾਨਸਾ ਵੀ ਕੋਰੋਨਾ ਮੁਕਤ ਹੋ ਗਿਆ ਹੈ ਜਿਥੇ ਕੁੱਲ 32 ਪਾਜ਼ੇਟਿਵ ਮਾਮਲਿਆਂ ਵਿਚ ਬਾਕੀ ਬਚੇ 2 ਪੀੜਤ ਵੀ ਠੀਕ ਹੋ ਕੇ ਘਰ ਚਲੇ ਗਏ ਹਨ। ਮੋਹਾਲੀ, ਰੋਪੜ, ਮੋਗਾ ਅਤੇ ਸੰਗਰੂਰ ਬਾਅਦ ਕੋਰੋਨਾ ਮੁਕਤ ਹੋਣ ਵਾਲਾ ਮਾਨਸਾ 5ਵਾਂ ਜ਼ਿਲ੍ਹਾ ਹੈ। ਇਸ ਸਮੇਂ 122 ਕੋਰੋਨਾ ਪੀੜਤ ਹਸਪਤਾਲਾਂ ਵਿਚ ਇਲਾਜ ਅਧੀਨ ਹਨ। ਦੋ ਮਰੀਜ਼ ਆਕਸੀਜਨ ਅਤੇ 1 ਵੈਂਟੀਲੇਟਰ 'ਤੇ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈ। ਮੌਤਾਂ ਦੀ ਕੁੱਲ ਗਿਣਤੀ 40 ਹੈ। ਅੱਜ ਅੰਮ੍ਰਿਤਸਰ, ਪਠਾਨਕੋਟ, ਕਪੂਰਥਲਾ, ਜਲੰਧਰ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਬਾਹਰਲੇ ਦੇਸਾਂ ਅਤੇ ਸੂਬਿਆਂ ਤੋਂ ਵੀ ਹਜ਼ਾਰਾਂ ਯਾਤਰੀਆਂ ਦੀ ਵਾਪਸੀ ਚੱਲ ਰਹੀ ਹੈ ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਪਾਜ਼ੇਟਿਵ ਕੇਸਾਂ ਦਾ ਅੰਕੜਾ ਇਕ ਵਾਰ ਫਿਰ ਵਧ ਸਕਦਾ ਹੈ।