‘ਫ਼ੰਗਸ’ ਦੇ ਰੰਗ ਤੋਂ ਨਾ ਘਬਰਾਉ, ਕਾਰਨ ਅਤੇ ਜੋਖਮਾਂ ਦਾ ਰੱਖੋ ਧਿਆਨ : ਮਾਹਰਾਂ ਦੀ ਸਲਾਹ

ਏਜੰਸੀ

ਖ਼ਬਰਾਂ, ਪੰਜਾਬ

‘ਫ਼ੰਗਸ’ ਦੇ ਰੰਗ ਤੋਂ ਨਾ ਘਬਰਾਉ, ਕਾਰਨ ਅਤੇ ਜੋਖਮਾਂ ਦਾ ਰੱਖੋ ਧਿਆਨ : ਮਾਹਰਾਂ ਦੀ ਸਲਾਹ

image

ਨਵੀਂ ਦਿੱਲੀ, 25 ਮਈ : ਕੋਵਿਡ-19 ਮਰੀਜ਼ਾਂ ਅਤੇ ਵਾਇਰਸ ਤੋਂ ਠੀਕ ਹੋ ਚੁੱਕੇ ਲੋਕਾਂ ’ਚ ਮਿਊਕਰਮਾਈਕੋਸਿਸ ਜਾਂ ਬਲੈਕ ਫ਼ੰਗਸ ਦੇ ਵਧਦੇ ਮਾਮਲਿਆਂ ਦਰਮਿਆਨ ਮਾਹਰਾਂ ਨੇ ਲੋਕਾਂ ਨੂੰ ਸਲਾਹ ਦਿਤੀ ਹੈ ਕਿ ਫ਼ੰਗਸ ਦੇ ਰੰਗ ਤੋਂ ਨਾ ਘਬਰਾਉ, ਸਗੋਂ ਇਸ ਦੇ ਪ੍ਰਕਾਰ, ਕਾਰਨ ਅਤੇ ਇਸ ਤੋਂ ਹੋਣ ਵਾਲੇ ਖ਼ਤਰਿਆਂ ’ਤੇ ਧਿਆਨ ਦੇਣਾ ਚਾਹੀਦਾ ਹੈ। ਪਿਛਲੇ ਕੁੱਝ ਦਿਨਾਂ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਮਰੀਜ਼ਾਂ ਵਿਚ ਬਲੈਕ ਫ਼ੰਗਸ ਤੋਂ ਇਲਾਵਾ ਵ੍ਹਾਈਟ ਫ਼ੰਗਸ ਅਤੇ ਯੈਲੋ ਫ਼ੰਗਸ ਦੇ ਵੀ ਮਾਮਲੇ ਸਾਹਮਣੇ ਆਏ ਹਨ। ਵਿਗਿਆਨੀਆਂ ਮੁਤਾਬਕ ਇਹ ਦੋਵੇਂ ਵੀ ਮਿਊਕਰਮਾਈਕੋਸਿਸ ਹੈ। 
ਭਾਰਤੀ ਆਯੁਵਿਗਿਆਨ ਖੋਜ ਪਰੀਸ਼ਦ (ਆਈ. ਸੀ. ਐਮ. ਆਰ.) ਦੇ ਮਹਾਂਮਾਰੀ ਵਿਗਿਆਨ ਅਤੇ ਸੰਚਾਰੀ ਰੋਗ ਮਹਿਕਮੇ ਦੇ ਡਾ. ਸਮੀਰਨ ਪਾਂਡਾ ਨੇ ਕਿਹਾ 
ਕਿ ‘ਬਲੈਕ, ਵ੍ਹਾਈਟ ਜਾਂ ਯੈਲੋ ਫ਼ੰਗਸ’ ਵਰਗੇ ਨਾਵਾਂ ਦਾ ਇਸਤੇਮਾਲ ਕਰਨ ਨਾਲ ਲੋਕਾਂ ਵਿਚਾਲੇ ਡਰ ਪੈਦਾ ਹੋ ਰਿਹਾ ਹੈ। ਆਮ ਲੋਕਾਂ ਨੂੰ ਮੈਂ ਕਹਾਂਗਾ ਕਿ ਕਾਲੇ, ਪੀਲੇ ਜਾਂ ਸਫ਼ੈਦ ਰੰਗ ਤੋਂ ਦਹਿਸ਼ਤ ਵਿਚ ਨਾ ਆਓ। ਸਾਨੂੰ ਪਤਾ ਲਗਣਾ ਚਾਹੀਦਾ ਹੈ ਕਿ ਰੋਗੀ ਨੂੰ ਕਿਸ ਤਰ੍ਹਾਂ ਦਾ ਫ਼ੰਗਲ ਇਨਫ਼ੈਕਸ਼ਨ ਹੋਇਆ ਹੈ। ਹਾਲਾਂਕਿ ਉਨ੍ਹਾਂ ਨੇ ਸਾਫ਼ ਕੀਤਾ ਕਿ ਜਾਨਲੇਵਾ ਜਾਂ ਖ਼ਤਰਨਾਕ ਰੋਗ ਪੈਦਾ ਕਰਨ ਵਾਲਾ ਜ਼ਿਆਦਾਤਰ ਫ਼ੰਗਲ ਉਦੋਂ ਹੁੰਦਾ ਹੈ, ਜਦੋਂ ਰੋਗ ਪ੍ਰਤੀਰੋਧਕ ਸਮਰੱਥਾ ਘੱਟ ਹੁੰਦੀ ਹੈ। ਡਾ. ਪਾਂਡਾ ਨੇ ਕਿਹਾ ਕਿ ਸਿਧਾਂਤ ਇਹ ਹੈ ਕਿ ਫ਼ੰਗਲ ਤੋਂ ਲੜਨ ਦੀ ਸਮਰੱਥਾ ਅਤੇ ਪ੍ਰਤੀਰੋਧਕ ਪ੍ਰਣਾਲੀ ਕਿਹੋ ਜਿਹੀ ਹੈ। 
ਗਾਜ਼ੀਆਬਾਦ ’ਚ ਇਕ ਨਿਜੀ ਹਸਪਤਾਲ ਦੇ ਇਕ ਡਾਕਟਰ ਨੇ ਦਾਅਵਾ ਕੀਤਾ ਕਿ 24 ਮਈ ਨੂੰ ਉਨ੍ਹਾਂ ਦੇ ਇਥੇ ਇਕ ਰੋਗੀ ਵਿਚ ਬਲੈਕ, ਵ੍ਹਾਈਟ ਅਤੇ ਯੈਲੋ ਤਿੰਨੋਂ ਤਰ੍ਹਾਂ ਦੇ ਫ਼ੰਗਸ ਦਾ ਪਤਾ ਲੱਗਾ। ਸ਼ਹਿਰ ਦੇ ਰਾਜਨਗਰ ਇਲਾਕੇ ਵਿਚ ਸਥਿਤ ਹਰਸ਼ ਹਸਪਤਾਲ ਦੇ ਈ. ਐਨ. ਟੀ. ਮਾਹਰ ਡਾ. ਬੀ. ਪੀ. ਤਿਆਗੀ ਨੇ ਦਾਅਵਾ ਕੀਤਾ ਕਿ ਛਿਪਕਲੀਆਂ ਅਤੇ ਗਿਰਗਟ ਵਿਚ ਯੈਲੋ ਫ਼ੰਗਸ ਵੇਖਿਆ ਗਿਆ ਹੈ ਪਰ ਮਨੁੱਖਾਂ ਵਿਚ ਹੁਣ ਤਕ ਇਸ ਤਰ੍ਹਾਂ ਦੇ ਮਾਮਲੇ ਵੇਖਣ ’ਚ ਨਹੀਂ ਆਏ।     (ਏਜੰਸੀ)