ਫੌਜੀ ਪ੍ਰਭਦਿਆਲ ਦਾ ਹੋਇਆ ਅੰਤਿਮ ਸਸਕਾਰ, ਪਰਿਵਾਰ ਵੱਲੋਂ ਖ਼ੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕਰਨ ਦੀ ਮੰਗ

ਏਜੰਸੀ

ਖ਼ਬਰਾਂ, ਪੰਜਾਬ

ਇਲਾਕੇ ਅਤੇ ਪਿੰਡ ਵਾਸੀਆਂ ਨੇ ਪ੍ਰਭ ਦਿਆਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

Funeral of Fauji Prabhdial

ਜੋਗਾ - ਭਾਰਤੀ ਫ਼ੌਜ ਵਿੱਚ ਤੈਨਾਤ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਹਰੀ ਦੇ 23 ਸਾਲਾ ਨੌਜਵਾਨ ਸੈਨਿਕ ਪ੍ਰਭਦਿਆਲ ਸਿੰਘ ਵੱਲੋਂ ਪਿਛਲੇ ਦਿਨੀਂ ਡਿਊਟੀ ਦੌਰਾਨ ਰਾਜਸਥਾਨ ਦੇ ਸੂਰਤਗੜ੍ਹ ਵਿਖੇ ਖੁਦਕੁਸ਼ੀ ਕਰ ਲਈ ਗਈ ਸੀ। ਨੌਜਵਾਨ ਦੀ ਮੌਤ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਸੈਨਿਕ ਪ੍ਰਭਦਿਆਲ ਸਿੰਘ ਦਾ ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਿਥੇ ਇਲਾਕੇ ਅਤੇ ਪਿੰਡ ਵਾਸੀਆਂ ਨੇ ਪ੍ਰਭ ਦਿਆਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

 ਦੱਸ ਦਈਏ ਕਿ ਮਾਨਸਾ ਦੇ ਪਿੰਡ ਬੁਰਜ ਹਰੀ ਦੇ ਰਹਿਣ ਵਾਲੇ ਫੌਜੀ ਨੇ ਰਾਜਸਥਾਨ ਦੇ ਸੂਰਤਗੜ੍ਹ ਵਿਚ ਡਿਊਟੀ ਦੌਰਾਨ ਪੱਗ ਨਾਲ ਫਾਹਾ ਲਿਆ। ਮ੍ਰਿਤਕ ਫੌਜੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤਰ ਨੂੰ ਕਿਸੇ ਅਫ਼ਸਰ ਵੱਲੋਂ ਕਥਿਤ ਤੌਰ ’ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਕਾਰਨ ਉਹ ਇਹ ਕਦਮ ਚੁੱਕਣ ਲਈ ਮਜਬੂਰ ਹੋਇਆ ਹੈ।

ਮਿਲੀ ਜਾਣਕਾਰੀ ਅਨੁਸਾਰ ਬੁਰਜ ਹਰੀ ਦਾ ਪ੍ਰਭਦਿਆਲ ਸਿੰਘ (25) ਪੁੱਤਰ ਗੁਰਸੇਵਕ ਸਿੰਘ ਕਰੀਬ 5 ਸਾਲ ਪਹਿਲਾਂ ਫ਼ੌਜ ਵਿਚ ਭਰਤੀ ਹੋਇਆ ਸੀ। ਪ੍ਰਭਦਿਆਲ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਹਨੀਂ ਦਿਨੀਂ ਉਸ ਦੀ ਡਿਊਟੀ ਰਾਜਸਥਾਨ ਦੇ ਸੂਰਤਗੜ੍ਹ ਵਿਚ ਸੀ।
ਜਾਣਕਾਰੀ ਸਾਂਝੀ ਕਰਦਿਆਂ ਪ੍ਰਭਦਿਆਲ ਸਿੰਘ ਦੇ ਦਾਦਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਮਹਿੰਦਰ ਸਿੰਘ ਰੋਮਾਣਾ ਨੇ ਦੱਸਿਆ ਕਿ ਉਹਨਾਂ ਦੇ ਪੋਤਰੇ ਨੂੰ ਫ਼ੌਜ ਵਿਚ ਕੋਈ ਅਫ਼ਸਰ ਪ੍ਰੇਸ਼ਾਨ ਕਰ ਰਿਹਾ ਸੀ ਪਰ ਪ੍ਰਭਦਿਆਲ ਨੇ ਇਹ ਗੱਲ ਕਿਸੇ ਨੂੰ ਨਹੀਂ ਦੱਸੀ ਅਤੇ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਸੀ।

ਫੌਜ ਵਿਚ ਪ੍ਰਭਦਿਆਲ ਸਿੰਘ ਦੇ ਸਾਥੀਆਂ ਨੇ ਦੱਸਿਆ ਕਿ ਉਸ ਨੇ ਫਾਹਾ ਲੈ ਕੇ ਅਪਣੀ ਜਾਨ ਦਿੱਤੀ ਹੈ। ਪ੍ਰਭਦਿਆਲ ਸਿੰਘ ਦੀ ਮ੍ਰਿਤਕ ਦੇਹ ਅੱਜ ਉਸ ਦੇ ਪਿੰਡ ਲਿਆਂਦੀ ਜਾਵੇਗੀ, ਜਿੱਥੇ ਉਸ ਦਾ ਸਸਕਾਰ ਕੀਤਾ ਜਾਵੇਗਾ। ਪੁਲਿਸ ਚੌਕੀ ਠੂਠਿਆਂਵਾਲੀ ਦੇ ਇੰਚਾਰਜ ਗੁਰਤੇਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਫੌਜੀ ਪ੍ਰਭਦਿਆਲ ਸਿੰਘ ਦੇ ਸ਼ਹੀਦ ਹੋਣ ਬਾਰੇ ਸੂਚਨਾ ਮਿਲੀ ਹੈ। ਇਸ ਤੋਂ ਇਲ਼ਾਵਾ ਪੁਲਿਸ ਕੋਲ ਕੋਈ ਸੂਚਨਾ ਨਹੀਂ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।