ਭੜਕਾਊ ਪੋਸਟਰ ਮਾਮਲੇ ’ਚ ਦੋ ਡੇਰਾ ਪੇ੍ਰਮੀਆਂ ਦਾ ਮਿਲਿਆ ਪੁਲਿਸ ਰੀਮਾਂਡ, ਬਾਕੀ ਭੇਜੇ ਜੇਲ

ਏਜੰਸੀ

ਖ਼ਬਰਾਂ, ਪੰਜਾਬ

ਭੜਕਾਊ ਪੋਸਟਰ ਮਾਮਲੇ ’ਚ ਦੋ ਡੇਰਾ ਪੇ੍ਰਮੀਆਂ ਦਾ ਮਿਲਿਆ ਪੁਲਿਸ ਰੀਮਾਂਡ, ਬਾਕੀ ਭੇਜੇ ਜੇਲ

image

ਫਰੀਦਕੋਟ, 24 ਮਈ (ਗੁਰਿੰਦਰ ਸਿੰਘ) : ਪਾਵਨ ਸਰੂਪ ਚੋਰੀ ਕਰਨ, ਭੜਕਾਊ ਪੋਸਟਰ ਲਾਉਣ ਅਤੇ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਵਾਲੇ ਮਾਮਲਿਆਂ ਦੀ ਜਾਂਚ ਕਰ ਰਹੀ ਐਸ.ਆਈ.ਟੀ ਦੀ ਹਿਰਾਸਤ ਵਿਚ ਲਏ 6 ਡੇਰਾ ਪੇ੍ਰਮੀਆਂ ਵਿਚੋਂ ਤਿੰਨ ਡੇਰਾ ਪੇ੍ਰਮੀਆਂ ਨੂੰ ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਅੱਜ ਇਲਾਕਾ ਮੈਜਿਸਟੇ੍ਰਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਅਦਾਲਤ ਨੇ ਉਨ੍ਹਾਂ ਨੂੰ 1 ਜੂਨ ਲਈ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿਤਾ। ਇਸ ਤੋਂ ਪਹਿਲਾਂ ਤਿੰਨ ਡੇਰਾ ਪੇ੍ਰਮੀਆਂ ਦੀ ਰੀਪੋਰਟ ਕੋੋਰੋਨਾ ਪਾਜ਼ੇਟਿਵ ਆਉਣ ਕਾਰਨ ਉਨ੍ਹਾਂ ਦਾ ਸੁਰੱਖਿਆ ਪ੍ਰਬੰਧਾਂ ਹੇਠ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਦੇ ਕੋਰੋਨਾ ਵਾਰਡ ਵਿਚ ਇਲਾਜ ਚਲ ਰਿਹਾ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਡੇਰਾ ਪੇ੍ਰਮੀਆਂ ਨਿਸ਼ਾਨ ਸਿੰਘ, ਬਲਜੀਤ ਸਿੰਘ ਅਤੇ ਸੁਖਜਿੰਦਰ ਸਿੰਘ ਦਾ ਹਸਪਤਾਲ ਵਿਚ 1 ਜੂਨ ਤਕ ਇਲਾਜ ਚਲੇਗਾ ਤੇ ਉਸ ਤੋਂ ਬਾਅਦ ਉਕਤਾਨ ਦੇ ਦੁਬਾਰਾ ਫਿਰ ਕੋਰੋਨਾ ਸੈਂਪਲ ਲਏ ਜਾਣਗੇ। ਅੱਜ ਡੇਰਾ ਪੇ੍ਰਮੀਆਂ ਸ਼ਕਤੀ ਸਿੰਘ, ਰਣਜੀਤ ਸਿੰਘ ਅਤੇ ਪ੍ਰਦੀਪ ਕੁਮਾਰ ਦਾ ਰਿਮਾਂਡ ਖ਼ਤਮ ਹੋਣ ’ਤੇ ਉਨ੍ਹਾਂ ਨੂੰ ਇਲਾਕਾ ਮੈਜਿਸਟ੍ਰੇਟ ਮੈਡਮ ਤਾਰਜਨੀ ਦੇ ਛੁੱਟੀ ’ਤੇ ਹੋਣ ਕਰ ਕੇ ਡਿਊਟੀ ਮੈਜਿਸਟ੍ਰੇਟ ਅਜੇਪਾਲ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਡੇਰਾ ਪੇ੍ਰਮੀਆਂ ਨੇ ਅਪਣੇ ਵਕੀਲ ਵਿਨੋਦ ਮੌਂਗਾ ਰਾਹੀਂ ਅਦਾਲਤ ਵਿਚ ਲਿਖਤੀ ਰੂਪ ਵਿਚ ਅਰਜ਼ੀ ਦੇ ਕੇ ਖਦਸ਼ਾ ਜ਼ਾਹਰ ਕੀਤਾ ਸੀ ਕਿ ਐਸਆਈਟੀ ਦੇ ਮੈਂਬਰਾਂ ਇੰਸ. ਦਲਬੀਰ ਸਿੰਘ ਸਿੱਧੂ ਅਤੇ ਇਕਬਾਲ ਹੁਸੈਨ ਐਸਐਚਓ ਥਾਣਾ ਬਾਜਾਖ਼ਾਨਾ ਕਥਿਤ ਕੁੱਟਮਾਰ ਕਰ ਕੇ ਅਦਾਲਤ ਵਿਚ ਗੁਨਾਹ ਕਬੂਲ ਕਰਨ ਲਈ ਮਜਬੂਰ ਕਰ ਸਕਦੇ ਹਨ। ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇੰਸ. ਸਿੱਧੂ ਅਤੇ ਐਸਐਚਓ ਹੁਸੈਨ ਨੂੰ ਹਦਾਇਤ ਕੀਤੀ ਸੀ ਕਿ ਉਹ ਉਕਤ ਸ਼ਿਕਾਇਤ ਦਾ ਜਵਾਬ 24 ਮਈ ਤਕ ਲਿਖਤੀ ਤੌਰ ’ਤੇ ਅਦਾਲਤ ਵਿਚ ਪੇਸ਼ ਕਰਨ। ਅੱਜ ਉਕਤਾਨ ਪੁਲਿਸ ਅਧਿਕਾਰੀਆਂ ਨੇ ਸਰਕਾਰ ਵਲੋਂ ਸ਼ਿਕਾਇਤ ਦਾ ਜਵਾਬ ਅਦਾਲਤ ਵਿਚ ਪੇਸ਼ ਕੀਤਾ ਜਿਸ ’ਤੇ 26 ਮਈ ਨੂੰ ਸੁਣਵਾਈ ਹੋਵੇਗੀ।