ਸ਼੍ਰੋਮਣੀ ਅਕਾਲੀ ਦਲ ਦੇ ਅੰਦਰੋਂ ਬੀਬੀ ਜਗੀਰ ਕੌਰ ਨੂੰ  ਨਿਸ਼ਾਨੇ 'ਤੇ ਲੈਣ ਦਾ ਮਸਲਾ?

ਏਜੰਸੀ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਅੰਦਰੋਂ ਬੀਬੀ ਜਗੀਰ ਕੌਰ ਨੂੰ  ਨਿਸ਼ਾਨੇ 'ਤੇ ਲੈਣ ਦਾ ਮਸਲਾ?

image


ਅਕਾਲੀ ਹਲਕਿਆਂ ਅਨੁਸਾਰ ਬੀਬੀ ਜਗੀਰ ਕੌਰ ਦੀ ਮੁੜ ਪ੍ਰਧਾਨ ਬਣਨ ਦੀ ਸੰਭਾਵਨਾ ਮੱਧਮ?

ਅੰਮਿ੍ਤਸਰ, 24 ਮਈ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ  ਸ਼੍ਰੋਮਣੀ ਅਕਾਲੀ ਦਲ ਦੇ ਅੰਦਰੋਂ, ਇਕ ਸਰਗਰਮ ਗਰੁੱਪ ਵਲੋਂ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ ਜਿਸ ਤੋਂ ਸਿੱਖ ਹਲਕੇ ਹੈਰਾਨ ਹਨ ਕਿ ਕਾਫ਼ੀ ਸਮੇਂ ਬਾਅਦ ਅਜਿਹੀ ਨੌਬਤ ਸਾਹਮਣੇ ਆਈ ਹੈ  | 
ਸੂਤਰਾਂ ਅਨੁਸਾਰ ਬੀਬੀ ਜਗੀਰ ਕੌਰ ਨੂੰ  ਪ੍ਰਧਾਨਗੀ ਅਪਣੇ ਬਲਬੂਤੇ ਲੈਣੀ ਪਈ ਹੈ ਤੇ ਸਿਆਸੀ ਹਾਲਾਤ ਦੀ ਮਜਬੂਰੀ ਕਾਰਨ ਇਕ ਉਚ ਨੇਤਾ ਨੂੰ  ਸਹਿਮਤੀ ਦੇਣੀ ਪਈ ਜਿਸ ਕਾਰਨ ਚਰਚਾ ਹੈ ਕਿ ਨਵੰਬਰ ਦੀ ਚੋੋਣ ਸਮੇਂ, ਕਿਸੇ ਹੋਰ ਅਕਾਲੀ ਆਗੂ ਨੂੰ  ਮੌਕਾ ਦਿਤਾ ਜਾਵੇਗਾ ਜੋੋ ਇਸ ਵਾਰ ਪ੍ਰਧਾਨ ਬਣਨ ਵਿਚ ਅਸਫ਼ਲ ਰਿਹਾ | ਪ੍ਰਾਪਤ ਜਾਣਕਾਰੀ ਮੁਤਾਬਕ ਸੱਭ ਤੋਂ ਪਹਿਲਾਂ ਨਵੇ ਗ੍ਰੰਥੀ ਸਿੰਘਾਂ ਦੀ ਨਿਯੁਕਤੀ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ | ਸੰਤ ਜੱਸੋਵਾਲ ਨੇ ਦੋਸ਼ ਲਾਇਆ ਕਿ ਗ੍ਰੰਥੀ ਸਿੰਘਾਂ ਦੀ ਭਰਤੀ ਵਿਚ ਬੇਨਿਯਮੀਆਂ ਹੋਈਆਂ ਹਨ | ਇਸ ਲਈ ਇਹ ਨਿਯੁਕਤੀਆਂ ਰੱਦ ਕੀਤੀਆਂ ਜਾਣ | ਫ਼ੈਡਰੇਸ਼ਨ ਨੇਤਾ ਪ੍ਰੋ. ਸਰਚਾਂਦ ਸਿੰਘ ਭਰਤੀ ਮਾਮਲੇ ਵਿਚ ਘਿਰੀ ਬੀਬੀ ਜਗੀਰ ਕੌਰ ਨੂੰ  ਅਸਤੀਫ਼ਾ ਦੇਣ ਦੀ ਮੰਗ ਕਰ ਦਿਤੀ | ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਪਣੇ ਭਣੇਵੇਂ ਦੀ ਹੈੱਡ-ਗ੍ਰੰਥੀ ਵਜੋਂ ਪਦ ਉਨਤੀ ਅਤੇ ਨਜ਼ਦੀਕੀ ਅਧਿਕਾਰੀ ਦੇ ਭਤੀਜੇ ਨੂੰ  ਸੁਪਰਵਾਈਜ਼ਰ ਭਰਤੀ ਕਰਨ ਵਿਰੁਧ ਅਵਾਜ਼ ਬੁੰਲਦ ਕੀਤੀ | 
ਸਿੱਖ ਨੌਜੁਆਨਾਂ ਦੀ ਜਥੇਬੰਦੀ ਅਮਰ ਖ਼ਾਲਸਾ ਫ਼ਾਉਡੇਸ਼ਨ ਵਲੋਂ ਸ਼੍ਰੋਮਣੀ ਕਮੇਟੀ ਦਫ਼ਤਰਾਂ ਵਿਚ ਬੀਬੀ ਜਗੀਰ ਕੌਰ ਦੀਆਂ ਤਸਵੀਰਾਂ ਹਟਾਉਣ ਦੀ ਮੰਗ ਵੀ ਕਰ ਦਿਤੀ ਕਿ ਕੀਤੀ ਗਈ ਭਰਤੀ ਨਿਯਮਾਂ ਤਹਿਤ ਨਹੀਂ ਹੋਈ | ਬੀਬੀ ਤੇ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਕੋਵਿਡ ਸਬੰਧੀ 
ਹਲਕਾ ਭੁੱਲਥ ਵਿਚ ਖੋਲਿ੍ਹਆ ਗਿਆ ਸੈਂਟਰ, ਸਿਆਸਤ ਤੋਂ ਪ੍ਰਭਾਵਤ ਹੈ ਤੇ ਗੁਰਦਵਾਰਾ ਸਾਹਿਬ ਦੀ ਥਾਂ, ਇਕ ਪੈਲੇਸ ਵਿਚ ਚਾਲੂ ਕਰਨਾ ਠੀਕ ਨਹੀਂ | ਜ਼ਿਕਰਯੋਗ ਹੈ ਕਿ ਹਲਕਾ ਭੁਲੱਥ ਤੋਂ ਬੀਬੀ ਜਗੀਰ ਕੌਰ ਚੋਣ ਲੜਦੇ ਹਨ, ਪਰ ਬੀਤੇ ਸਮੇਂ ਹੋਈਆਂ ਸਿਆਸੀ ਰੈਲੀਆਂ ਵਿਚ ਵਲਟੋਹਾ, ਅਟਾਰੀ ਤੋਂ ਹੋਰ ਹਲਕਿਆਂ ਵਾਂਗ ਬੀਬੀ ਜਗੀਰ ਕੌਰ ਨੂੰ  ਉਮੀਦਵਾਰ ਨਹੀਂ ਐਲਾਨਿਆ ਗਿਆ | ਦੂਸਰੇ ਪਾਸੇ ਸਿੱਖ ਹਲਕਿਆਂ ਵਿਚ ਇਹ ਵੀ ਚਰਚਾ ਦਾ ਵਿਸ਼ਾ ਹੈ ਕਿ ਸਿੱਖ ਸੰਗਠਨਾਂ ਤੇ ਏਕਾਅਧਿਕਾਰੀ ਇਕ ਪ੍ਰਵਾਰ ਦਾ ਹੋਣ ਕਰ ਕੇ ਵੀ ਸਿੱਖ ਕੌਮ ਦੀਆਂ ਮੁਕੱਦਸ ਸੰਸਥਾਵਾਂ ਵਿਚ ਮੀਰੀ-ਪੀਰੀ ਦਾ ਸਿਧਾਂਤ ਲੀਹੋ ਲੱਥ ਚੁਕਾ ਹੈ |