ਭਰਾ- ਪਿਉ ਡਟੇ ਦਿੱਲੀ ਅੰਦੋਲਨ 'ਚ ਪਿੱਛੋਂ ਧੀਆਂ ਨੇ ਚੁੱਕੀ ਕਾਲੀਆਂ ਝੰਡੀਆਂ ਬਣਾਉਣ ਦੀ ਜ਼ਿੰਮੇਵਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਕਾਲਾ ਦਿਵਸ' ਮਨਾਉਣ ਦੀਆਂ ਤਿਆਰੀਆਂ ਪੂਰੀ

making black flags

ਅੰਮ੍ਰਿਤਸਰ(ਰਾਜੇਸ਼ ਕੁਮਾਰ ਸੰਧੂ) ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। 26 ਮਈ ਨੂੰ ਇਸ ਕਿਸਾਨ ਅੰਦੋਲਨ ਨੂੰ ਦਿੱਲੀ 'ਚ ਚਲਦਿਆਂ 6 ਮਹੀਨੇ ਪੂਰੇ ਹੋ ਜਾਣਗੇ। ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਈ ਨੂੰ ਕਾਲਾ ਦਿਨ ਮਨਾਉਣ ਦਾ ਐਲਾਨ ਕੀਤਾ ਗਿਆ ਹੈ।

ਇਸ ਤਹਿਤ ਵੱਡੇ ਪੱਧਰ 'ਤੇ ਔਰਤਾਂ ਅਤੇ ਕਿਸਾਨਾਂ ਵੱਲੋਂ ਕਾਲੇ ਝੰਡੇ-ਝੰਡੀਆਂ ਬਣਾਈਆਂ ਜਾ ਰਹੀਆਂ ਹਨ। ਅੰਮ੍ਰਿਤਸਰ ਦੇ ਚੱਬਾ ਪਿੰਡ ਵਿਖੇ ਇਸ ਪਰਿਵਾਰ ਵੱਲੋਂ ਰੋਜ਼ਾਨਾ 400 ਤੋਂ 500 ਝੰਡੀਆਂ ਬਣਾ ਕੇ ਲੋਕਾਂ ਦੇ ਘਰਾਂ 'ਚ ਪਹੁੰਚਾਈਆਂ ਜਾ ਰਹੀਆਂ ਹਨ। ਇਨ੍ਹਾਂ ਕੁੜੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਅਤੇ ਭਰਾ ਦਿੱਲੀ ਅੰਦੋਲਨ 'ਚ ਬੈਠੇ ਸੰਘਰਸ਼ ਕਰ ਰਹੇ ਹਨ ਅਤੇ ਅਸੀਂ ਘਰਾਂ 'ਚ ਝੰਡੇ ਬਣਾ ਆਪਣਾ ਸਹਿਯੋਗ ਪਾ ਰਹੇ ਹਾਂ।

ਕਿਸਾਨ ਆਗੂ ਗੁਰਬਚਨ ਸਿੰਘ ਚੱਬਾ ਨੇ ਮੋਦੀ ਸਰਕਾਰ ਵੱਲੋਂ ਅਪਣਾਏ ਤਾਨਾਸ਼ਾਹੀ ਰਵੱਈਆ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਭੁਗਤਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਰੱਦ ਨਾ ਹੋਣ ਤਕ ਇਹ ਅੰਦੋਲਨ ਜਾਰੀ ਰਹੇਗਾ।

 

 

ਦਲਜੀਤ ਕੌਰ ਨੇ ਕਿਹਾ ਕਿ ਜੇ ਮੋਦੀ ਸਰਕਾਰ ਆਪਣੀ ਜਿੱਦ 'ਤੇ ਅੜੀ ਹੋਈ ਹੈ ਤਾਂ ਅਸੀਂ ਵੀ ਮਜ਼ਬੂਤੀ ਨਾਲ ਅੜੇ ਰਹਾਂਗੇ। ਆਉਂਦੇ ਦਿਨਾਂ 'ਚ ਸੰਘਰਸ਼ ਹੋਰ ਤਿੱਖਾ ਹੋਵੇਗਾ।

ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ ਸਮੇਤ ਹੋਰ ਸਾਰੇ ਸੂਬਿਆਂ 'ਚ 26 ਮਈ ਨੂੰ ‘ਕਾਲਾ ਝੰਡਾ ਦਿਵਸ’ ਮਨਾਇਆ ਜਾ ਰਿਹਾ ਹੈ। ਇਸ ਤਹਿਤ ਪਿੰਡ-ਪਿੰਡ ਮੁਜ਼ਹਾਰੇ, ਕੇਂਦਰ ਸਰਕਾਰ ਦੀਆਂ ਅਰਥੀਆਂ ਤੇ ਪੁਤਲੇ ਫੂਕੇ ਜਾਣਗੇ। ਕਿਸਾਨਾਂ ਵੱਲੋਂ ਆਪਣੇ ਘਰਾਂ ਤੇ ਖੇਤੀ ਸੰਦਾਂ ਸਮੇਤ ਆਵਾਜਾਈ ਲਈ ਵਰਤੇ ਜਾਂਦੇ ਨਿੱਜੀ ਵਾਹਨਾਂ ਉਪਰ ਵੀ ਰੋਸ ਵਜੋਂ ਕਾਲੇ ਝੰਡੇ ਲਹਿਰਾਏ ਜਾਣਗੇ।