ਵਿਧਾਨ ਸਭਾ ਕਮੇਟੀਆਂ ਦੇ ਸਭਾਪਤੀਆਂ ਨਾਲ ਸਪੀਕਰ ਸੰਧਵਾਂ ਦੀ ਬੈਠਕ ਅੱਜ

ਏਜੰਸੀ

ਖ਼ਬਰਾਂ, ਪੰਜਾਬ

ਵਿਧਾਨ ਸਭਾ ਕਮੇਟੀਆਂ ਦੇ ਸਭਾਪਤੀਆਂ ਨਾਲ ਸਪੀਕਰ ਸੰਧਵਾਂ ਦੀ ਬੈਠਕ ਅੱਜ

image

ਸੁੱਖ ਸਰਕਾਰੀਆ ਨੂੰ ਛੱਡ ਕੇ ਬਾਕੀ 14 ਨਵੇਂ ਸਭਾਪਤੀ ਸਿੱਖਣ ਦੇ ਚਾਹਵਾਨ  

ਚੰਡੀਗੜ੍ਹ, 24 ਮਈ (ਜੀ ਸੀ ਭਾਰਦਵਾਜ): ਕੇਵਲ 70 ਦਿਨ ਪੁਰਾਣੀ ਪੰਜਾਬ ਦੀ ‘ਆਪ’ ਸਰਕਾਰ ਭਾਵੇਂ ਵਿਰੋਧੀ ਧਿਰਾਂ ਅਤੇ ਸੂਬੇ ਦੇ ਲੋਕਾਂ ਵਲੋਂ ਕਈ ਮੁੱਦਿਆਂ ’ਤੇ ਆਲੋਚਨਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ ਪਰ ਇਸ ਦੇ ਮੁੱਖ ਮੰਤਰੀ, ਕੈਬਨਿਟ ਦੇ ਸਾਥੀ ਅਤੇ ਵਿਸ਼ੇਸ਼ ਕਰ ਕੇ ਵਿਧਾਨ ਸਭਾ ਦੇ ਸਪੀਕਰ ਦਿਨ ਰਾਤ ਇਸੇ ਕੋਸ਼ਿਸ਼ ਵਿਚ ਹਨ ਕਿ ਨਵੀਂ ਤਰਜ਼ ਯਾਨੀ ਪੁਰਾਣੇ ਗੰਦੇ ਸਿਸਟਮ ਵਿਚ ਬਦਲਾਅ ਲਿਆਉਣ ਦੀ ਮਨਸ਼ਾ ਨਾਲ ਸਰਕਾਰ ਅਤੇ ਵਿਧਾਨ ਸਭਾ ਦੀ ਚਲੰਤ ਨੂੰ ਵੀ ਪਾਰਦਰਸ਼ੀ ਅਤੇ ਈਮਾਨਦਾਰੀ ਵਾਲੀਆਂ ਲੀਹਾਂ ’ਤੇ ਲਿਆਂਦਾ ਜਾਵੇ।
ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਸ. ਕੁਲਤਾਰ ਸਿੰਘ ਸੰਧਵਾਂ ਨੇ ਦਸਿਆ ਕਿ ਪੰਜਾਬ ਵਿਧਾਨ ਸਭਾ ਦੀਆਂ 15 ਮਹੱਤਵਪੂਰਨ ਕਮੇਟੀਆਂ ਦੇ ਚੇਅਰਮੈਨ ਸਭਾਪਤੀ ਨਿਯੁਕਤ ਕੀਤੇ ਗਏ ਹਨ। ਜਿਨ੍ਹਾਂ ਵਿਚ ਕੇਵਲ ਇਕ ਪੁਰਾਣੇ ਯਾਨੀ ਸਾਬਕਾ ਮੰਤਰੀ ਸੁੱਖ ਸਰਕਾਰੀਆ (ਲੋਕ ਲੇਖਾ ਕਮੇਟੀ) ਹਨ। ਬਾਕੀ ਸਾਰੇ ਬੁੱਧ ਰਾਮ, ਅਮਨ ਅਰੋੜਾ, ਮਨਜੀਤ ਬਿਲਾਸਪੁਰ, ਡਾ. ਇੰਦਰਬੀਰ, ਜਗਰੂਪ ਗਿੱਲ, ਗੁਰਮੀਤ ਖੁੱਡੀਆਂ , ਗੁਰਪ੍ਰੀਤ ਬਾਣਾਵਾਲੀ, ਸਰਬਜੀਤ ਕੌਰ ਮਾਣੂੰਕੇ, ਕੁਲਵੰਤ ਪੰਡੋਰੀ, ਕੁੰਵਰ ਵਿਜੇ ਪ੍ਰਤਾਪ, ਬਰਿੰਦਰ ਗੋਇਲ, ਮੁਹੰਮਦ ਰਹਿਮਾਨ, ਜਗਦੀਪ ਕੰਬੋਜ ਅਤੇ ਪ੍ਰੋ: ਬਲਜਿੰਦਰ ਕੌਰ ਨਵੇਂ ਮੁਖੀਆਂ ਹਨ। ਇਨ੍ਹਾਂ ਸਭਾਪਤੀਆਂ ਨਾਲ ਘੱਟੋ ਘੱਟ 9 ਅਤੇ ਵੱਧ ਤੋਂ ਵੱਧ 13 ਵਿਧਾਇਕ ਕਮੇਟੀਆਂ ਦੀਆਂ ਬੈਠਕਾਂ ਆਯੋਜਤ ਕਰਨ ਅਤੇ ਸਰਕਾਰੀ ਮਹਿਕਮਿਆਂ ਵਿਚ ਕੀਤੇ ਕੰਮ ਦੀ ਪੜਚੋਲ ਅਤੇ ਕੀਤੀਆਂ ਅਨਿਯਮਤਾਵਾਂ ਦੇ ਲੇਖੇ ਜੋਖੇ ਦੀ ਰਿਪੋਰਟ ਵਿਧਾਨ ਸਭਾ ਨੂੰ ਦਿੰਦੇ ਰਹਿਣ ਲਈ ਜੋੜੇ ਗਏ ਹਨ।
ਜ਼ਿਕਰਯੋਗ ਹੈ ਕਿ ਇਹ 15 ਕਮੇਟੀਆਂ ਜਿਨ੍ਹਾਂ ਵਿਚ ਲੋਕ ਲੇਖਾ, ਅਨੁਮਾਨ ਕਮੇਟੀ, ਸਰਕਾਰੀ ਅਦਾਰੇ, ਅਨਸੂਚਿਤ-ਪਛੜੀ ਜਾਤੀ ਭਲਾਈ, ਪੰਚਾਇਤ ਰਾਜ ਸੰਸਥਾਵਾਂ, ਖੇਤੀਬਾੜੀ ਸਥਾਨਕ ਸਰਕਾਰਾਂ, ਸਹਿਕਾਰਤਾ ਕਮੇਟੀ, ਸਰਕਾਰੀ ਆਸ਼ਵਾਸਨ, ਪਰਿਵਲੇਜ ਕਮੇਟੀ, ਪਟੀਸ਼ਨ ਕਮੇਟੀ ਆਦਿ ਸ਼ਾਮਲ ਹਨ । ਲਗਭਗ ਹਰ ਹਫ਼ਤੇ ਬੈਠਕਾਂ ਕਰਨਗੀਆਂ ਅਤੇ ਸਾਲ ਦੋ ਸਾਲ ਮਗਰੋਂ ਰਿਪੋਰਟ ਦੇਣਗੀਆਂ ਅਤੇ ਕੀਤੇ ਇਤਰਾਜ਼ਾਂ ਬਾਰੇ ਐਕਸ਼ਨ ਚਲਦੇ ਰਹਿਣਗੇ। ਸ. ਸੰਧਵਾਂ ਨੇ ਕਿਹਾ ਕਿ ਭਲਕੇ ਵਿਧਾਨ ਸਭਾ ਦੇ ਵੱਡੇ ਕਮੇਟੀ ਰੂਮ ਵਿਚ ਪਲੇਠੀ ਜਾਣ ਪਛਾਣ ਮਗਰੋਂ ਸਾਰੇ ਸਭਾਪਤੀਆਂ ਨੂੰ ਨਿਰਦੇਸ਼ ਦਿਤੇ ਜਾਣਗੇ ਕਿ ਥੋੜ੍ਹੇ ਤੋਂ ਥੋੜ੍ਹੇ ਸਮੇਂ ਵਿਚ ਸਬੰਧਤ ਵਿਭਾਗਾਂ ਬਾਰੇ ਆਉਣ ਵਾਲੀਆਂ ਸ਼ਿਕਾਇਤਾਂ ਤੇ ਇਤਰਾਜ਼ਾਂ ਦੀ ਘੋਖ  ਕੀਤੀ ਜਾਵੇ ਅਤੇ ਰਿਪੋਰਟ ਵੀ ਜਲਦੀ ਸੌਂਪੀ ਜਾਵੇ ਤਾਕਿ ਦੋਸ਼ੀ ਅਧਿਕਾਰੀਆਂ ਨੂੰ ਤਾੜਨਾ ਅਤੇ ਸਜ਼ਾ ਵੀ ਜਲਦੀ ਦਿਤੀ ਜਾ ਸਕੇ।
ਨਵੇਂ 90 ਵਿਧਾਇਕਾਂ ਜਿਨ੍ਹਾਂ ਵਿਚ 81 ‘ਆਪ’ ਦੇ, 5 ਕਾਂਗਰਸ, 2 ਬੀ ਜੇ ਪੀ ਅਤੇ 1-1 ਬੀਐਸਪੀ ਤੇ ਅਕਾਲੀ ਦਲ ਦਾ ਸ਼ਾਮਲ ਹੈ, ਨੂੰ ਵਿਧਾਨ ਸਭਾ ਦੇ ਵੱਡੇ ਹਾਲ ਵਿਚ ਮੁਢਲੀ ਟ੍ਰੇਨਿੰਗ ਦੇਣ ਬਾਰੇ ਪੁੱਛੇ ਸੁਆਲਾਂ ਦੇ ਜੁਆਬ ਵਿਚ ਉਨ੍ਹਾਂ ਕਿਹਾ ਕਿ ਲੋਕ ਸਭਾ ਦੀ ਪਾਰਲੀਮੈਂਟ ਰਿਸਰਚ ਐਂਡ ਟ੍ਰੇਨਿੰਗ ਇੰਸਟੀਚਿਊਟ ਫ਼ਾਰ ਡੈਮੋਕਰੇਸੀ ਨੇ 31 ਮਈ ਤੋਂ 2 ਜੂਨ ਦਾ ਤਿੰਨ ਦਿਨਾ ਸਿਖਲਾਈ ਪ੍ਰੋਗਰਾਮ ਦੇਣਾ ਹੈ। ਇਸ ਵਿਚ ਮਾਹਰਾਂ, ਪੁਰਾਣੇ ਤਜਰਬੇਕਾਰ ਲੀਡਰਾਂ, ਸੀਨੀਅਰ ਅਧਿਕਾਰੀਆਂ ਵਲੋਂ ਲੈਕਚਰ ਜ਼ਰੂਰੀ ਨੁਕਤੇ ਦਸੇ ਜਾਣਗੇ ਅਤੇ ਵਿਧਾਨ ਸਭਾ ਸੈਸ਼ਨ ਵਿਚ ਅਪਣਾਈ ਜਾਂਦੀ ਪ੍ਰਕਿਰਿਆ ਬਾਰੇ ਵੀ ਵਿਧਾਇਕਾਂ ਨੂੰ ਗਿਆਨ ਦਿਤਾ ਜਾਵੇਗਾ। 
ਕੁਲਤਾਰ ਸਿੰਘ ਸੰਧਵਾਂ ਨੇ ਦਸਿਆ ਕਿ ਇਸ 3 ਦਿਨਾ ਮਹੱਤਵਪੂਰਨ ਸਿਖਲਾਈ ਦੌਰਾਨ ਮੈਂਬਰ ਵਿਧਾਇਕਾਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਵਿਚ ਲੋਕਤੰਤਰ ਪ੍ਰਕਿਰਿਆ ਬਾਰੇ ਬਾਰੀਕੀ ਨਾਲ ਸਮਝਾਇਆ ਜਾਵੇਗਾ ਤਾਕਿ ਪੂਰੇ ਪੰਜ ਸਾਲ ਵਿਚ ਸਮੇਂ ਦਾ ਵੱਧ ਤੋਂ ਵੱਧ ਫ਼ਾਇਦਾ ਲੈ ਕੇ ਲੋਕਾਂ ਤਕ ਸਹੀ ਸੰਦੇਸ਼ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਵਿਧਾਇਕਾਂ ਨੂੰ ਉਤਸ਼ਾਹਤ ਕੀਤਾ ਜਾਵੇਗਾ ਕਿ ਉਹ ਟ੍ਰੇਨਿੰਗ ਦੇਣ ਆਏ ਮਾਹਰਾਂ, ਸੀਨੀਅਰ ਅਧਿਕਾਰੀਆਂ ਨੂੰ ਸੁਆਲ ਵੀ ਪੁੱਛਣ ਅਤੇ ਆਪੋ ਅਪਣੇ ਸ਼ੱਕ ਅਤੇ ਭੁਲੇਖੇ ਵੀ ਦੂਰ ਕਰ ਕੇ ਮੌਜੂਦਾ ਗੰਧਲੀ ਸਿਆਸਤ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨ। ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਵਿਚ ਆਪ ਸਰਕਾਰ ਅਤੇ ਸਾਰੇ ਲੋਕ ਨੁਮਾਇੰਦੇ ਆਉਂਦੇ 5 ਸਾਲਾਂ ਵਿਚ ਸਾਰੇ ਦੇਸ਼ ਲਈ ਵਧੀਆ ਅਤੇ ਈਮਾਨਦਾਰ ਕਿਸਮ ਦੀ ਲੋਕਤੰਤਰ ਪ੍ਰਕਿਰਿਆ ਚਲਾਉਣ ਦੀ ਮਿਸਾਲ ਪੇਸ਼ ਕਰਨਗੇ ਤਾਕਿ ਜਨਤਾ ਦੀ ਰਾਇ ਦਾ ਠੀਕ ਸਨਮਾਨ ਹੋ ਸਕੇ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਹਰ ਵਾਰ ਨਵੀਂ ਵਿਧਾਨ ਸਭਾ ਦੇ ਚੁਣੇ ਜਾਣ ਤੇ ਵਿਧਾਇਕਾਂ ਵਾਸਤੇ ਇਸ ਤਰ੍ਹਾਂ ਦੇ ਸਿਖਲਾਈ ਕੈਂਪ ਦੇ ਪ੍ਰੋਗਰਾਮ ਆਯੋਜਤ ਕੀਤਾ ਜਾਂਦਾ ਹੈ ਪਰ ਕਈ ਵਾਰੀ ਮੈਂਬਰਾਂ ਵਲੋਂ ਘੱਟ ਦਿਲਚਸਪੀ ਲੈਣ ਕਰ ਕੇ ਇਹ ਪ੍ਰੋਗਰਾਮ ਫ਼ੇਲ੍ਹ ਹੋ ਜਾਂਦੇ ਹਨ। ਇਸ ਨੁਕਤੇ ਤੇ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਵਿਧਾਇਕਾਂ ਤੇ ਸਾਰੇ ਵਜ਼ੀਰਾਂ ਸਮੇਤ ਸਬੰਧਤ ਸਟਾਫ਼ ਵਾਸਤੇ ਜ਼ਰੂਰੀ ਨਿਰਦੇਸ਼ ਦਿਤੇ ਗਏ ਹਨ ਕਿ ਅਨੁਸ਼ਾਸਨ ਦੀ ਪਾਲਣਾ ਸਖ਼ਤੀ ਨਾਲ ਕੀਤੀ ਜਾਵੇਗੀ।
   (ਫ਼ੋਟੋ ਕੁਲਤਾਰ ਸਿੰਘ ਸੰਧਵਾਂ)