ਸਿੰਗਲਾ ਦੀ ਮਿਸਾਲ ਨੇ ਸਾਹਮਣੇ ਲਿਆਂਦਾ ਮਾਨ ਸਰਕਾਰ ’ਚ ਭਿ੍ਰਸ਼ਟਾਚਾਰ : ਅਸ਼ਵਨੀ ਸ਼ਰਮਾ

ਏਜੰਸੀ

ਖ਼ਬਰਾਂ, ਪੰਜਾਬ

ਸਿੰਗਲਾ ਦੀ ਮਿਸਾਲ ਨੇ ਸਾਹਮਣੇ ਲਿਆਂਦਾ ਮਾਨ ਸਰਕਾਰ ’ਚ ਭਿ੍ਰਸ਼ਟਾਚਾਰ : ਅਸ਼ਵਨੀ ਸ਼ਰਮਾ

image

ਚੰਡੀਗੜ੍ਹ, 24 ਮਈ (ਸੁਰਜੀਤ ਸਿੰਘ ਸੱਤੀ): ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਪਣੀ ਸਰਕਾਰ ਦੇ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਰਿਸ਼ਵਤ ਮੰਗਣ ਦੇ ਭਿ੍ਰਸ਼ਟਾਚਾਰ ਦੇ ਦੋਸ਼ਾਂ ਤਹਿਤ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕੀਤੇ ਜਾਣ ’ਤੇ ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀਂ ਲੈਂਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਰਕਾਰ ਬਣਨ ਤੋਂ 10 ਦਿਨਾਂ ਦੇ ਅੰਦਰ-ਅੰਦਰ ਪੰਜਾਬ ਵਿਚੋਂ ਭਿ੍ਰਸ਼ਟਾਚਾਰ ਨੂੰ ਖ਼ਤਮ ਹੋਣ ਦਾ ਦਾਅਵਾ ਕੀਤਾ ਸੀ। ਅਸ਼ਵਨੀ ਸ਼ਰਮਾ ਨੇ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਜੇਕਰ 10 ਦਿਨਾਂ ’ਚ ਭਿ੍ਰਸ਼ਟਾਚਾਰ ਖ਼ਤਮ ਹੋ ਗਿਆ ਸੀ ਤਾਂ ਭਿ੍ਰਸ਼ਟਾਚਾਰੀ ਅਤੇ ਉਹ ਵੀ ਮਾਨ ਸਰਕਾਰ ਦਾ ਕੈਬਨਿਟ ਮੰਤਰੀ 80 ਦਿਨਾਂ ਬਾਅਦ ਕਿਥੋਂ ਅਤੇ ਕਿਵੇਂ ਆਇਆ? ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਕੈਬਨਿਟ ਮੰਤਰੀ ਵਿਜੇ ਸਿੰਗਲਾ ਦਾ ਭਿ੍ਰਸ਼ਟਾਚਾਰ ਵਿੱਚ ਲਿਪਤ ਪਾਇਆ ਜਾਣਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਆਮ ਆਦਮੀ ਪਾਰਟੀ ਵਿਚ ਭਿ੍ਰਸ਼ਟਾਚਾਰ ਕਿਸ ਪੱਧਰ ’ਤੇ, ਕਿਸ ਹੱਦ ਤਕ ਅਤੇ ਕਿੰਨਾਂ ਫ਼ੈਲਿਆ ਹੋਇਆ ਹੈ।