ਪੰਜਾਬ ਸਰਕਾਰ ਨੇ ਗਰੁੱਪ-ਸੀ ਤੇ ਡੀ ਦੀਆਂ ਅਸਾਮੀਆਂ ਲਈ ਪੰਜਾਬੀ ਯੋਗਤਾ ਟੈਸਟ ਕੀਤਾ ਲਾਜ਼ਮੀ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ ਗਰੁੱਪ-ਸੀ ਤੇ ਡੀ ਦੀਆਂ ਅਸਾਮੀਆਂ ਲਈ ਪੰਜਾਬੀ ਯੋਗਤਾ ਟੈਸਟ ਕੀਤਾ ਲਾਜ਼ਮੀ

image

ਪੰਜਾਬੀ ਯੋਗਤਾ ਟੈਸਟ ’ਚ 50 ਫ਼ੀ ਸਦੀ ਅੰਕ ਲੈਣੇ ਜ਼ਰੂਰੀ

ਚੰਡੀਗੜ੍ਹ, 24 ਮਈ : ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਲਏ ਇਕ ਵੱਡੇ ਫ਼ੈਸਲੇ ਤਹਿਤ ਪੰਜਾਬ ਸਰਕਾਰ ਨੇ ਸੂਬਾ ਸਰਕਾਰ ਦੀਆਂ ਗਰੁੱਪ-ਸੀ ਅਤੇ ਡੀ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਨੂੰ ਸਬੰਧਤ ਅਸਾਮੀ ਵਾਸਤੇ ਨਿਰਧਾਰਤ ਭਰਤੀ ਪ੍ਰੀਖਿਆ ਤੋਂ ਇਲਾਵਾ ਪੰਜਾਬੀ ਯੋਗਤਾ ਪ੍ਰੀਖਿਆ ਘੱਟੋ-ਘੱਟ 50 ਫ਼ੀ ਸਦੀ ਅੰਕਾਂ ਨਾਲ ਪਾਸ ਕਰਨਾ ਲਾਜ਼ਮੀ ਕਰ ਦਿਤਾ ਹੈ। ਇਸ ਸਬੰਧੀ ਫ਼ੈਸਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਇਥੇ ਅਪਣੀ ਸਰਕਾਰੀ ਰਿਹਾਇਸ਼ ’ਤੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲਿਆ।
ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਭਗਵੰਤ ਮਾਨ ਨੇ ਕਿਹਾ ਕਿ ਹੁਣ ਗਰੁੱਪ-ਸੀ ਅਤੇ ਡੀ ਦੀਆਂ ਅਸਾਮੀਆਂ ਦੀ ਭਰਤੀ ਲਈ ਹਾਜ਼ਰ ਹੋਣ ਵਾਲੇ ਸਾਰੇ ਉਮੀਦਵਾਰਾਂ ਲਈ ਸਬੰਧਤ ਅਸਾਮੀਆਂ ਵਾਸਤੇ ਲੋੜੀਂਦੀ ਭਰਤੀ ਪ੍ਰੀਖਿਆ ਤੋਂ ਪਹਿਲਾਂ ਪੰਜਾਬੀ ਯੋਗਤਾ ਪ੍ਰੀਖਿਆ ਨੂੰ ਘੱਟੋ-ਘੱਟ 50 ਫ਼ੀ ਸਦੀ ਅੰਕਾਂ ਨਾਲ ਪਾਸ ਕਰਨਾ ਲਾਜ਼ਮੀ ਹੋਵੇਗਾ।  
ਇਸ ਦੌਰਾਨ ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ 26,454 ਅਸਾਮੀਆਂ ਲਈ ਵਿਆਪਕ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਵਿਚ ਗਰੁੱਪ ‘ਸੀ’ ਅਤੇ ‘ਡੀ’ ਅਸਾਮੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਮੀਟਿੰਗ ਵਿਚ ਮੁੱਖ ਸਕੱਤਰ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂ ਪ੍ਰਸਾਦ, ਪ੍ਰਮੁੱਖ ਸਕੱਤਰ ਉਚੇਰੀ ਸਿਖਿਆ ਤੇ ਭਾਸ਼ਾਵਾਂ ਜਸਪ੍ਰੀਤ ਤਲਵਾੜ ਅਤੇ ਰੋਜ਼ਗਾਰ ਉਤਪਤੀ ਦੇ ਸਕੱਤਰ ਕੁਮਾਰ ਰਾਹੁਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।