ਖਰੀਦਦਾਰੀ ਲਈ ਸ਼ਹਿਰ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਪੰਜ ਦਿਨ ਬਾਅਦ ਜਾਣਾ ਸੀ ਵਿਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਪਿਆਂ ਦਾ ਰੋ-ਰੋ ਬੁਰਾ

Bhupinder Singh

 

ਖਡੂਰ ਸਾਹਿਬ: ਕਸਬਾ ਖਡੂਰ ਸਾਹਿਬ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ 23 ਸਾਲਾ ਨੌਜਵਾਨ ਦੀ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਭੁਪਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਨੇ ਪੰਜ ਦਿਨਾਂ ਬਾਅਦ ਵਿਦੇਸ਼ ਜਾਣਾ ਸੀ ਅਤੇ ਉਹ ਆਪਣਾ ਕੁਝ ਜ਼ਰੂਰੀ ਸਮਾਨ ਲੈਣ ਲਈ ਅੱਜ ਖਡੂਰ ਸਾਹਿਬ ਤੋਂ ਕਸਬਾ ਜੰਡਿਆਲਾ ਗੁਰੂ ਨੂੰ ਜਾ ਰਿਹਾ ਸੀ।

ਜਦੋਂ ਉਹ ਪਿੰਡ ਤਖਤੂਚੱਕ ਦੇ ਅੱਡੇ ਨੇੜੇ ਪਹੁੰਚਿਆਂ ਤਾਂ ਉਸਦੀ ਸਵਿਫਟ ਕਾਰ ਬੇਕਾਬੂ ਹੋ ਕੇ ਰੁੱਖ ਨਾਲ ਜਾ ਟਕਰਾਈ। ਹਾਦਸਾ ਇੰਨ੍ਹਾਂ ਜਬਰਦਸਤ ਸੀ ਕਿ ਭੁਪਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਕਾਰ ਦੇ ਪਰਖਚੇ ਉੱਡ ਗਏ।

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਹੀ ਪੁੱਤਰ ਸਨ, ਜਿਨ੍ਹਾਂ ਵਿਚੋਂ ਇਕ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਅੱਜ ਸੜਕ ਹਾਦਸੇ ਨੇ ਉਨ੍ਹਾਂ ਦਾ ਦੂਸਰਾ ਪੁੱਤਰ ਵੀ ਨਿਗਲ ਲਿਆ।  ਨੌਜਵਾਨ ਦੀ ਮੌਤ ਦੀ ਖਬਰ ਮਿਲਣ ਤੋਂ  ਬਾਅਦ  ਪੂਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।