ਕੈਂਸਰ ਹਸਪਤਾਲ ਮੁੱਲਾਂਪੁਰ ’ਚ ਬੱਚਿਆਂ ਅਤੇ ਲੁਕੀਮੀਆ ਦੇ ਇਲਾਜ ਲਈ ਕੇਂਦਰ ਬਣਾਉਣ ਦਾ ਮਸਲਾ ਭਾਰਤ ਸਰਕਾਰ ਕੋਲ ਉਠਾਵਾਂਗੇ : ਭਗਵੰਤ ਮਾਨ

ਏਜੰਸੀ

ਖ਼ਬਰਾਂ, ਪੰਜਾਬ

ਕੈਂਸਰ ਹਸਪਤਾਲ ਮੁੱਲਾਂਪੁਰ ’ਚ ਬੱਚਿਆਂ ਅਤੇ ਲੁਕੀਮੀਆ ਦੇ ਇਲਾਜ ਲਈ ਕੇਂਦਰ ਬਣਾਉਣ ਦਾ ਮਸਲਾ ਭਾਰਤ ਸਰਕਾਰ ਕੋਲ ਉਠਾਵਾਂਗੇ : ਭਗਵੰਤ ਮਾਨ

image

ਚੰਡੀਗੜ੍ਹ, 24 ਮਈ: ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਵਿਖੇ ਮੈਡੀਸਿਟੀ ਵਿਚ ਬਣ ਰਹੇ 300 ਬਿਸਤਰਿਆਂ ਵਾਲੇ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ ਵਿੱਚ ਬੱਚਿਆਂ ਦੇ ਕੈਂਸਰ ਦੇ ਇਲਾਜ ਅਤੇ ਲੁਕੀਮੀਆ ਪੀੜਤਾਂ ਦੇ ਇਲਾਜ ਲਈ ਆਧੁਨਿਕ ਸਹੂਲਤਾਂ ਵਾਲਾ ਕੇਂਦਰ ਸ਼ੁਰੂ ਕਰਨ ਦੀ ਟਾਟਾ ਮੈਮੋਰੀਅਲ ਸੈਂਟਰ ਦੀ ਤਜਵੀਜ਼ ਨੂੰ ਮੰਨਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਭਰੋਸਾ ਦਿਤਾ ਕਿ ਇਸ ਦੀ ਛੇਤੀ ਮਨਜ਼ੂਰੀ ਲਈ ਉਹ ਨਿੱਜੀ ਤੌਰ ਉਤੇ ਇਹ ਮਸਲਾ ਭਾਰਤ ਸਰਕਾਰ ਕੋਲ ਉਠਾਉਣਗੇ। ਭਗਵੰਤ ਮਾਨ ਨੇ ਡਾਇਰੈਕਟਰ ਡਾ. ਰਾਜਿੰਦਰ ਬੜਵੇ ਦੀ ਅਗਵਾਈ ਹੇਠਲੇ ਟਾਟਾ ਮੈਮੋਰੀਅਲ ਸੈਂਟਰ (ਟੀ.ਐਮ.ਸੀ.) ਦੇ ਵਫ਼ਦ ਨੂੰ ਇਹ ਭਰੋਸਾ ਆਪਣੇ ਸਰਕਾਰੀ ਆਵਾਸ ਉਤੇ ਮੁਲਾਕਾਤ ਦੌਰਾਨ ਦਿਤਾ।     
ਟੀ.ਐਮ.ਸੀ. ਦੀ ਇਸ ਨਿਵੇਕਲੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ, ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਉੱਤਰੀ ਭਾਰਤ ਦੇ ਆਪਣੀ ਤਰ੍ਹਾਂ ਦੇ ਇਸ ਪਹਿਲੇ ਕੈਂਸਰ ਪੀੜਤ ਬੱਚਿਆਂ ਅਤੇ ਲੁਕੀਮੀਆ ਪੀੜਤਾਂ ਦੇ ਇਲਾਜ ਲਈ ਅਤਿ-ਆਧੁਨਿਕ ਸਹੂਲਤ ਵਾਲੇ ਕੇਂਦਰ ਦੀ ਸ਼ੁਰੂਆਤ ਨਾਲ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰਾਖੰਡ, ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਮਰੀਜ਼ਾਂ ਨੂੰ ਮਿਆਰੀ ਇਲਾਜ ਸਹੂਲਤਾਂ ਮਿਲਣਗੀਆਂ।
ਇਸ ਵੱਕਾਰੀ ਪ੍ਰਾਜੈਕਟ ਦੇ ਨਿਰਮਾਣ ਦੀ ਸਥਿਤੀ ਤੋਂ ਮੁੱਖ ਮੰਤਰੀ ਨੂੰ ਜਾਣੂੰ ਕਰਵਾਉਂਦਿਆਂ ਡਾ. ਬੜਵੇ ਨੇ ਕਿਹਾ ਕਿ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ, ਮੁੱਲਾਂਪੁਰ ਮੁਕੰਮਲ ਹੋਣ ਦੇ ਨੇੜੇ ਹੈ ਅਤੇ ਇਸ ਦੇ ਇਸ ਵਰ੍ਹੇ ਅਗਸਤ ਤੱਕ ਪੂਰੀ ਤਰ੍ਹਾਂ ਕਾਰਜਸ਼ੀਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਆਧੁਨਿਕ ਕੈਂਸਰ ਇਲਾਜ ਸਹੂਲਤਾਂ ਵਾਲਾ 120 ਬਿਸਤਰਿਆਂ ਵਾਲਾ ਹੋਮੀ ਭਾਬਾ ਕੈਂਸਰ ਹਸਪਤਾਲ, ਸੰਗਰੂਰ ਪੂਰੀ ਤਰ੍ਹਾਂ ਕਾਰਜਸ਼ੀਲ ਹੈ ਅਤੇ ਦੱਖਣੀ ਪੰਜਾਬ ਦੇ ਨਾਲ-ਨਾਲ ਰਾਜਸਥਾਨ ਤੇ ਹਰਿਆਣਾ ਦੇ ਨੇੜਲੇ ਇਲਾਕਿਆਂ ਦੇ ਵਾਸੀਆਂ ਨੂੰ ਇਲਾਜ ਸਹੂਲਤਾਂ ਮੁਹੱਈਆ ਕਰ ਰਿਹਾ ਹੈ।
ਮੁੱਖ ਮੰਤਰੀ ਦੇ ਨਿੱਜੀ ਦਖ਼ਲ ਦੀ ਮੰਗ ਕਰਦਿਆਂ ਡਾ. ਬੜਵੇ ਨੇ ਅਪੀਲ ਕੀਤੀ ਕਿ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ (ਐਚ.ਬੀ.ਸੀ.ਐਚ.ਆਰ.ਸੀ.), ਮੁੱਲਾਂਪੁਰ ਦੇ ਰਹਿੰਦੇ ਨਿਰਮਾਣ ਕਾਰਜਾਂ ਵਿਚ ਤੇਜ਼ੀ ਲਿਆਉਣ ਦੇ ਨਾਲ-ਨਾਲ ਸੀਨੀਅਰ ਫੈਕਲਟੀ ਲਈ ਉਦੋਂ ਤੱਕ ਵਾਸਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇ, ਜਦੋਂ ਤੱਕ ਉਨ੍ਹਾਂ ਲਈ ਖ਼ੁਦ ਦਾ ਰਿਹਾਇਸ਼ੀ ਕੰਪਲੈਕਸ ਤਿਆਰ ਨਹੀਂ ਹੋ ਜਾਂਦਾ, ਜਿਸ ਵਿਚ ਘੱਟੋ-ਘੱਟ ਦੋ ਤੋਂ ਤਿੰਨ ਸਾਲ ਦਾ ਸਮਾਂ ਲੱਗ ਸਕਦਾ ਹੈ।
ਡਾ. ਬੜਵੇ ਨੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਸਾਡੀ ਮੈਨੇਜਮੈਂਟ ਨੇ ਮੁੱਲਾਂਪੁਰ ਹਸਪਤਾਲ ਦੀ ਫੌਰੀ ਸ਼ੁਰੂਆਤ ਦੀ ਮਨਜ਼ੂਰੀ ਲਈ ਪ੍ਰਧਾਨ ਮੰਤਰੀ ਦਫ਼ਤਰ ਨੂੰ ਪਹਿਲਾਂ ਹੀ ਅਪੀਲ ਕੀਤੀ ਹੋਈ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਛੇਤੀ ਮਨਜ਼ੂਰੀ ਦਾ ਕੇਸ ਅੱਗੇ ਵਧਾਉਣ ਲਈ ਇਹ ਮਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਨ੍ਹਾਂ ਕੋਲ ਪਰਮਾਣੂ ਊਰਜਾ ਮੰਤਰਾਲਾ ਵੀ ਹੈ, ਨਾਲ ਉਠਾਇਆ ਜਾਵੇ।
ਡਾ. ਬੜਵੇ ਦੀ ਅਪੀਲ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਬਿਨਾਂ ਕਿਸੇ ਹੋਰ ਦੇਰੀ ਤੋਂ ਇਹ ਹਸਪਤਾਲ ਮੁਕੰਮਲ ਕਰਨ ਲਈ ਇਹ ਮਸਲਾ ਨਿੱਜੀ ਤੌਰ ਉਤੇ ਸਬੰਧਤ ਅਧਿਕਾਰੀਆਂ ਕੋਲ ਚੁੱਕਣ ਅਤੇ ਹਸਪਤਾਲ ਦੇ ਸਟਾਫ਼ ਲਈ ਲੋੜੀਂਦੀ ਰਿਹਾਇਸ਼ ਦੇ ਪ੍ਰਬੰਧ ਲਈ ਗਮਾਡਾ ਨਾਲ ਤਾਲਮੇਲ ਕਰਨ ਵਾਸਤੇ ਆਪਣੇ ਵਧੀਕ ਮੁੱਖ ਸਕੱਤਰ ਨੂੰ ਕਿਹਾ। ਮੁੱਖ ਮੰਤਰੀ ਨੇ ਵਫ਼ਦ ਨੂੰ ਇਹ ਵੀ ਭਰੋਸਾ ਦਿੱਤਾ ਕਿ ਛੇਤੀ ਮਨਜ਼ੂਰੀ ਲਈ ਉਹ ਇਹ ਮਸਲਾ ਜਲਦੀ ਪ੍ਰਧਾਨ ਮੰਤਰੀ ਕੋਲ ਉਠਾਉਣਗੇ। 
        ਇਸ ਮੌਕੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂ ਪ੍ਰਸਾਦ, ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਹੁਸਨ ਲਾਲ ਤੋਂ ਇਲਾਵਾ ਡਾਇਰੈਕਟਰ ਐਚ.ਬੀ.ਸੀ.ਐਚ.ਆਰ.ਸੀ ਮੁੱਲਾਂਪੁਰ ਦੇ ਡਾਇਰੈਕਟਰ ਡਾ. ਡਿਵੀਟੀਆ, ਡਿਪਟੀ ਐਡਮਿਨ ਅਫ਼ਸਰ ਟੀ.ਐਮ.ਸੀ. ਬੀ.ਡੀ ਨਿਗਾਸੁਰ ਅਤੇ ਸਲਾਹਕਾਰ ਟੀ.ਐਮ.ਸੀ. ਨਿਸ਼ੂ ਸਿੰਘ ਗੋਇਲ ਹਾਜ਼ਰ ਸਨ।