CM ਭਗਵੰਤ ਮਾਨ ਦੀ ਸਾਬਕਾ CM ਨੂੰ ਖੁੱਲ੍ਹੀ ਚਿਤਾਵਨੀ, ਖਿਡਾਰੀ ਤੋਂ ਰਿਸ਼ਵਤ ਮੰਗਣ ਦੇ ਵੇਰਵੇ ਜਨਤਕ ਕਰਨ ਲਈ ਕਿਹਾ   

ਏਜੰਸੀ

ਖ਼ਬਰਾਂ, ਪੰਜਾਬ

ਨਹੀਂ ਤਾਂ ਮੈਂ ਖ਼ੁਦ ਪੰਜਾਬ ਸਾਹਮਣੇ ਪੂਰੀ ਜਾਣਕਾਰੀ ਸਾਂਝੀ ਕਰਾਂਗਾ   

CM Bhagwant Mann

 

ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਖੁੱਲ੍ਹੀ ਚਿਤਾਵਨੀ ਦਿੱਤੀ ਹੈ। ਸੀਐਮ ਮਾਨ ਨੇ ਟਵੀਟ ਕਰਕੇ ਚਰਨਜੀਤ ਚੰਨੀ ਨੂੰ ਆਪਣੇ ਭਤੀਜੇ ਵੱਲੋਂ ਖਿਡਾਰੀ ਤੋਂ ਪੈਸੇ ਮੰਗਣ ਬਾਰੇ ਜਾਣਕਾਰੀ ਜਨਤਕ ਕਰਨ ਲਈ ਕਿਹਾ ਹੈ। ਨਹੀਂ ਤਾਂ ਉਹ ਖ਼ੁਦ ਪੰਜਾਬ ਸਾਹਮਣੇ ਪੂਰੀ ਜਾਣਕਾਰੀ ਸਾਂਝੀ ਕਰਨਗੇ।   

ਮੁੱਖ ਮੰਤਰੀ ਨੇ ਟਵੀਟ ਕਰ ਕੇ ਲਿਖਿਆ ਕਿ ਮਾਣਯੋਗ ਚਰਨਜੀਤ ਚੰਨੀ ਜੀ ਮੈਂ ਆਦਰ ਸਹਿਤ ਤੁਹਾਨੂੰ 31 ਮਈ 2 ਵਜੇ ਤੱਕ ਆਪਣੇ ਭਤੀਜੇ-ਭਾਣਜੇ ਵੱਲੋਂ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਦਾ ਮੌਕਾ ਦਿੰਦਾ ਹਾਂ, ਨਹੀਂ ਫੇਰ 31 ਮਈ ਦੁਪਹਿਰ 2 ਵਜੇ ਮੈਂ ਫੋਟੋਆਂ, ਨਾਮ ਅਤੇ ਮਿਲਣ ਵਾਲੀ ਥਾਂ ਸਮੇਤ ਸਭ ਕੁੱਝ ਪੰਜਾਬੀਆਂ ਸਾਹਮਣੇ ਰੱਖਾਂਗਾ। 

ਮੁੱਖ ਮੰਤਰੀ ਭਗਵੰਤ ਮਾਨ ਨੇ 22 ਮਈ ਨੂੰ ਸੰਗਰੂਰ ਵਿਚ ਇੱਕ ਜਨਤਕ ਮੀਟਿੰਗ ਦੌਰਾਨ ਇਹ ਮੁੱਦਾ ਚੁੱਕਿਆ ਸੀ। ਸੀਐਮ ਮਾਨ ਨੇ ਕਿਹਾ ਸੀ ਕਿ ਪਿਛਲੇ ਹਫ਼ਤੇ ਉਹ ਆਈਪੀਐਲ ਫਰੈਂਚਾਇਜ਼ੀ ਪੰਜਾਬ ਕਿੰਗਜ਼ ਦੀ ਮਾਲਕਣ ਪ੍ਰਿਟੀ ਜ਼ਿੰਟਾ ਦੇ ਸੱਦੇ 'ਤੇ ਹਿਮਾਚਲ ਦੇ ਧਰਮਸ਼ਾਲਾ ਸਟੇਡੀਅਮ 'ਚ ਕ੍ਰਿਕਟ ਮੈਚ ਦੇਖਣ ਗਏ ਸਨ। ਉੱਥੇ ਉਹਨਾਂ ਦੀ ਮੁਲਾਕਾਤ ਇੱਕ ਖਿਡਾਰੀ ਨਾਲ ਹੋਈ ਜਿਸ ਨੇ ਦੱਸਿਆ ਕਿ ਉਹ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਵੇਲੇ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਨੌਕਰੀ ਲੈਣ ਗਿਆ ਸੀ। 

ਕੈਪਟਨ ਨੇ ਉਸ ਨੂੰ ਕਿਹਾ ਕਿ ਤੁਹਾਡਾ ਕੰਮ ਹੋ ਜਾਵੇਗਾ। ਇਸ ਦੌਰਾਨ ਕਾਂਗਰਸ ਨੇ ਕੈਪਟਨ ਨੂੰ ਹਟਾ ਦਿੱਤਾ ਅਤੇ ਚੰਨੀ ਮੁੱਖ ਮੰਤਰੀ ਬਣ ਗਏ। ਇਸ ਤੋਂ ਬਾਅਦ ਜਦੋਂ ਖਿਡਾਰੀ ਚੰਨੀ ਨੂੰ ਮਿਲਿਆ ਤਾਂ ਚੰਨੀ ਨੇ ਉਸ ਨੂੰ ਆਪਣੇ ਭਤੀਜੇ ਨੂੰ ਮਿਲਣ ਲਈ ਕਿਹਾ। ਮਾਨ ਅਨੁਸਾਰ ਜਦੋਂ ਖਿਡਾਰੀ ਚੰਨੀ ਦੇ ਭਤੀਜੇ ਨੂੰ ਮਿਲਿਆ ਤਾਂ ਉਸ ਨੇ ਕਿਹਾ ਕਿ ਦੋ ਲੱਗਣਗੇ। ਖਿਡਾਰੀ ਨੇ ਸੋਚਿਆ ਕਿ ਸ਼ਾਇਦ ਉਹ 2 ਲੱਖ ਰੁਪਏ ਕਹਿ ਰਹੇ ਹਨ। ਇਸ ਲਈ ਜਦੋਂ ਉਹ ਦੋ ਲੱਖ ਰੁਪਏ ਲੈ ਕੇ ਪਹੁੰਚਿਆ ਤਾਂ ਚੰਨੀ ਦੇ ਭਤੀਜੇ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਉਸ ਮੁਤਾਬਕ ਦੋ ਮਤਲਬ ਦੋ ਕਰੋੜ ਰੁਪਏ ਸੀ।

ਮੁੱਖ ਮੰਤਰੀ ਮਾਨ ਦੇ ਦੋਸ਼ਾਂ ਤੋਂ ਬਾਅਦ ਹੀ ਚੰਨੀ ਚਮਕੌਰ ਸਾਹਿਬ ਦੇ ਗੁਰਦੁਆਰਾ ਕਤਲਗੜ੍ਹ ਸਾਹਿਬ ਪੁੱਜੇ ਸਨ। ਉੱਥੇ ਅਰਦਾਸ ਕਰਦੇ ਹੋਏ ਉਨ੍ਹਾਂ ਕਿਹਾ ਸੀ- ਅੱਜ ਮਾਨ ਨੇ ਮੇਰੇ 'ਤੇ ਗੰਭੀਰ ਦੋਸ਼ ਲਗਾਏ ਹਨ, ਇਸ ਲਈ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਿੱਥੇ ਜਾ ਕੇ ਆਪਣੇ ਮਨ ਦੀ ਗੱਲ ਕਰਾਂ। ਇਸੇ ਲਈ ਸ਼ਹੀਦਾਂ ਦੀ ਧਰਤੀ ਚਮਕੌਰ ਸਾਹਿਬ ਦੇ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਆ ਕੇ ਅਰਦਾਸ ਕਰ ਰਿਹਾ ਹਾਂ।   

ਜੇ ਮੈਂ ਕਿਸੇ ਤੋਂ ਇੱਕ ਪੈਸਾ ਵੀ ਲਿਆ ਹੋਵੇ, ਤਾਂ ਮੇਰਾ ਕੁੱਝ ਨਾ ਰਹੇ। ਸੂਬੇ ਦੇ ਮੁੱਖ ਮੰਤਰੀ ਨੇ ਮੇਰੇ ਪਿੱਛੇ ਵਿਜੀਲੈਂਸ ਲਗਾ ਦਿੱਤੀ ਹੈ। ਉਹ ਮੈਨੂੰ ਕਿਸੇ ਵੀ ਤਰੀਕੇ ਨਾਲ ਜੇਲ੍ਹ ਵਿਚ ਬੰਦ ਕਰਨਾ ਚਾਹੁੰਦੇ ਹਨ। ਮਾਈਨਿੰਗ ਮਾਮਲੇ ਨੂੰ ਲੈ ਕੇ ਈਡੀ ਦੇ ਚੁੰਗਲ 'ਚ ਫਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਤੀਜਾ ਹੁਣ ਮੁੜ ਸੁਰਖੀਆਂ 'ਚ ਆ ਗਿਆ ਹੈ। ਹੁਣ ਚੰਨੀ ਦੇ ਨਾਲ-ਨਾਲ ਉਨ੍ਹਾਂ ਦਾ ਭਤੀਜਾ ਹਨੀ ਵੀ ਮੁੱਖ ਮੰਤਰੀ ਦੀ ਰਾਡਾਰ 'ਤੇ ਹੈ। ਮੁੱਖ ਮੰਤਰੀ ਲਗਭਗ ਹਰ ਜਨਤਕ ਮੀਟਿੰਗ ਵਿਚ ਹਨੀ ਦਾ ਜ਼ਿਕਰ ਕਰਦੇ ਹਨ। ਹੁਣ ਜਿਸ ਨਵੀਂ ਨੌਕਰੀ 'ਚ ਉਸ 'ਤੇ ਪੈਸੇ ਮੰਗਣ ਦੇ ਦੋਸ਼ ਲੱਗੇ ਹਨ, ਉਸ 'ਚ ਉਸ ਦਾ ਨਾਂ ਵੀ ਸਾਹਮਣੇ ਆਇਆ ਹੈ।