ਬਹਿਬਲ ਗੋਲੀਕਾਂਡ : ਵਕੀਲ ਸੁਹੇਲ ਸਿੰਘ ਬਰਾੜ ਤੇ ਪੰਕਜ ਬਾਂਸਲ 14 ਦਿਨਾਂ ਲਈ ਜੇਲ ਭੇਜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਦਾਲਤ ’ਚ ਪੇਸ਼ ਕਰਨ ਦੀ ਵੀਡੀਉ ਕਾਨਫ਼ਰੰਸ ਰਾਹੀਂ ਨੇਪਰੇ ਚੜ੍ਹੀ ਕਾਰਵਾਈ!

File

ਕੋੋਟਕਪੂਰਾ, 24 ਜੂਨ (ਗੁਰਿੰਦਰ ਸਿੰਘ) : ਬਹਿਬਲ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ. ਵਲੋਂ ਅੱਜ ਪੁਲਿਸ ਰਿਮਾਂਡ ਪੂਰਾ ਹੋਣ ਉਪਰੰਤ ਨੌਜਵਾਨ ਵਕੀਲ ਸੁਹੇਲ ਸਿੰਘ ਬਰਾੜ ਅਤੇ ਪੰਕਜ ਮੋਟਰਜ਼ ਦੇ ਐਮ.ਡੀ. ਪੰਕਜ ਬਾਂਸਲ ਨੂੰ ਡਿਊਟੀ ਮੈਜਿਸਟ੍ਰੇਟ ਹਰਵਿੰਦਰ ਸਿੰਘ ਸਿੰਧੀਆ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੇ ‘ਐਸ.ਆਈ.ਟੀ.’ ਵਲੋਂ ਹੋਰ ਪੁਲਿਸ ਰਿਮਾਂਡ ਨਾ ਮੰਗਣ ਕਰ ਕੇ ਅਦਾਲਤ ਨੇ ਉਕਤਾਨ ਨੂੰ 8 ਜੁਲਾਈ ਤਕ ਜੇਲ ਭੇਜਣ ਦਾ ਹੁਕਮ ਸੁਣਾਇਆ। ਦਸਤਾਵੇਜਾਂ ਦੀ ਪ੍ਰਕਿਰਿਆ ਅਦਾਲਤ ਦੇ ਬਾਹਰ ਹੀ ਹੋਈ ਅਤੇ ਉਕਤਾਨ ਦੇ ਵਕੀਲਾਂ ਨੇ ਵੀ ਵੀਡੀਉ ਕਾਨਫ਼ਰੰਸ ਰਾਹੀਂ ਗੱਲਬਾਤ ਕੀਤੀ। ਭਾਵੇਂ ‘ਐਸ.ਆਈ.ਟੀ.’ ਵਲੋਂ ਇਕ ਡੀ.ਐਸ.ਪੀ. ਦੀ ਅਗਵਾਈ ’ਚ ਟੀਮ ਵੀ ਪੁੱਜੀ ਹੋਈ ਸੀ। ‘ਸੁਹੇਲ ਸਿੰਘ ਬਰਾੜ’ ਅਤੇ ‘ਪੰਕਜ ਬਾਂਸਲ’ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੀ ਰਖਿਆ ਗਿਆ। 

ਜ਼ਿਕਰਯੋਗ ਹੈ ਕਿ ਇਕ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਉਸ ਦਾ ‘ਕੋਰੋਨਾ’ ਟੈਸਟ ਪਾਜ਼ੇਟਿਵ ਆਉਣ ਕਰ ਕੇ ਜੱਜ ਸੁਰੇਸ਼ ਕੁਮਾਰ, 7 ਸਟਾਫ਼ ਮੈਂਬਰਾਂ ਅਤੇ ਵਕੀਲ ਰਜਿੰਦਰ ਸਿੰਘ ਮਚਾਕੀ ਨੂੰ ਇਕਾਂਤਵਾਸ ਕਰਨ ਦੀ ਵਾਪਰੀ ਘਟਨਾ ਤੋਂ ਬਾਅਦ ਅਦਾਲਤ ’ਚ ਉਕਤ ਪੇਸ਼ੀ ਵੀਡੀਉ ਕਾਨਫ਼ਰੰਸ ਰਾਹੀਂ ਹੋਈ। 
ਬੇਅਦਬੀ ਕਾਂਡ ਤੋਂ ਬਾਅਦ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਿਸੀਆ ਅੱਤਿਆਚਾਰ ਦੀ ਕਹਾਣੀ ਨੂੰ ਬਦਲਦਿਆਂ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਬਹਿਬਲ ਕਲਾਂ ’ਚ ਪਹਿਲਾਂ ਧਰਨਾਕਾਰੀਆਂ ਨੇ ਪੁਲਿਸ ਉਪਰ ਗੋਲੀ ਚਲਾਈ ਤੇ ਜਵਾਬੀ ਗੋਲੀ ’ਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਕੁੱਝ ਹੋਰ ਜ਼ਖ਼ਮੀ ਹੋ ਗਏ।

ਐਸ.ਆਈ.ਟੀ. ਨੇ ਮੌਕੇ ਦੇ ਗਵਾਹਾਂ ਦੇ ਬਿਆਨ ਨੋਟ ਕਰ ਕੇ ਤਫ਼ਤੀਸ਼ ਕਰਨ ਤੋਂ ਬਾਅਦ ਅਸਲੀਅਤ ਸਾਹਮਣੇ ਲਿਆਂਦੀ ਕਿ ਧਰਨਾਕਾਰੀਆਂ ਕੋਲ ਕਿਸੇ ਪ੍ਰਕਾਰ ਦਾ ਕੋਈ ਅਸਲਾ ਨਹੀਂ ਸੀ। ਪੁਲਿਸ ਨੇ ਖ਼ੁਦ ਜਿਪਸੀ ਉੱਪਰ ਗੋਲੀਆਂ ਚਲਾਈਆਂ। ਧਰਨਾਕਾਰੀਆਂ ਨੂੰ ਦੋਸ਼ੀ ਸਿੱਧ ਕਰਨ ਲਈ ਸੁਹੇਲ ਸਿੰਘ ਬਰਾੜ ਦੇ ਘਰ ਪੁਲਿਸ ਦੀ ਉਕਤ ਜਿਪਸੀ ਉਪਰ ਐਸ.ਪੀ. ਬਿਕਰਮਜੀਤ ਸਿੰਘ ਨੇ ਖ਼ੁਦ ਗੋਲੀਆਂ ਮਾਰੀਆਂ, ਪੰਕਜ ਬਾਂਸਲ ਦੇ ਕਹਿਣ ’ਤੇ ਉਸ ਦੇ ਮੈਨੇਜਰ ਸੰਜੀਵ ਕੁਮਾਰ ਨੇ ਗੰਨਮੈਨ ਚਰਨਜੀਤ ਸਿੰਘ ਦੀ ਬੰਦੂਕ ਬਿਕਰਮਜੀਤ ਸਿੰਘ ਦੇ ਹਵਾਲੇ ਕੀਤੀ, ਇਹ ਤੱਥ ਐਸ.ਆਈ.ਟੀ. ਵਲੋਂ ਅਪਣੀ ਚਲਾਨ ਰਿਪੋਰਟ ’ਚ ਅਦਾਲਤ ਦੇ ਸਪੁਰਦ ਕੀਤੇ ਜਾ ਚੁਕੇ ਹਨ।