ਕੈਪਟਨ ਸਰਕਾਰ ਨੇ ਛੇਵੇਂ ਪੇਅ ਕਮਿਸ਼ਨ ਦੀ ਮਿਆਦ ਮੁੜ ਵਧਾਈ
ਹੁਣ ਆਖ਼ਰੀ ਸਾਲ ’ਚ ਹੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਚ ਵਾਧਾ ਸੰਭਵ
ਚੰਡੀਗੜ੍ਹ, 24 ਜੂਨ (ਗੁਰਉਪਦੇਸ਼ ਭੁੱਲਰ) : ਕੈਪਟਨ ਸਰਕਾਰ ਨੇ ਪੰਜਾਬ ਦੇ 6ਵੇਂ ਪੇ ਕਮਿਸ਼ਨ ਦੀ ਮਿਆਦ ਇਕ ਵਾਰ ਮੁੜ ਵਧਾ ਦਿਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਮਿਸ਼ਨ ਦੀ ਮਿਆਦ ਪਿਛਲੇ ਸਮੇਂ ਦੌਰਾਨ ਕਈ ਵਾਰ ਵਧਾਈ ਜਾ ਚੁਕੀ ਹੈ। ਇਹ ਕਮਿਸ਼ਨ ਅਕਾਲੀ ਭਾਜਪਾ ਸਰਕਾਰ ਅਪਣੇ ਆਖ਼ਰੀ ਸਮੇਂ ਵਿਚ ਗਠਤ ਕਰ ਗਈ ਸੀ ਜਿਸ ਦੇ ਚੇਅਰਮੈਨ ਸਾਬਕਾ ਮੁੱਖ ਸਕੱਤਰ ਜੈ ਸਿੰਘ ਗਿੱਲ ਨੂੰ ਬਣਾਇਆ ਗਿਆ ਸੀ।
ਪਿਛਲੇ ਬਜਟ ਸੈਸ਼ਨ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਇਸੇ ਸਾਲ ਦੌਰਾਨ ਪੇ ਕਮਿਸ਼ਨ ਸਿਫ਼ਾਰਸ਼ਾਂ ਦੇ ਦੇਵੇਗਾ ਤੇ ਇਨ੍ਹਾਂ ਨੂੰ ਲਾਗੂ ਕੀਤਾ ਜਾਵੇਗਾ ਪਰ ਹੁਣ ਕੋਰੋਨਾ ਮਹਾਂਮਾਰੀ ਦੇ ਚਲਦੇ ਪੈਦਾ ਹੋਈ ਵਿੱਤੀ ਸੰਕਟ ਕਾਰਨ ਸਥਿਤੀ ਬਦਲ ਗਈ ਹੈ। ਅੱਜ ਸੂਬਾ ਸਰਕਾਰ ਵਲੋਂ ਮੁੱਖ ਸਕੱਤਰ ਨੇ ਜਾਰੀ ਕੀਤੇ ਨੋਟੀਫ਼ੀਕੇਸ਼ਨ ਨੇ ਕਮਿਸ਼ਨ ਦੀ ਮਿਆਦ 31 ਦਸੰਬਰ 2020 ਤਕ ਵਧਾਈ ਹੈ। ਇਸ ਤੋਂ ਸਾਫ਼ ਹੈ ਕਿ ਹੁਣ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿਚ ਵਾਧਾ ਸਰਕਾਰ ਦੇ ਆਖ਼ਰੀ ਸਾਲ ਵਿਚ ਹੀ ਸੰਭਵ ਹੈ।