ਕੋਰੋਨਾ ਮਰੀਜ਼ਾਂ ਨੂੰ ਟੈਸਟਾਂ ਲਈ ਕੋਵਿਡ ਸੈਂਟਰਾਂ ’ਤੇ ਲਾਜ਼ਮੀ ਜਾਂਚ ਕਰਵਾਉਣ ਦਾ ਹੁਕਮ
ਸਿਸੋਦੀਆ ਨੇ ਅਮਿਤ ਸ਼ਾਹ ਨੂੰ ਉਪ ਰਾਜਪਾਲ ਦਾ ਹੁਕਮ ਰੱਦ ਕਰਨ ਦੀ ਕੀਤੀ ਅਪੀਲ
ਨਵੀਂ ਦਿੱਲੀ, 24 ਜੂਨ (ਅਮਨਦੀਪ ਸਿੰਘ) : ਦਿੱਲੀ ਦੇ ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿੱਖ ਕੇ ਮੰਗ ਕੀਤੀ ਹੈ ਕਿ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਦੇ ਉਸ ਹੁਕਮ ਨੂੰ ਤੁਰਤ ਰੱਦ ਕੀਤਾ ਜਾਵੇ, ਜਿਸ ਮੁਤਾਬਕ ਹਰੇਕ ਕਰੋਨਾ ਮਰੀਜ਼ ਨੂੰ ਕੋਵਿਡ ਸੈਂਟਰ ਵਿਖੇ ਜਾ ਕੇ ਟੈਸਟ ਕਰਵਾਉਣਾ ਲਾਜ਼ਮੀ ਕਰ ਦਿਤਾ ਗਿਆ ਹੈ, ਇਸ ਹੁਕਮ ਨਾਲ ਦਿੱਲੀ ਦੀਆਂ ਸਿਹਤ ਸੇਵਾਵਾਂ ਲੜਖੜਾ ਰਹੀਆਂ ਹਨ।
ਜਦੋਂ ਕਿ ਹੁਣ ਤੱਕ ਜਿਸ ਵੀ ਮਰੀਜ਼ ਨੂੰ ਕਰੋਨਾ ਹੋ ਜਾਂਦਾ ਸੀ ਤਾਂ ਮੈਡੀਕਲ ਟੀਮ ਉਸ ਦੇ ਘਰ ਵਿਖੇ ਜਾ ਕੇ, ਜੇ ਉਸ ਦੇ ਹੱਲਕੇ ਲੱਛਣ ਹਨ ਤਾਂ ਉਸਨੂੰ ਘਰ ਵਿਚ ਹੀ ਰਹਿਣ ਲਈ ਆਖ ਦਿਤਾ ਜਾਂਦਾ ਹੈ ਤੇ ਜਿਨ੍ਹਾਂ ਮਰੀਜ਼ਾਂ ਨੂੰ ਹਸਪਤਾਲ ਵਿਖੇ ਲਿਜਾਉਣ ਦੀ ਲੋੜ ਹੈ, ਉਨ੍ਹਾਂ ਨੂੰ ਹਸਪਤਾਲ ਵਿਖੇ ਲੈ ਜਾਇਆ ਜਾਂਦਾ ਹੈ, ਜਾਂ ਜਿਨ੍ਹਾਂ ਦੇ ਘਰ ਵਿਚ ਵੱਖਰਾ ਰਹਿਣ ਦਾ ਇੰਤਜ਼ਾਮ ਨਹੀਂ, ਉਨ੍ਹਾਂ ਨੂੰ ਕੋਵਿਡ ਸੈਂਟਰ ਵਿਖੇ ਭੇਜ ਦਿਤਾ ਜਾਂਦਾ ਹੈ।
ਉਨ੍ਹਾਂ ਕਿਹਾ, ਪਹਿਲਾਂ ਵੀ ਉਪ ਰਾਜਪਾਲ ਨੇ ਕਰੋਨਾ ਮਰੀਜ਼ਾਂ ਨੂੰ ਕੋਵਿਡ ਸੈਂਟਰ ਵਿਖੇ 5 ਦਿਨ ਲਾਜ਼ਮੀ ਰਹਿਣ ਦੇ ਹੁਕਮ ਦਿਤੇ ਸਨ ਜਿਸਨੂੰ ਗ੍ਰਹਿ ਮੰਤਰੀ ਨੇ ਪਲਟ ਦਿਤਾ ਸੀ। ਹੁਣ ਜਿਨ੍ਹਾਂ ਮਰੀਜ਼ਾਂ ਨੂੰ 99, 100 ਜਾਂ 103 ਬੁਖ਼ਾਰ ਹੁੰਦਾ ਹੈ ਉਨ੍ਹਾਂ ਨੂੰ ਵੀ ਪਹਿਲਾਂ ਕੋਵਿਡ ਸੈਂਟਰ ਵਿਖੇ ਲਾਜ਼ਮੀ ਚੈੱਕਅੱਪ ਕਰਵਾਉਣ ਲਈ ਜਾਣਾ ਪੈ ਰਿਹਾ ਹੈ ਇਸ ਨਾਲ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ।
ਕਲ ਹੀ ਦਿੱਲੀ ਵਿਚ 4 ਹਜ਼ਾਰ ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਸਨ ਤੇ ਹਰ ਰੋਜ਼ 3 ਤੋਂ 4 ਹਜ਼ਾਰ ਕਰੋਨਾ ਮਰੀਜ਼ ਸਾਹਮਣੇ ਆ ਰਹੇ ਹਨ, ਅਜਿਹੇ ਵਿਚ ਉਪ ਰਾਜਪਾਲ ਵਲੋਂ ਲਾਗੂ ਕੀਤਾ ਗਿਆ ਨਵਾਂ ਸਿਸਟਮ ਰੌੜਾ ਬਣ ਰਿਹਾ ਹੈ ਤੇ ਬੱਸਾਂ ਵਿਚ ਭਰ ਕੇ, ਮਰੀਜ਼ਾਂ ਨੂੰ ਪਹਿਲਾਂ ਟੈਸਟਾਂ ਲਈ ਕੋਵਿਡ ਸੈਂਟਰਾਂ ਵਿਖੇ ਲਿਜਾਉਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ, ”ਮੈਂ ਇਸ ਹੁਕਮ ਨੂੰ ਰੱਦ ਕਰਨ ਬਾਰੇ ਉਪ ਰਾਜਪਾਲ ਨੂੰ ਚਿੱਠੀ ਭੇਜੀ ਸੀ ਕਿ ਤੁਰਤ ਸੂਬਾ ਪੱਧਰੀ ਆਫ਼ਤ ਰੋਕੂ ਪ੍ਰਬੰਧਕੀ ਅਥਾਰਟੀ ਦੀ ਮੀਟਿੰਗ ਸੱਦ ਕੇ ਇਸ ਹੁਕਮ ਨੂੰ ਬਦਲਿਆ ਜਾਵੇ, ਪਰ 2 ਦਿਨ ਹੋ ਚੁਕੇ ਹਨ, ਉਨ੍ਹਾਂ ਕੋਈ ਜਵਾਬ ਨਹੀਂ ਦਿਤਾ। ਇਸ ਲਈ ਹੁਣ ਅਮਿਤ ਸ਼ਾਹ ਜੀ ਨੂੰ ਚਿੱਠੀ ਲਿਖ ਕੇ ਇਸ ਹੁਕਮ ਨੂੰ ਰੱਦ ਕਰ ਕੇ ਪਹਿਲਾਂ ਵਾਲੇ ਸਿਸਟਮ ਮੁਤਾਬਕ ਹੀ ਕਰੋਨਾ ਦੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਘਰਾਂ ਵਿਚ ਹੀ ਵੱਖਰਾ ਰਹਿਣ ਦਾ ਅਮਲ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਨਹੀਂ ਤਾਂ ਦਿੱਲੀ ਵਿਚ ਹਾਹਾਕਾਰ ਮਚ ਜਾਵੇਗਾ।”