ਸਕੂਲ ਸਿਖਿਆ ਵਿਭਾਗ ਵਲੋਂ ਕੋਵਿਡ-19 ਬਾਰੇ ਵਿਦਿਆਰਥੀਆਂ ਨੂੰ ਜਾਗੂਰਕ ਕਰਨ ਦੀ ਮੁਹਿੰਮ ਤੇਜ਼
ਨਾਹਰਿਆਂ ਤੇ ਸਲੋਗਨਾਂ ਨਾਲ ਬੱਚਿਆਂ ਨੂੰ ਪ੍ਰੇਰਤ ਕਰਨ ’ਤੇ ਜ਼ੋਰ
ਚੰਡੀਗੜ੍ਹ, 24 ਜੂਨ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਸਕੂਲ ਸਿਖਿਆ ਵਿਭਾਗ ਨੇ ਕੋਵਿਡ-19 ਮਹਾਂਮਾਰੀ ਬਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪੋਸਟਰਾਂ ਰਾਹੀਂ ਜਾਗੂਰਕ ਕਰਨ ਲਈ ਵੱਡੀ ਪੱਧਰ ’ਤੇ ਆਰੰਭੀ ਮੁਹਿੰਮ ਨੂੰ ਹੋਰ ਤੇਜ਼ ਕਰ ਦਿਤਾ ਹੈ ਅਤੇ ਇਸ ਕਾਰਜ ਵਿਚ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕ ਸਰਗਰਮੀ ਨਾਲ ਲੱਗੇ ਹੋਏ ਹਨ।
ਇਸ ਬਾਰੇ ਸਿਖਿਆ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਸਕੂਲ ਸਿਖਿਆ ਸਕੱਤਰ ਕਿਸ਼ਨ ਕੁਮਾਰ ਦੀ ਪ੍ਰੇਰਨਾ ਨਾਲ ਸੂਬਾ ਭਰ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ‘ਮਿਸ਼ਨ ਫ਼ਤਿਹ’ ਤਹਿਤ ਨਾਹਰਿਆਂ ਅਤੇ ਸਲੋਗਨਾਂ ਨਾਲ ਸਜਾਏ ਪੋਸਟਰਾਂ ਰਾਹੀਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਉਨ੍ਹਾਂ ਦੇ ਵਿਵਹਾਰ ਵਿਚ ਸਕਾਰਾਤਮਕ ਤਬਦੀਲੀ ਲਿਆਉਣ ਵਿਚ ਲੱਗੇ ਹੋਏ ਹਨ। ਇਸ ਦੌਰਾਨ ਬਣਾਏ ਗਏ ਇਕ ਸੁੰਦਰ ਪੋਸਟਰ ਵਿਚ ‘ਜ਼ਿੰਦਗੀ ਦੀ ਕਿਸ਼ਤੀ ਧਿਆਨ ਨਾਲ ਚਲਾਉ, ਹਮੇਸ਼ਾਂ ਦੋ ਗਜ਼ ਦੀ ਦੂਰੀ ਅਪਣਾਉ’ ਦਾ ਸਲੋਗਨ ਦਿਤਾ ਗਿਆ ਹੈ।
ਇਸੇ ਤਰ੍ਹਾਂ ਪੋਸਟਰ ਵਿਚ ‘ਬਦਲ ਕੇ ਅਪਣਾ ਵਿਹਾਰ, ਕਰਾਂਗੇ ਕੋਰੋਨਾ ਉਤੇ ਵਾਰ’ ਦਾ ਨਾਹਰਾ ਦਿਤਾ ਗਿਆ ਹੈ। ਇਕ ਹੋਰ ਪੋਸਟਰ ਵਿਚ ‘ਕੋਰੋਨਾ ਨੂੰ ਨਾਂਹ, ਜ਼ਿੰਦਗੀ ਨੂੰ ਹਾਂ’ ਦੀ ਸਿਖਿਆ ਦਿਤੀ ਗਈ ਹੈ। ਇਸ ਤਰ੍ਹਾਂ ਹੀ ਇਕ ਹੋਰ ਬਹੁਤ ਸੁੰਦਰ ਪੋਸਟਰ ਵਿਚ ਬਚਿਆਂ ਨੂੰ ਇਹ ਕਹਿੰਦੇ ਦਿਖਾਇਆ ਗਿਆ ਹੈ ‘ਨਾਲ ਕੋਰੋਨਾ ਲੜ ਰਹੇ ਹਾਂ, ਅਸੀਂ ਘਰ ਬੈਠੇ ਹੀ ਪੜ੍ਹ ਰਹੇ ਹਾਂ’। ਇਸ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਪੋਸਟਰਾਂ ਰਾਹੀਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਮਹਾਂਮਾਰੀ ਤੋਂ ਜਾਗਰੂਕ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਜ਼ਿੰਦਗੀ ਪ੍ਰਤੀ ਉਤਸ਼ਾਹ ਰੱਖਣ ਲਈ ਵੀ ਪ੍ਰੇਰਿਆ ਜਾ ਰਿਹਾ ਹੈ
ਤਾਂ ਜੋ ਇਸ ਸੰਕਟ ਸਮੇਂ ਉਹ ਆਪਣਾ ਮਨੋਬਲ ਬਣਾਈ ਰੱਖਣ। ਬੁਲਾਰੇ ਅਨੁਸਾਰ ਇਹ ਪੋਸਟਰ ਬਣਾਉਣ ਲਈ ਆਈ.ਟੀ. ਦੀ ਮੁਹਾਰਤ ਵਾਲੇ ਅਧਿਆਪਕਾਂ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ। ਇਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਬੱਚਿਆਂ, ਮਾਪਿਆਂ ਅਤੇ ਹੋਰ ਲੋਕਾਂ ਨੂੰ ਪਹੁੰਚਾਉਣ ਤੋਂ ਇਲਾਵਾ ਇਨ੍ਹਾਂ ਦੀਆਂ ਕਾਪੀਆਂ ਵੀ ਬੱਚਿਆਂ ਨੂੰ ਮੁਹਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਉਹ ਇਨ੍ਹਾਂ ਨੂੰ ਅਪਣੇ ਘਰਾਂ ਵਿਚ ਚਿਪਕਾ ਸਕਣ। ਬੁਲਾਰੇ ਅਨੁਸਾਰ ਸਿਖਿਆ ਵਿਭਾਗ ਦੇ ਇਸ ਉਪਰਾਲੇ ਨੇ ਆਮ ਲੋਕ ਨੂੰ ਬਹੁਤ ਜ਼ਿਆਦਾ ਪ੍ਰਭਾਵਤ ਕੀਤਾ ਹੈ ਅਤੇ ਲੋਕਾਂ ਵਲੋੋਂ ਅਧਿਆਪਕਾਂ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਜਾ ਰਹੀ ਹੈ