ਬਾਦਲਾਂ ਵਿਰੁੱਧ ਪੰਥਕ ਸਿਆਸਤ ਵਿਚ ਧਮਾਕਾ ਹੋਣ ਦੀ ਸੰਭਾਵਨਾ
ਅੰਦਰਖਾਤੇ ਬਾਦਲਾਂ ਤੋਂ ਦੁੱਖੀ ਲੀਡਰਸ਼ਿਪ ਸੁਖਦੇਵ ਸਿੰਘ ਢੀਂਡਸਾ ਦੇ ਸੰਪਰਕ ਵਿਚ
ਅੰਮਿ੍ਰਤਸਰ 24 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ) : ਅਕਾਲੀ ਦਲ 1920, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਸਮੇਤ ਹਮ-ਖ਼ਿਆਲੀ ਪਾਰਟੀਆਂ ਦਾ ਰਲੇਵਾਂ ਕਰਨ ਲਈ ਇਕ ਸੰਗਠਨ ਬਣਾਉਣ ਜਾ ਰਹੇ ਹਨ ਜੋ ਬਾਦਲਾਂ ਦੇ ਵਿਰੁੱਧ ਹੋਵੇਗਾ ਤੇ ਪੰਜਾਬ ਵਿਚ ਲੋਕਤੰਤਰੀ ਤੇ ਪੰਥਕ ਸਿਆਸਤ ਵਿਚ ਧਮਾਕਾ ਹੋਵੇਗਾ। ਸੂਤਰਾਂ ਮੁਤਾਬਕ ਬਾਦਲਾਂ ਦੇ ਪਰਵਾਰਵਾਦ ਤੋਂ ਪੀੜਤ ਸਿੱਖ ਸ਼੍ਰੋਮਣੀ ਅਕਾਲੀ ਦਲ (ਬ) ਦਾ ਸਾਥ ਛੱਡ ਜਾਵੇਗਾ। ਸੁਖਦੇਵ ਸਿੰਘ ਢੀਂਡਸਾ ਪਿਛਲੇ ਕਾਫ਼ੀ ਸਮੇਂ ਤੋਂ ਅੰਦਰਖਾਤੇ ਬਾਦਲ ਵਿਰੋਧੀ ਲੀਡਰਸ਼ਿਪ ਕੋਲ ਜਾ ਰਹੇ ਹਨ। ਕੋਰੋਨਾ ਕਾਰਨ ਥੋੜੀ ਜਿਹੀ ਬਰੇਕ ਲਾਈ ਸੀ।
ਨਵਾਂ ਬਣ ਰਿਹਾ ਸਿਆਸੀ ਮੰਚ ਦਾ ਮੁੱਖ ਨਿਸ਼ਾਨਾ ਬਾਦਲਾਂ ਤੋਂ ਸ਼੍ਰੋਮਣੀ ਅਕਾਲੀ-ਦਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਾਦ ਹੋਂਦ ਮੁੜ ਬਰਕਰਾਰ ਕਰਨ ਦੇ ਨਾਲ ਨਾਲ ਸਿੱਖ ਮਸਲਿਆਂ ਦਾ ਹਲ ਕਰਵਾਉਣ ਲਈ ਹੁਕਮਰਾਨਾਂ ਕੋਲ ਪਹੁੰਚ ਕੀਤੀ ਜਾਵੇਗੀ। ਬਰਗਾੜੀ ਕਾਂਡ ਦੇ ਵੱਡੇ ਦੋਸ਼ੀ ਬੇਨਕਾਬ ਕਰਵਾਏ ਜਾਣਗੇ ਜੋ ਤਾਕਤ ਤੇ ਪਹੰੁਚ ਦੇ ਜ਼ੋਰ ਨਾਲ ਰਾਜਨੀਤੀ ਕਰ ਰਹੇ ਹਨ। ਸਿੱਖ ਹਲਕਿਆਂ ਮੁਤਾਬਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਉਣ ਲਈ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਦੇ ਨਾਲ-ਨਾਲ ਤਿੱਖਾ ਘੋਲ ਵੀ ਹੋਣ ਦੀ ਸੰਭਾਵਨਾ ਬਣ ਸਕਦੀ ਹੈ।
ਇਸ ਵੇਲੇ ਸਿਆਸੀ ਅਧਾਰ ’ਤੇ ਕੇਂਦਰ ਸਰਕਾਰ ਕੋਲ ਦਬਾਅ ਪਾ ਕੇ ਗੁਰਦਵਾਰਾ ਚੋਣ ਕਮਿਸ਼ਨ ਦਾ ਚੇਅਰਮੈਨ ਲਵਾਉਣਾ ਤੇ ਸ਼੍ਰੋਮਣੀ ਕਮੇਟੀ ਚੋਣ ਲਈ ਮਾਹੌਲ ਤਿਆਰ ਕਰਨਾ ਬੜਾ ਜ਼ਰੂਰੀ ਹੈ। ਨਵੇਂ ਸਿਆਸੀ ਮੰਚ ਦੀ ਕੋਸ਼ਿਸ਼ ਇਹੋ ਹੋਵੇਗੀ ਕਿ ਕੇਦਰ ਗ੍ਰਹਿ ਮੰਤਰੀ ਨੂੰ ਮਿਲ ਕੇ ਗੁਰਦਵਾਰਾ ਚੋਣ ਕਮਿਸ਼ਨ ਦੇ ਚੇਅਰਮੈਨ ਦੀ ਨਿਯੁਕਤੀ ਕਰਵਾਈ ਜਾਵੇਗੀ। ਦੂਸਰੇ ਪਾਸੇ ਬਾਦਲਾਂ ਦੀ ਭਾਈਵਾਲੀ ਭਾਜਪਾ ਨਾਲ ਹੋਣ ਕਰ ਕੇ ਮੋਦੀ ਸਰਕਾਰ ਬਾਦਲਾਂ ਦੀ ਪਿੱਠ ਪੂਰ ਰਹੀ ਹੈ। ਹਰਿਆਣੇ ਦੇ ਸਿੱਖ ਵੀ ਵੱਖਰੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮੰਗ ਕਰ ਰਹੇ ਹਨ
ਜਿਸ ਦਾ ਮਸਲਾ ਸੁਪਰੀਮ ਕੋਰਟ ’ਚ ਹੈ। ਇਹ ਵੀ ਪਤਾ ਲੱਗਾ ਹੈ ਕਿ ਅੰਦਰਖ਼ਾਤੇ ਭਾਜਪਾ ਹਾਈ ਕਮਾਂਡ ਦੇ ਕੁੱਝ ਮਤਭੇਦ ਬਾਦਲਾਂ ਨਾਲ ਵੀ ਹਨ, ਜਿਸ ਕਾਰਨ ਨਵੇਂ ਸਿੱਖ ਚਿਹਰੇ ਪੰਜਾਬ ’ਚ ਲੱਭ ਰਹੇ ਹਨ ਤਾਂ ਜੋ ਉਨ੍ਹਾਂ ੍ਰਦੀ ਮਰਜੀ ਮੁਤਾਬਕ ਹੀ ਸਰਕਾਰ ਤੇ ਸ਼੍ਰੋਮਣੀ ਕਮੇਟੀ ਦਾ ਗਠਨ ਹੋ ਸਕੇ। ਇਸ ਨੂੰ ਰੋਕਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਫ਼ਿਕਰਮੰਦ ਹੋਣ ’ਤੇ ਵੀ ਚਰਚੇ ਹਨ।
ਹੋਰ ਸੂਚਨਾ ਮੁਤਾਬਕ ਨਵਜੋਤ ਸਿੰਘ ਸਿੱਧੂ ’ਤੇ ਵੀ ਡੋਰੇ ਪਾਏ ਗਏ ਹਨ ਪਰ ਗੁਰੂ ਅਜੇ ਸਿਆਸੀ ਮਾਹੌਲ ਵੇਖ ਰਿਹਾ, ਪਰ ਉਹ ਪੱਤੇ ਨਹੀਂ ਖੋਲ ਰਿਹਾ। ਜਿਸ ਕਾਰਨ ਨਵੀਂ ਪਾਰਟੀ ਦੇ ਅੜਿਕੇ ਲਈ ਸਿੱਧੂ ਜ਼ਿੰਮੇਵਾਰ ਹੈ ਪਰ ਧਾਰਮਕ ਸਿਆਸਤ ਤੋਂ ਦੂਰ ਰਹਿ ਕੇ ਕੰਮ ਕਰਨਾ ਪਸੰਦ ਕਰੇਗਾ। ਚਰਚਾ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪਾਰਟੀ ਬਗ਼ਾਵਤ ਦਾ ਪਤਾ ਹੈ ਪਰ ਉਹ ਖਾਮੋਸ਼ ਚਲ ਰਿਹਾ ਹੈ। ਇਸ ਵੇਲੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਅਜ਼ਾਦ ਹੋਂਦ ਪਹਿਲਾਂ ਵਰਗੀ ਨਹੀਂ ਰਹੀ।