ਬੱਚੇ ਵਿਦੇਸ਼ਾਂ ਵਲ ਪ੍ਰਵਾਸ ਕਰ ਰਹੇ ਨੇ ਪਰ ਸਾਡੀਆਂ ਸਰਕਾਰਾਂ ਪੂਰੀ ਤਰ੍ਹਾਂ ਚੁੱਪ
ਬੱਚੇ ਵਿਦੇਸ਼ਾਂ ਵਲ ਪ੍ਰਵਾਸ ਕਰ ਰਹੇ ਨੇ ਪਰ ਸਾਡੀਆਂ ਸਰਕਾਰਾਂ ਪੂਰੀ ਤਰ੍ਹਾਂ ਚੁੱਪ
ਸੰਗਰੂਰ, 24 ਜੂਨ (ਬਲਵਿੰਦਰ ਸਿੰਘ ਭੁੱਲਰ): ਪੰਜਾਬ ਦੇ ਜੰਮੇ ਜਾਏ, ਪੜ੍ਹੇ ਲਿਖੇ, ਬੁੱਧੀਮਾਨ ਅਤੇ ਸਾਡੇ ਭਵਿੱਖ ਦੇ ਵਾਰਸ ਬੱਚੇ ਸਾਡੀਆਂ ਵਿਦਿਅਕ ਸੰਸਥਾਵਾਂ ਵਿਚੋਂ ਚੰਗੀ ਤਾਲੀਮ ਹਾਸਲ ਕਰ ਕੇ ਵਿਦੇਸ਼ਾਂ ਵਲ ਪ੍ਰਵਾਸ ਕਰ ਰਹੇ ਹਨ ਪਰ ਸਾਡੀਆਂਂ ਕੇਂਦਰੀ ਅਤੇ ਸੂਬਾਈ ਸਰਕਾਰਾਂ ਇਸ ਵਿਸ਼ੇ 'ਤੇ ਪੂਰੀ ਤਰ੍ਹਾਂ ਚੁੱਪ ਧਾਰੀ ਬੈਠੀਆਂ ਹਨ ਜਦਕਿ ਕਰੋੜਾਂ ਅਰਬਾਂ ਰੁਪਏ ਦਾ ਭਾਰਤੀ ਸਰਮਾਇਆ ਹਰ ਸਾਲ ਵਿਦੇਸ਼ਾਂ ਵਲ ਜਾ ਰਿਹਾ ਹੈ ਜਿਸ ਨਾਲ ਬਾਹਰਲੀਆਂ ਸਰਕਾਰਾਂ ਤਾਂ ਅਮੀਰ ਹੋ ਰਹੀਆਂ ਹਨ ਪਰ ਸਾਡਾ ਦੇਸ਼ ਗ਼ਰੀਬ ਹੁੰਦਾ ਜਾ ਰਿਹਾ ਹੈ |
ਇਹ ਗੱਲ ਵੀ ਸੱਚ ਹੈ ਕਿ ਵਿਦੇਸ਼ਾਂ ਵਿਚ ਸਥਾਪਤ ਹੋਣ ਲਈ ਕਰੜਾ ਸੰਘਰਸ਼ ਕਰਨਾ ਪੈਂਦਾ ਹੈ ਪਰ ਵਿਦੇਸ਼ੀ ਕਾਲਜਾਂ, ਯੂਨੀਵਰਸਿਟੀਆਂ ਵਿਚੋਂ ਵਿਦਿਆ ਮੁਕੰਮਲ ਕਰਨ ਤੋਂ ਬਾਅਦ ਜਦੋਂ ਬੱਚਾ ਸਬੰਧਤ ਦੇਸ਼ ਦੀ ਪੀ. ਆਰ. ਜਾਂ ਨਾਗਰਿਕਤਾ ਹਾਸਲ ਕਰ ਲੈਂਦਾ ਹੈ ਤਾਂ ਉਸ ਲਈ ਸਰਕਾਰਾਂ ਅਪਣੇ ਸਾਰੇ ਦਰਵਾਜ਼ੇ ਖੋਲ੍ਹ ਦਿੰਦੀਆਂ ਹਨ | ਅਪਣੀ ਇੱਛਾ ਜਾਂ ਦਿਲਚਸਪੀ ਅਨੁਸਾਰ ਜੇਕਰ ਕੋਈ ਵੀ ਬੱਚਾ ਉੱਥੇ ਕੋਈ ਕਾਰੋਬਾਰ ਸ਼ੁਰੂ ਕਰਨ ਲਈ ਸਰਕਾਰੀ ਜਾਂ ਗ਼ੈਰ ਸਰਕਾਰੀ ਬੈਂਕਾਂ ਕੋਲ ਪਹੁੰਚ ਕਰਦਾ ਹੈ ਤਾਂ ਉਥੋਂ ਦੀਆਂ ਸਰਕਾਰਾਂ ਉਸ ਨੂੰ ਦਿਲ ਖੋਲ੍ਹ ਕੇ ਪੈਸਾ ਦਿੰਦੀਆਂ ਹਨ ਤਾਕਿ ਉਹ ਅਪਣਾ ਕਾਰੋਬਾਰ ਬਹੁਤ ਅਸਾਨੀ ਨਾਲ ਸਥਾਪਤ ਕਰ ਸਕੇ, ਕਮਾਈ ਕਰ ਸਕੇ, ਅਪਣਾ ਪ੍ਰਵਾਰ ਪਾਲ ਸਕੇ ਤੇ ਸਰਕਾਰ ਨੂੰ ਅਪਣੀ ਕਮਾਈ ਵਿਚੋਂ ਲਗਾਤਾਰ ਟੈਕਸ ਦਿੰਦੇ ਰਹੇ | ਇਨ੍ਹਾਂ ਹੀ ਬੱਚਿਆਂ ਨੇ ਜੇਕਰ ਪੰਜਾਬ ਅੰਦਰ ਕੋਈ ਕਾਰੋਬਾਰ ਸਥਾਪਤ ਕਰਨਾ ਹੋਵੇ ਤਾਂ ਕੋਈ ਵੀ ਸਰਕਾਰੀ ਜਾਂ ਗ਼ੈਰ ਸਰਕਾਰੀ ਵਿੱਤੀ ਸੰਸਥਾ ਜਾਂ ਬੈਂਕ ਉਨ੍ਹਾਂ ਨੂੰ ਬਰਾਂਚ ਵਿਚ ਵੀ ਦਾਖ਼ਲ ਨਹੀਂ ਹੋਣ ਦਿੰਦੇ, ਕਰਜ਼ਾ ਦੇਣਾ ਤਾਂ ਦੂਰ ਦੀ ਗੱਲ ਹੈ |
ਇਸ ਤਰ੍ਹਾਂ ਦੀਆਂ ਹਜ਼ਾਰਾਂ ਉਦਾਹਰਣਾਂ ਦਿਤੀਆਂ ਜਾ ਸਕਦੀਆਂ ਹਨ ਜਦੋਂ ਬੱਚੇ ਸਾਡੇ ਸਿਸਟਮ ਤੋਂ ਹਤਾਸ਼ ਅਤੇ ਨਿਰਾਸ਼ ਹੋ ਕੇ ਵਿਦੇਸ਼ ਜਾਣ ਦਾ ਰਾਹ ਅਪਣਾਉਂਦੇ ਹਨ | ਪੜ੍ਹੇ ਲਿਖੇ, ਬੁੱਧੀਮਾਨ ਅਤੇ ਸਿਆਣੇ ਬੱਚੇ ਜੇਕਰ ਸਾਡੇ ਦੇਸ਼ ਵਿਚ ਹੀ ਨਾ ਰਹੇ ਤਾਂ ਸਾਡੇ ਦੇਸ਼ ਦੇ ਵਿਗੜੇ ਸਿਸਟਮ ਨੂੰ ਕੌਣ ਸੁਧਾਰੇਗਾ | ਜੇਕਰ ਪੜਿ੍ਹਆ ਲਿਖਿਆ ਵਰਗ ਦੇਸ਼ ਵਿਚ ਹੀ ਨਾ ਰਿਹਾ ਤਾਂ ਇਥੇ ਰਾਜ ਭਾਗ ਕੌਣ ਚਲਾਏਗਾ? ਸੋ, ਇਨ੍ਹਾਂ ਮੁਸ਼ਕਲਾਂ ਨੂੰ ਵੰਗਾਰ ਸਮਝ ਕੇ ਸਾਡੀਆਂ ਸਰਕਾਰਾਂ ਇਨ੍ਹਾਂ ਬੱਚਿਆਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਅਤੇ ਉਨ੍ਹਾਂ ਨੂੰ ਪੰਜਾਬ ਵਿਚ ਹੀ ਸੈੱਟ ਕਰਵਾਉਣ | ਸਰਕਾਰੀ ਅਤੇ ਗ਼ੈਰ ਸਰਕਾਰੀ ਨੌਕਰੀਆ ਜੇਕਰ ਨਹੀਂ ਮਿਲਦੀਆਂ ਤਾਂ ਇਨ੍ਹਾਂ ਪੜ੍ਹੇ ਲਿਖੇ ਬੇਰੁਜ਼ਗਾਰਾਂ ਨੂੰ ਬੈਂਕਾਂ ਪਾਸੋਂ ਕਰਜ਼ਾ ਲੈ ਕੇ ਦੇਣ | ਜੇਕਰ ਸਰਕਾਰਾਂ ਦੀਆਂ ਨੀਤੀਆਂ ਅਤੇ ਨੀਅਤਾਂ ਸਹੀ ਹੋਣ ਤਾਂ ਕੋਈ ਵੀ ਮੁਸ਼ਕਲ ਨਾਮੁਮਕਿਨ ਨਹੀਂ |