ਨਰੇਗਾ ਵਰਕਰ ਫ਼ਰੰਟ ਤੇ ਮਜ਼ਦੂਰ ਕਿਸਾਨ ਦਲਿਤ ਫ਼ਰੰਟ ਨੇ ਦਿਤਾ ਧਰਨਾ

ਏਜੰਸੀ

ਖ਼ਬਰਾਂ, ਪੰਜਾਬ

ਨਰੇਗਾ ਵਰਕਰ ਫ਼ਰੰਟ ਤੇ ਮਜ਼ਦੂਰ ਕਿਸਾਨ ਦਲਿਤ ਫ਼ਰੰਟ ਨੇ ਦਿਤਾ ਧਰਨਾ

image

ਟਾਵਰ 'ਤੇ ਚੜ੍ਹੇ ਬੇਰੁਜ਼ਗਾਰ ਨੌਜਵਾਨ ਨੂੰ ਢੀਂਡਸਾ ਨੇ ਮਰਨ ਵਰਤ ਛੱਡਣ ਦੀ ਅਪੀਲ ਕੀਤੀ 


ਪਟਿਆਲਾ, 24 ਜੂਨ (ਜਸਪਾਲ ਸਿੰਘ ਢਿੱਲੋਂ) : ਪਟਿਆਲਾ ਵਿਚ ਨਰੇਗਾ ਵਰਕਰ ਫ਼ਰੰਟ ਤੇ ਮਜ਼ਦੂਰ ਕਿਸਾਨ ਦਲਿਤ ਫ਼ਰੰਟ ਵਲੋਂ ਅਪਣੀਆਂ ਮੰਗਾਂ ਨੂੰ ਲੈ ਕੇ ਦਿਤੇ ਜਾ ਰਹੇ ਧਰਨੇ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਸ਼ਾਮਲ ਹੋਏ | ਜਿਸ ਵਿੱਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਡਿਪਟੀ ਸਪੀਕਰ ਸ: ਬੀਰ ਦਵਿੰਦਰ ਸਿੰਘ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਪਾਰਟੀ ਦੇ ਜਨਰਲ ਸਕੱਤਰ ਤੇਜਿੰਦਰਪਾਲ ਸਿੰਘ ਸੰਧੂ ਤੋਂ ਇਲਾਵਾ ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਸਾਬਕਾ ਕੇਂਦਰੀ ਮੰਤਰੀ ਸ: ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਧਰਨੇ 'ਤੇ ਬੈਠੇ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ | ਇਸ ਮੌਕੇ ਨਰੇਗਾ ਵਰਕਰ ਤੇ ਮਜ਼ਦੂਰ ਕਿਸਾਨ ਦਲਿਤ ਫ਼ਰੰਟ ਨੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਅਪਣਾ ਸਮਰਥਨ ਦਿਤਾ ਹੈ |
ਧਰਨੇ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਪਾਰਟੀ ਦੇ ਉਪਰੋਕਤ ਆਗੂ ਪਟਿਆਲਾ ਵਿਚ ਪਿਛਲੇ 90 ਦਿਨਾਂ ਤੋਂ ਨੌਕਰੀ ਦੀ ਮੰਗ ਨੂੰ ਲੈ ਕੇ ਟਾਵਰ 'ਤੇ ਚੜ੍ਹੇ ਬੇਰੁਜ਼ਗਾਰ ਨੌਜਵਾਨ ਸੁਰਿੰਦਰਪਾਲ ਸਿੰਘ ਕੋਲੇ ਪਹੁੰਚੇ | ਜਿਥੇ ਸ: ਪਰਮਿੰਦਰ ਸਿੰਘ ਢੀਂਡਸਾ ਨੇ ਨੌਜਵਾਨ ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਨੌਜਵਾਨ ਨੂੰ ਮਰਨ ਵਰਤ ਖ਼ਤਮ ਕਰ ਕੇ ਟਾਵਰ ਤੋਂ ਹੇਠਾ ਆਉਣ ਦੀ ਅਪੀਲ ਕੀਤੀ | ਉਨ੍ਹਾਂ ਪੰਜਾਬ ਸਰਕਾਰ ਦੇ ਵਰ੍ਹਦਿਆਂ ਨੌਜਵਾਨ ਨੂੰ ਅਪਣੀ ਜਾਨ ਅਜ਼ਾਈ ਨਾ ਗਵਾਉਣ ਲਈ ਬੇਨਤੀ ਕੀਤੀ | ਇਸ ਤੋਂ ਇਲਾਵਾ ਸ: ਢੀਂਡਸਾ ਨੇ ਨੌਜਵਾਨ ਨੂੰ ਯੋਗਤਾ ਅਨੁਸਾਰ ਕਿਸੇ ਅਦਾਰੇ ਵਿਚ ਨੌਕਰੀ ਦੇਣ ਦਾ ਵੀ ਭਰੋਸਾ ਦਿਤਾ | ਉਨਾਂਾ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਸੰਘਰਸ਼ੀਲ ਨੌਜਵਾਨ ਦਾ ਡਟ ਕੇ ਸਾਥ ਦੇਵੇਗਾ | ਜਨਰਲ ਸਕੱਤਰ ਤੇਜਿੰਦਰਪਾਲ ਸਿੰਘ ਸੰਧੂ ਅਤੇ ਪਟਿਆਲਾ ਜ਼ਿਲ੍ਹਾ ਪ੍ਰਧਾਨ ਸ: ਰਣਧੀਰ ਸਿੰਘ ਰੱਖੜਾ ਤੋਂ ਇਲਾਵਾ, ਸਾਬਕਾ ਡੀ ਐੱਸ ਪੀ ਨਾਹਰ ਸਿੰਘ, ਮਨਜੀਤ ਸਿੰਘ ਮੱਲੇਵਾਲ ਚੇਅਰਮੈਨ ਭੂਮੀ ਵਿਕਾਸ ਬੈਂਕ  ਨਾਭਾ, ਗੁਰਬਚਨ ਸਿੰਘ ਨਾਨੋਕੀ ਅਤੇ ਰਵਿੰਦਰ ਸਿੰਘ ਸ਼ਾਹਪੁਰ ਆਦਿ ਵੀ ਮੌਜੂਦ ਸਨ |
ਇਸ ਮੌਕੇ ਅਪਣੇ ਸੰਬੋਧਨ ਵਿਚ ਬਲਬੰਤ ਸਿੰਘ ਰਾਮੂਵਾਲੀਆ ਨੇ ਆਖਿਆ ਕਿ ਇਸ ਸਰਕਾਰ ਦੇ ਰਾਜ 'ਚ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਹੋ ਰਹੀ ਜੋ ਪਿਛਲੀ ਸਰਕਾਰ ਵੇਲੇ ਵੀ ਜਿਉਂ ਦੀ ਤਿਉਂ ਸੀ | ਇਸ ਮਾਮਲੇ 'ਚ ਅਕਾਲੀ ਭਾਜਪਾ ਕਾਂਗਰਸ ਦੀ ਭੂਮਿਕਾ ਇਕੋ ਜਿਹੀ ਹੈ | ਉਨ੍ਹਾਂ ਆਖਿਆ ਕਿ ਉਹ ਦਲਿਤ ਭਾਈਚਾਰੇ ਨਾਲ ਡਟ ਕੇ ਖੜੇ ਹਨ | 
ਧਰਨੇ ਨੂੰ ਸੰਬੋਧਨ ਕਰਦਿਆਂ ਸ: ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਮਜ਼ਦੂਰ ਵਰਗ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ | ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਸੱਭ ਤੋਂ ਪਹਿਲਾਂ ਮਜ਼ਦੂਰ ਵਰਗ ਦੇ ਹੱਕ ਪੂਰੇ ਕੀਤੇ ਜਾਣ | ਇਸ ਦੌਰਾਨ ਸ: ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਤੇ ਮਜ਼ਦੂਰ ਦਾ ਰਿਸ਼ਤਾ ਬਹੁਤ ਗੁੜਾ ਹੈ ਅਤੇ ਸਰਕਾਰਾਂ ਨੂੰ ਮਜ਼ਦੂਰਾਂ ਦੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕਰਨੇ ਚਾਹੀਦੇ ਹਨ | ਇਸ ਮੌਕੇ ਸੰਗਰੂਰ ਦੇ ਪ੍ਰਧਾਨ ਗੁਰਬਚਨ ਸਿੰਘ ਬਚੀ, ਕਸ਼ਮੀਰ ਸਿੰਘ ਮਵੀ ਅਤੇ ਨਰੇਗਾ ਵਰਕਰ ਫਰੰਟ ਦੇ ਬਹੁਤ ਸਾਰੇ ਆਗੂ ਵੀ ਹਾਜ਼ਰ ਸਨ |
ਫੋਟੋ ਨੰ: 24 ਪੀਹੇਟੀ 21