ਅਪੰਗ ਖਿਡਾਰੀਆਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਕੀਤਾ ਮੁਜ਼ਾਹਰਾ

ਏਜੰਸੀ

ਖ਼ਬਰਾਂ, ਪੰਜਾਬ

ਅਪੰਗ ਖਿਡਾਰੀਆਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਕੀਤਾ ਮੁਜ਼ਾਹਰਾ

image

ਤਮਗ਼ੇ ਵਾਪਸ ਕਰਨ ਪੁੱਜੇ ਖਿਡਾਰੀਆਂ ਦੀ ਪੁਲਿਸ ਨਾਲ ਹੋਈ ਖਿੱਚਧੂਹ

ਚੰਡੀਗੜ, 24 ਜੂਨ (ਸੁਰਜੀਤ ਸਿੰਘ ਸੱਤੀ): ਵੱਖੋ-ਵੱਖ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਪੰਜਾਬ ਦੇ ਅਪੰਗ ਤੇ ਹੋਰ ਖਿਡਾਰੀ ਨੌਕਰੀ ਨਾ ਮਿਲਣ ਕਾਰਨ ਅੱਜ ਮੁੱਖ ਮੰਤਰੀ ਦੀ ਰਿਹਾਇਸ ’ਤੇ ‘ਆਪ’ ਦੇ ਵਿਧਾਇਕ ਮੀਤ ਹੇਅਰ ਨੂੰ ਲੈ ਕੇ ਅਪਣੇ ਤਮਗ਼ੇ ਵਾਪਸ ਕਰਨ ਲਈ ਪੁੱਜੇ। ਪੁਲਿਸ ਨੇ ਉਨ੍ਹਾਂ ਨੂੰ ਪਹਿਲਾਂ ਹੀ ਰੋਕ ਲਿਆ ਤੇ ਅੱਗੇ ਜਾਣ ਦੀ ਜ਼ਿੱਦ ਕਰਨ ’ਤੇ ਪੁਲਿਸ ਨੇ ਥੋੜ੍ਹੀ ਤਾਕਤ ਦਾ ਇਸਤੇਮਾਲ ਕਰ ਕੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। 
ਖਿਡਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨਾਲ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਅੱਜ ਉਨ੍ਹਾਂ ਜਿਹੇ ਯੋਗ ਨੌਜਵਾਨ ਨੌਕਰੀਉਂ ਵਾਂਝੇ ਹਨ ਤੇ ਵਿਧਾਇਕਾਂ ਦੇ ਪੁੱਤਾਂ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਦਿਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਚੋਂ ਕਈਆਂ ਕੋਲ ਗੁਜ਼ਾਰਾ ਕਰਨ ਦਾ ਸਾਧਨ ਵੀ ਨਹੀਂ ਹੈ ਤੇ ਉਨ੍ਹਾਂ ਨੇ ਖੇਡਾਂ ਵਿਚ ਇਹ ਪ੍ਰਾਪਤੀਆਂ ਕਾਫ਼ੀ ਘਾਲਣਾ ਕਰ ਕੇ ਹਾਸਲ ਕੀਤੀਆਂ ਹਨ। ਖਿਡਾਰੀਆ ਨੇ ਕਿਹਾ ਕਿ ਉਨ੍ਹਾਂ ਨੂੰ ਤਰਸ ’ਤੇ ਨਹੀਂ ਮਾਣ ਦੇ ਆਧਾਰ ’ਤੇ ਨੌਕਰੀ ਚਾਹੀਦੀ ਹੈ। ਇਸ ਮੌਕੇ ਪਾਵਰ ਲਿਫ਼ਟਿੰਗ ਖਿਡਾਰੀ ਕੁਲਦੀਪ ਸਿੰਘ ਨੇ ਕਿਹਾ ਕਿ ਪੈਰਾ ਐਥਲੀਟਜ਼ ਨੇ ਸਰਕਾਰ ਨੂੰ ਨੌਕਰੀਆਂ ਦਾ ਵਾਅਦਾ ਯਾਦ ਕਰਾਉਣ ਲਈ ਪਿਛਲੇ ਸਾਲ ਵੀ ਧਰਨਾ ਪ੍ਰਦਰਸ਼ਨ ਕੀਤਾ ਸੀ ਅਤੇ ਉਸ ਸਮੇਂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਕੈਪਟਨ ਸੰਧੂ ਨੇ ਜਲਦੀ ਹੀ ਨੌਕਰੀਆਂ ਦੇਣ ਅਤੇ ਐਵਾਰਡਾਂ ਦੀ ਰਾਸ਼ੀ ਦੇਣ ਦਾ ਭਰੋਸਾ ਦਿਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਨੇ ਅੱਜ ਤਕ ਪੈਰਾ ਖਿਡਾਰੀਆਂ ਨੂੰ ਨਾ ਤਾਂ ਐਵਾਰਡਾਂ ਦੀ ਰਾਸ਼ੀ ਦਿਤੀ ਹੈ ਅਤੇ ਨਾ ਹੀ ਸਰਕਾਰੀ ਨੌਕਰੀਆਂ। ਇਸੇ ਲਈ ਸੱਭ ਪੈਰਾ ਖਿਡਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਅੱਗੇ ਹੱਕ ਮੰਗਣ ਆਏ ਹਨ। ਇਨ੍ਹਾਂ ਖਿਡਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਤੇ ਇਕ ਵਫ਼ਦ ਮੁੱਖ ਮੰਤਰੀ ਦੇ ਓਐਸਡੀ ਨੂੰ ਮਿਲਿਆ ਤੇ ਅਪਣਾ ਮੰਗ ਪੱਤਰ ਸੌਂਪਿਆ। 
ਇਸ ਮੌਕੇ ਗੋਵਿੰਦਰ ਮਿੱਤਲ ਜ਼ਿਲ੍ਹਾ ਇੰਚਾਰਜ ਮੋਹਾਲੀ, ਹਰਮਿੰਦਰ ਸਿੰਘ ਡਾਹੇ ਜ਼ਿਲ੍ਹਾ ਪ੍ਰਧਾਨ ਰੋਪੜ, ਪ੍ਰਭਜੋਤ ਕੌਰ, ਅਨੂ ਬੱਬਰ, ਸੰਨੀ ਸਿੰਘ ਆਹਲੂਵਾਲੀਆ, ਕਸਮੀਰ ਕੌਰ, ਸ਼ਵੇਤਾ ਪੁਰੀ, ਸਵਰਨਜੀਤ ਕੌਰ ਬਲਟਾਣਾ, ਅਮਰਦੀਪ ਕੌਰ, ਪਰਮਿੰਦਰ ਗੋਲਡੀ, ਕਰਮਜੀਤ ਸਿੰਘ ਚੂਹਾਨ, ਰਮੇਸ ਸ਼ਰਮਾ, ਪਿ੍ਰੰਸ ਧਾਲੀਵਾਲ ਆਦਿ ਆਗੂ ਹਾਜ਼ਰ ਸਨ। ਇਸ ਉਪਰੰਤ ਇਕ ਪ੍ਰੈਸ ਕਾਨਫ਼ਰੰਸ ਕਰ ਕੇ ਮੀਤ ਹੇਅਰ ਨੇ ਦੋਸ਼ ਲਾਇਆ ਕਿ ਪੰਜਾਬ ਵਿਚਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੂਬੇ ਦੇ ਖਿਡਾਰੀਆਂ ਦੀ ਕੋਈ ਸਾਰ ਨਹੀਂ ਲੈ ਰਹੀ, ਸਗੋਂ ਤਰਸ ਦੇ ਨਾਂਅ ’ਤੇ ਧਨਾਢ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਨੂੰ ਨੌਕਰੀਆਂ ਦੇ ਕੇ ਨਿਵਾਜਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਖਿਡਾਰੀਆਂ ਲਈ ਐਲਾਨ ਤਾਂ ਬਹੁਤ ਕੀਤੇ ਸਨ, ਪਰ ਸੂਬਾ ਪੱਧਰ ਤੋਂ ਲੈ ਕੇ ਕੌਮਾਂਤਰੀ ਪੱਧਰ ਤਕ ਦੇਸ਼ ਲਈ ਖੇਡਾਂ ਖੇਡਣ ਵਾਲੇ ਅਤੇ ਤਮਗ਼ੇ ਜਿੱਤਣ ਵਾਲੇ ਖਿਡਾਰੀ ਅੱਜ ਗ਼ਰੀਬੀ ਵਿਚ ਜੀਵਨ ਗੁਜ਼ਾਰ ਰਹੇ ਹਨ। ਇਸ ਸਰਕਾਰ ਨੇ ਅਪਣੇ ਕਾਰਜਕਾਲ ਦੌਰਾਨ ਅਨੇਕਾਂ ਖਿਡਾਰੀਆਂ ਨੂੰ ਵੱਖ ਵੱਖ ਐਵਾਰਡਾਂ ਦੇ ਨਾਂਅ ’ਤੇ ਸਰਟੀਫ਼ੀਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਵਾਹ ਵਾਹ ਤਾਂ ਜ਼ਰੂਰ ਖੱਟੀ, ਪਰ ਮਾਣ ਸਨਮਾਨ ਦੀ ਰਕਮ ਅਤੇ ਬਣਦੀ ਨੌਕਰੀ ਦੇਣ ਤੋਂ ਕਿਨਾਰਾ ਕਰ ਲਿਆ ਹੈ।