ਈ.ਡੀ. ਦੀ ਕਾਰਵਾਈ ਮੇਰਾ ਅਕਸ ਖ਼ਰਾਬ ਕਰਨ ਦੀ ਹੀ ਕੋਸ਼ਿਸ਼ : ਖਹਿਰਾ

ਏਜੰਸੀ

ਖ਼ਬਰਾਂ, ਪੰਜਾਬ

ਈ.ਡੀ. ਦੀ ਕਾਰਵਾਈ ਮੇਰਾ ਅਕਸ ਖ਼ਰਾਬ ਕਰਨ ਦੀ ਹੀ ਕੋਸ਼ਿਸ਼ : ਖਹਿਰਾ

image

ਕਿਹਾ, ਬੇਟੀ ਦੇ ਵਿਆਹ ਸਮੇਂ ਖ਼ਰੀਦਦਾਰੀ ਦੀ ਕੀਤੀ ਗਈ ਸੀ ਅਦਾਇਗੀ

ਚੰਡੀਗੜ੍ਹ, 24 ਜੂਨ (ਭੁੱਲਰ): ਅੱਜ ਇਕ ਬਿਆਨ ਜਾਰੀ ਕਰਦੇ ਹੋਏ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਐਮ.ਐਲ.ਏ ਨੇ ਉਨ੍ਹਾਂ ਵਲੋਂ ਕੁੱਝ ਫ਼ੈਸ਼ਨ ਡਿਜ਼ਾਈਨਰਾਂ ਨੂੰ  ਵੱਡੀ ਰਕਮ ਅਦਾ ਕੀਤੇ ਜਾਣ ਦੇ ਈ.ਡੀ. ਵਲੋਂ ਲਗਾਏ ਜਾ ਰਹੇ ਇਲਜ਼ਾਮਾਂ ਨੂੰ  ਮੁੱਢ ਤੋਂ ਖ਼ਾਰਜ ਕਰਦਿਆਂ ਇਸ ਨੂੰ  ਬੇਬੁਨਿਆਦ ਅਤੇ ਮਨਘੜਤ ਕਰਾਰ ਦਿਤਾ | ਖਹਿਰਾ ਨੇ ਕਿਹਾ ਕਿ 2015-16 ਵਿਚ ਦਿਤੀਆਂ ਗਈਆਂ ਇਹ ਰਕਮਾਂ ਉਨ੍ਹਾਂ ਦੀ ਬੇਟੀ ਦੇ ਵਿਆਹ ਸਮੇਂ ਕੀਤੀ ਗਈ ਸਾਧਾਰਨ ਖ਼ਰੀਦਦਾਰੀ ਲਈ ਦਿਤੀਆਂ ਗਈਆਂ ਸਨ | 
  ਖਹਿਰਾ ਨੇ ਕਿਹਾ ਕਿ ਹਰ ਪ੍ਰਵਾਰ ਵਿਸ਼ੇਸ਼ ਤੌਰ 'ਤੇ ਪੰਜਾਬੀ ਅਪਣੇ ਬੱਚਿਆਂ ਖ਼ਾਸ ਤੌਰ 'ਤੇ ਲੜਕੀਆਂ ਦੇ ਵਿਆਹਾਂ ਵਿਚ ਅਪਣਾ ਪੂਰਾ ਵਾਹ ਲਗਾਉਂਦੇ ਹਨ | ਖਹਿਰਾ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਵਾਰ ਨੇ 2015-16 ਵਿਚ ਅਪਣੀ ਬੇਟੀ ਅਤੇ ਪ੍ਰਵਾਰ ਵਾਸਤੇ ਤਿੰਨ ਵਿਆਹ ਦੇ ਜੋੜੇ ਖ਼ਰੀਦੇ ਸਨ | ਉਨ੍ਹਾਂ ਕਿਹਾ ਕਿ ਵਿਆਹ ਦੇ ਸਾਰੇ ਕਪੜਿਆਂ ਦੀ ਕੁਲ ਕੀਮਤ 7-8 ਲੱਖ ਰੁਪਏ ਹੀ ਸੀ | ਉਨ੍ਹਾਂ ਕਿਹਾ ਕਿ ਉਕਤ ਫ਼ੈਸ਼ਨ ਡਿਜ਼ਾਈਨਰਾਂ ਨੂੰ  ਅਦਾ ਕੀਤੀ ਗਈ ਰਕਮ ਜਲੰਧਰ ਦੇ ਇਕ ਬੈਂਕ ਵਿਚਲੀ ਉਨ੍ਹਾਂ ਦੀ ਖੇਤੀਬਾੜੀ ਲਿਮਟ ਤੋਂ ਆਈ ਸੀ | ਉਨ੍ਹਾਂ ਕਿਹਾ ਕਿ ਈ.ਡੀ ਵਲੋਂ ਇਲਜ਼ਾਮਾਂ ਨੂੰ  ਇੰਜ ਪੇਸ਼ ਕੀਤਾ ਗਿਆ ਹੈ ਜਿਵੇਂ ਉਨ੍ਹਾਂ ਵਲੋਂ ਉਕਤ ਫੈਸ਼ਨ ਡਿਜ਼ਾਈਨਰਾਂ ਨੂੰ  ਅਦਾ ਕੀਤੀ ਗਈ ਰਕਮ ਬਹੁਤ ਵੱਡੀ ਮਨੀ ਲਾਂਡਰਿੰਗ ਹੋਵੇ ਜਦਕਿ ਉਨ੍ਹਾਂ ਦੇ ਪ੍ਰਵਾਰ ਵਲੋਂਾ ਖ਼ਰੀਦੇ ਗਏ ਤਿੰਨ ਕਪੜਿਆਂ ਦੀ ਕੀਮਤ ਬਹੁਤ ਸਾਧਾਰਨ ਸੀ | ਖਹਿਰਾ ਨੇ ਕਿਹਾ ਕਿ ਸੱਭ ਜਾਣਦੇ ਹਨ ਕਿ ਲੋਕ ਵਿਆਹ ਸ਼ਾਦੀਆਂ ਲਈ ਬਹੁਤ ਮਹਿੰਗੇ ਕਪੜਿਆਂ ਖ਼ਰੀਦਣ ਵਾਸਤੇ 25-50 ਲੱਖ ਰੁਪਏ ਇਕ ਡ੍ਰੈਸ ਉਪਰ ਹੀ ਖ਼ਰਚ ਦਿੰਦੇ ਹਨ ਜਦਕਿ ਉਨ੍ਹਾਂ ਦੇ ਪਰਵਾਰ ਨੇ ਰੁਟੀਨ ਦੀਆਂ ਵਿਆਹ ਵਾਲੇ ਕਪੜੇ ਖ਼ਰੀਦੇ ਸਨ | ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ  ਜਾਣ ਕੇ ਬਹੁਤ ਦੁੱਖ ਹੋਇਆ ਕਿ ਈ.ਡੀ ਵਲੋਂ ਫ਼ਰਜ਼ੀ ਪਾਸਪੋਰਟਾਂ 'ਤੇ ਫ਼ਾਜ਼ਿਲਕਾ ਨਾਲ ਸਬੰਧਤ ਐਨ.ਡੀ.ਪੀ.ਐਸ ਮਾਮਲੇ ਦੇ ਪੁਰਾਣੇ ਇਲਜ਼ਾਮ ਦੁਹਰਾ ਕੇ ਉਨ੍ਹਾਂ ਦਾ ਅਪਮਾਨ ਕਰਨ ਅਤੇ ਚਰਿੱਤਰ ਹਨਨ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |