ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਕਿਸਾਨਾਂ ਨੇ ਚੱਬੇਵਾਲ ਅਤੇ ਮਾਹਿਲਪੁਰ ਵਿਚ ਕੀਤਾ ਜ਼ਬਰਦਸਤ ਵਿਰੋਧ

ਏਜੰਸੀ

ਖ਼ਬਰਾਂ, ਪੰਜਾਬ

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਕਿਸਾਨਾਂ ਨੇ ਚੱਬੇਵਾਲ ਅਤੇ ਮਾਹਿਲਪੁਰ ਵਿਚ ਕੀਤਾ ਜ਼ਬਰਦਸਤ ਵਿਰੋਧ

image


ਮੰਤਰੀ ਦੀ ਕਾਰ 'ਤੇ ਸੁੱਟੀਆਂ ਜੁੱਤੀਆਂ ਤੇ ਡੰਡੇ, ਪੁਲਿਸ ਨੇ ਕਿਸਾਨ ਨੂੰ  ਮਾਰਿਆ ਡੰਡਾ, ਮਾਫ਼ੀ ਮੰਗ ਖਹਿੜਾ ਛੁਡਾਇਆ


ਮਾਹਿਲਪੁਰ, 24 ਜੂਨ (ਦੀਪਕ ਅਗਨੀਹੋਤਰੀ): ਭਾਜਪਾ ਦੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵਲੋਂ ਅੱਜ ਰੱਖੇ ਹੁਸ਼ਿਆਰਪੁਰ ਦੇ ਦੌਰੇ ਤੋਂ ਬਾਅਦ ਮਾਹਿਲਪੁਰ ਵਿਖੇ ਭਾਜਪਾ ਨੇਤਾ ਡਾ. ਦਿਲਬਾਗ ਰਾਏ ਦੇ ਦਫ਼ਤਰ ਵਿਚ ਰੱਖੀ ਭਾਜਪਾ ਦੀ ਮੀਟਿੰਗ ਮੌਕੇ ਵੀ ਵੱਡੀ ਗਿਣਤੀ ਵਿਚ ਇੱਕਠੇ ਹੋਏ ਕਿਸਾਨਾਂ ਨੇ ਦਫ਼ਤਰ ਨੂੰ  ਘੇਰ ਲਿਆ ਤਾਂ ਕਿਸਾਨੀ ਗੁੱਸੇ ਦੇ ਡਰ ਤੋਂ ਵੱਡੀ ਗਿਣਤੀ ਵਿਚ ਤੈਨਾਤ ਪੁਲਿਸ ਨੇ ਸੋਮ ਪ੍ਰਕਾਸ਼ ਨੂੰ  ਪਤਲੀ ਗਲੀ ਰਾਹੀਂ ਅੱਗੇ ਭੇਜ ਦਿਤਾ | ਇਸੇ ਦੌਰਾਨ ਇਕ ਪੁਲਿਸ ਮੁਲਾਜ਼ਮ ਵਲੋਂ ਦਫ਼ਤਰ ਅੰਦਰ ਜਾ ਰਹੇ ਕਿਸਾਨ ਨੂੰ  ਡੰਡਾ ਮਾਰ ਦਿਤਾ ਤਾਂ ਮਾਹੌਲ ਗਰਮਾ ਗਿਆ | ਕਿਸਾਨਾ ਨੇ ਦਫ਼ਤਰ ਅੱਗੇ ਜਰਨੈਲੀ ਸੜਕ 'ਤੇ ਧਰਨਾ ਲਗਾ ਦਿਤਾ ਤਾਂ ਡੰਡਾ ਮਾਰਨ ਵਾਲੇ ਪੁਲਿਸ ਮੁਲਾਜ਼ਮ ਕੋਲੋਂ ਪੁਲਿਸ ਨੇ ਮਾਫ਼ੀ ਮੰਗਵਾ ਕੇ ਖਹਿੜਾ ਛੁਡਾਇਆ |
ਪ੍ਰਾਪਤ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਫੇਰੀ ਤੋਂ ਬਾਂਅਦ ਜਦੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਮਾਹਿਲਪੁਰ ਵਿਖੇ ਭਾਜਪਾ ਦੀ ਕੇਂਦਰੀ ਕੋਰ ਕਮੇਟੀ ਦੇ ਮੈਂਬਰ ਡਾਕਟਰ ਦਿਲਬਾਗ ਰਾਏ ਦੇ ਦਫ਼ਤਰ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਆ ਰਹੇ ਸਨ ਤਾਂ ਪਹਿਲਾਂ ਟੋਲ ਪਲਾਜ਼ਾ ਅਤੇ ਫਿਰ ਚੱਬੇਵਾਲ ਵਿਖੇ ਉਨ੍ਹਾਂ ਦਾ ਕਿਸਾਨ ਜਥੇਬੰਦੀਆਂ ਨੇ ਵੱਡਾ ਵਿਰੋਧ ਕੀਤਾ | ਚੱਬੇਵਾਲ ਵਿਖੇ ਤਾਂ ਭੜਕੇ ਕਿਸਾਨਾਂ ਨੇ ਸੋਮ ਪ੍ਰਕਾਸ਼ ਦੇ ਕਾਫ਼ਲੇ 'ਤੇ ਡੰਡਿਆਂ ਨਾਲ ਹਮਲਾ ਕਰ ਕੇ ਜੁੱਤੀਆਂ ਵੀ ਸੁੱਟੀਆਂ ਪਰੰਤੂ ਪੁਲਿਸ ਨੇ ਬੜੀ ਮੁਸ਼ਕਲ ਨਾਲ ਕੇਂਦਰੀ ਮੰਤਰੀ ਉਥੋਂ ਕਢਿਆ | ਮੰਤਰੀ ਸਾਹਿਬ ਜਰਨੈਲੀ ਸੜਕ ਰਾਹੀਂ ਮਾਹਿਲਪੁਰ ਪੁੱਜੇ ਤਾਂ ਉੱਥੇ ਵੀ ਕਿਸਾਨ ਵੱਡੀ ਗਿਣਤੀ ਵਿਚ ਇੱਕਠੇ ਹੋਣੇ ਸ਼ੁਰੂ ਹੋ ਗਏ ਅਤੇ ਜ਼ਬਰਦਸਤ ਨਾਹਰੇਬਾਜੀ ਸ਼ੁਰੂ ਕਰ ਦਿਤੀ | ਮਾਮਲਾ ਭਖਦਾ ਦੇਖ ਪੁਲਿਸ ਨੇ ਮੰਤਰੀ ਸਾਹਿਬ ਨੂੰ  ਪਤਲੀ ਗਲੀ ਰਾਹੀਂ ਬਾਹਰ ਕੱਢ ਤੋਰ ਦਿਤਾ ਅਤੇ ਡਾਕਟਰ
 ਦਿਲਬਾਗ ਰਾਏ ਨੇ ਅਪਣੇ ਦਫ਼ਤਰ ਦੇ ਦਰਵਾਜ਼ੇ ਬੰਦ ਕਰ ਲਏ | ਇਸੇ ਦੌਰਾਨ ਇਕ ਕਿਸਾਨ ਨੇ ਜਦੋਂ ਭਾਜਪਾ ਨੇਤਾ ਦੇ ਦਫ਼ਤਰ ਵਿਚ ਜਾਣ ਦੀ 
ਕੋਸ਼ਿਸ਼ ਕੀਤੀ ਤਾਂ ਪੁਲਿਸ ਮੁਲਾਜ਼ਮ ਨੇ ਉਸ ਦੇ ਡੰਡਾ ਮਾਰ ਦਿਤਾ ਜਿਸ ਕਾਰਨ ਕਿਸਾਨ ਭੜਕ ਗਏ ਅਤੇ ਉਨ੍ਹਾਂ ਪੁਲਿਸ ਨਾਲ ਧੱਕਾ ਮੁੱਕੀ ਸ਼ੁਰੂ ਕਰ ਦਿਤੀ ਅਤੇ ਪੁਲਿਸ ਨੂੰ  ਦਫ਼ਤਰ ਦੇ ਦੂਜੇ ਪਾਸੇ ਤਕ ਧੱਕ ਕੇ ਲੈ ਗਏ | ਕਿਸਾਨਾਂ ਨੇ ਸੜਕ ਵਿਚਕਾਰ ਧਰਨਾ ਮਾਰ ਕੇ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ | ਪੁਲਿਸ ਦੇ ਉੱਚ ਅਫ਼ਸਰਾਂ ਨੇ ਮੌੌਕੇ 'ਤੇ ਪਹੁੰਚ ਕੇ ਬੜੀ ਮੁਸ਼ਕਲ ਨਾਲ ਕਿਸਾਨਾਂ ਨੂੰ  ਕੇਂਦਰੀ ਮੰਤਰੀ ਦੇ ਚਲੇ ਜਾਣ ਦਾ ਯਕੀਨ ਦੁਆ ਕੇ ਧਰਨੇ ਨੂੰ  ਸ਼ਾਂਤ ਕੀਤਾ | ਇਸ ਮੌਕੇ ਇੱਕਠੇ ਹੋਏ ਕਿਸਾਨ ਆਗੂਆਂ ਕੁਲਜਿੰਦਰ ਸਿੰਘ ਪ੍ਰਧਾਨ ਕੰਡੀ ਕਿਸਾਨ ਯੂਨੀਅਨ, ਜਗਜੀਤ ਸਿੰਘ ਗਿੱਲ, ਰਣਵੀਰ ਸਿੰਘ, ਪਰਮਿੰਦਰ ਸਿੰਘ, ਗੁਰਜਾਪ ਸਿੰਘ ਜੌਹਲ, ਅਸ਼ੀਸ਼ ਪ੍ਰਭਾਕਰ, ਮਹਿੰਦਰ ਕੁਮਾਰ ਬੱਢੋਆਣ, ਅਮਰੀਕ ਸਿੰਘ ਕਹਾਰਪੁਰ ਨੇ ਕਿਹਾ ਕਿ ਜਦੋਂ ਤੱਕ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਭਾਜਪਾ ਆਗੂਆਂ ਦਾ ਵਿਰੋਧ ਇਸੇ ਤਰਾਂ ਜਾਰੀ ਰਹੇਗਾ |