ਚੰਡੀਗੜ੍ਹ, 24 ਜੂਨ (ਭੁੱਲਰ) : ਸ਼੍ਰੋਮਣੀ ਅਕਾਲੀ ਦਲ ਨੇ ਕੋਟਕਪੁਰਾ ਫਾਇਰਿੰਗ ਮਾਮਲੇ ਦੀ ਜਾਂਚ ਕਰ ਰਹੀ ਐਸ ਆਈ ਟੀ ਨੂੰ ਆਖਿਆ ਕਿ ਉਹ ਅਪਣਾ ਦਾਇਰਾ ਵਧਾਵੇ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੂੰ ਬਦਨਾਮ ਤੇ ਅਸਥਿਰ ਕਰਨ ਦੀ ਬੇਅਦਬੀ ਦੀ ਸਾਜ਼ਸ਼ੀ ਵਿਚ ਕਾਂਗਰਸ ਤੇ ਆਪ ਦੀ ਭੂਮਿਕਾ ਦੀ ਜਾਂਚ ਕਰੇ | ਇਹ ਮੰਗ ਕਰਦਿਆਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਹ ਵੀ ਮੰਗ ਕੀਤੀ ਕਿ ਅਕਾਲੀ ਸਰਕਾਰ ਵੇਲੇ ਰਚੀ ਗਈ ਬੇਅਦਬੀ ਦੀ ਸਾਜ਼ਸ਼ ਤੋਂ ਜਿਨ੍ਹਾਂ ਨੂੰ ਲਾਭ ਮਿਲਿਆ, ਉਨ੍ਹਾਂ ਸੱਭ ਦੇ ਨਾਰਕੋ ਟੈਸਟ ਕਰਵਾਏ ਜਾਣ ਤਾਂ ਜੋ ਉਨ੍ਹਾਂ ਦੀ ਲੁਕਵੀਂ ਭੂਮਿਕਾ ਬੇਨਕਾਬ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਾਰੇ ਪ੍ਰਮੁੱਖ ਆਗੂ ਤੇ ਆਪ ਤੋਂ ਇਨ੍ਹਾਂ ਦੇ ਲੁਕਵੇਂ ਸਾਥੀਆਂ ਦਾ ਨਾਰਕੋ ਟੈਸਟ ਹੋਣਾ ਚਾਹੀਦਾ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ ਕਿ ਸਾਜ਼ਸ਼ ਜਿਸ ਦਾ ਮਕਸਦ ਨਾ ਸਿਰਫ਼ ਉਸ ਵੇਲੇ ਦੀ ਸਰਕਾਰ ਅਸਥਿਰ ਕਰਨਾ ਬਲਕਿ ਸਿੱਖ ਸੰਗਤਾਂ ਤੇ ਉਨ੍ਹਾਂ ਦੇ ਹਿਤਾਂ ਲਈ ਡਟੱਣ ਵਾਲਿਆਂ ਵਿਚਾਲੇ ਸਦੀਆਂ ਪੁਰਾਣੇ ਸਾਂਝ ਤੇ ਵਿਸ਼ਵਾਸ ਨੂੰ ਤਬਾਹ ਕਰਨ ਲਈ ਕੌਣ ਜ਼ਿੰਮੇਵਾਰ ਹੈ |
ਮਜੀਠੀਆ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨਾਲ ਅੱਜ ਦੁਪਹਿਰ ਪਾਰਟੀ ਮੁੱਖ ਦਫ਼ਤਰ ਵਿਚ ਇਕ ਸਾਂਝੀ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ | ਮਜੀਠੀਆ ਨੇ ਹੈਰਾਨੀ ਪ੍ਰਗਟ ਕੀਤੀ ਕਿ ਕਿਸ ਤਰੀਕੇ ਕਾਂਗਰਸ ਹਾਈ ਕਮਾਂਡ ਨੇ ਐਸ ਆਈ ਟੀ ਦੀ ਚਲ ਰਹੀ ਜਾਂਚ ਮੁਕੰਮਲ ਕਰਨ ਵਾਸਤੇ ਸਮਾਂ ਹੱਦ ਤੈਅ ਕਰ ਦਿਤੀ ਹੈ | ਉਨ੍ਹਾਂ ਸਵਾਲ ਕੀਤਾ ਕਿ ਹੁਣ ਐਸ ਆਈ ਟੀ ਕਿਸ ਦੇ ਹੁਕਮ ਮੰਨੇਗੀ ਹਾਈ ਕੋਰਟ ਦੇ ਜਾਂ ਫਿਰ ਕਾਂਗਰਸ ਹਾਈ ਕਮਾਂਡ ਦੇ? ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਸੂਬੇ ਵਿਚ ਹੁਣ ਤਕ ਗੁਪਤ ਰਖਿਆ ਭੇਦ ਜ਼ਾਹਰ ਕਰ ਦਿਤਾ ਹੈ ਕਿ ਪਿਛਲੀ ਐਸ ਆਈ ਟੀ ਨੇ ਵੀ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਬਲਕਿ ਚੰਡੀਗੜ੍ਹ ਤੇ ਦਿੱਲੀ ਦੇ ਸਿਆਸੀ ਆਕਾਵਾਂ ਦੇ ਹੁਕਮਾਂ ਦੀ ਪਾਲਣਾ ਕੀਤੀ | ਉਨ੍ਹਾਂ ਕਿਹਾ ਕਿ ਇਹ ਸੱਭ ਕੱੁਝ ਹਾਈ ਕੋਰਟ ਦੇ ਹੁਕਮਾਂ ਦੇ ਉਲਟ ਹੈ ਕਿਉਂਕਿ ਐਸ ਆਈ ਟੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੂੰ ਵੀ ਜਵਾਬਦੇਹ ਨਹੀਂ ਹੈ | ਪਰ ਇਸਦੇ ਬਾਵਜੂਦ ਕਾਂਗਰਸ ਨੇ ਮੁੱਖ ਮੰਤਰੀ ਨੁੰ ਹੁਕਮ ਦਿੱਤਾ ਹੈ ਕਿ ਐਸ ਆਈ ਟੀ ਦੀ ਜਾਂਚ ਇਕ ਮਹੀਨੇ ਦੇ ਅੰਦਰ ਅੰਦਰ ਮੁਕੰਮਲ ਕੀਤੀ ਜਾਵੇ | ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਕਾਂਗਰਸ ਸਰਕਾਰ ਨੇ ਪਿਛਲੀ ਐਸ ਆਈ ਟੀ ਨੂੰ ਸਿਰਫ ਰਬੜ ਦੀ ਮੋਹਰ ਵਾਂਗੂ ਵਰਤਿਆ ਹੈ | ਸਰਦਾਰ ਮਜੀਠੀਆ ਤੇ ਡਾ. ਚੀਮਾ ਨੇ ਕਿਹਾ ਕਿ ਪਹਿਲਾਂ ਹਾਈ ਕੋਰਟ ਵੱਲੋਂ ਜਾਂਚ ਦਾ ਸਿਆਸੀਕਰਨ ਕਰਨ ਲਈ ਕੁੰਵਰ ਵਿਜੇ ਪ੍ਰਤਾਪ ਨੂੰ ਦੋਸ਼ੀ ਠਹਿਰਾਉਣਾ ਤੇ ਹੁਣ ਕਾਂਗਰਸ ਹਾਈ ਕਮਾਂਡ ਵੱਲੋਂ ਐਸਆਈ ਟੀ ਜਾਂਚ ਇਕ ਮਹੀਨੇ ਦੇ ਅੰਦਰ ਅੰਦਰ ਮੁਕੰਮਲ ਕਰਨ ਦੇ ਹੁਕਮ ਅਕਾਲੀਆਂ ਤੇ ਉਹਨਾਂ ਦੀ ਉਸ ਵੇਲੇ ਦੀ ਸਰਕਾਰ ਦੇ ਖਿਲਾਫ ਸਾਜ਼ਿਸ਼ ਦਾ ਪ੍ਰਤੁੱਖ ਪ੍ਰਮਾਣ ਹਨ ਜੋ ਕਿ ਬੇਅਦਬੀ ਦੀਆਂ ਘਟਨਾਵਾਂ ਨਾਲ ਸ਼ੁਰੂ ਹੋਈ ਤੇ ਇਸ ਵੇਲੇ ਵੀ ਜਾਰੀ ਹੈ |
image