ਬਟਾਲਾ 'ਚ ਚੋਰਾਂ ਨੇ ਕੀਤਾ ਹੱਥ ਸਾਫ਼, ਘਰ 'ਚ ਪਈ ਨਕਦੀ ਤੇ ਗਹਿਣੇ ਲੈ ਕੇ ਹੋਏ ਰਫੂਚੱਕਰ

ਏਜੰਸੀ

ਖ਼ਬਰਾਂ, ਪੰਜਾਬ

ਥਾਣਾ ਘਣੀਏ ਕੇ ਬਾਂਗਰ ਵਿਖੇ ਬਣਦੀਆਂ ਧਾਰਾਵਾਂ ਹੇਠ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।

File Photo

ਬਟਾਲਾ- ਆਮ ਤੌਰ 'ਤੇ ਹਰ ਰੋਜ਼ ਕੋਈ ਨਾ ਕੋਈ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ ਤੇ ਇਹ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਬਟਾਲਾ ’ਚ ਘਰ ਵਿੱਚ ਦਾਖਲ ਹੋ ਕੇ ਚੋਰਾਂ ਵਲੋਂ ਨਕਦੀ ਤੇ ਗਹਿਣੇ ਚੋਰੀ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਿਸ ਥਾਣਾ ਘਣੀਏ ਕੇ ਬਾਂਗਰ ਨੂੰ ਦਿੱਤੀ ਜਾਣਕਾਰੀ ਵਿੱਚ ਕਿਸ਼ਨ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਾਰੋਵਾਲ ਨੇ ਦੱਸਿਆ ਕਿ ਬੀਤੀ 21 ਜੂਨ ਨੂੰ ਆਪਣੀ ਮੋਬਾਈਲ ਰਿਪੇਅਰ ਦੀ ਦੁਕਾਨ ’ਤੇ ਫਤਿਹਗੜ੍ਹ ਚੂੜੀਆਂ ਵਿਖੇ ਚਲਾ ਗਿਆ।

 

ਉਸ ਦੀ ਮਾਤਾ ਨਰਿੰਦਰ ਕੌਰ ਤੇ ਪਤਨੀ ਅਮਨਦੀਪ ਕੌਰ ਗੁਰਦੁਆਰਾ ਸ੍ਰੀ ਓਠੀਆਂ ਸਾਹਿਬ ਵਿਖੇ ਮੱਥਾ ਟੇਕਣ ਲਈ ਚਲੀਆਂ ਗਈਆਂ। ਕਿਸ਼ਨ ਨੇ ਦੱਸਿਆ ਕਿ ਉਸ ਦੀ ਭੈਣ ਕਿਰਨਜੀਤ ਕੌਰ ਬਟਾਲਾ ਵਿਖੇ ਆਪਣੇ ਕੰਮ ’ਤੇ ਚਲੀ ਗਈ ਸੀ। ਕਿਸ਼ਨ ਸਿੰਘ ਮੁਤਾਬਿਕ ਦੁਪਹਿਰ ਸਾਢੇ 3 ਵਜੇ ਦੇ ਕਰੀਬ ਜਦੋਂ ਉਸ ਦੀ ਪਤਨੀ ਤੇ ਮਾਤਾ ਘਰ ਵਾਪਸ ਆਈਆਂ ਤਾਂ ਦੇਖਿਆ ਕਿ ਘਰ ਦੇ ਕਮਰਿਆਂ ਨੂੰ ਅੰਦਰੋਂ ਕੁੰਡੀ ਲੱਗੀ ਹੋਈ ਸੀ ਅਤੇ ਖਿੜਕੀ ਵਾਲਾ ਸ਼ੀਸ਼ਾ ਟੁੱਟਾ ਪਿਆ ਸੀ।

ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਕਮਰਿਆਂ ਵਿਚ ਪਈਆਂ ਅਲਮਾਰੀਆਂ ਨੂੰ ਚੈੱਕ ਕੀਤਾ ਗਿਆ ਤਾਂ ਦੇਖਿਆ ਕਿ ਚੋਰ ਇਕ ਅਲਮਾਰੀ ਵਿਚੋਂ ਇਕ ਮੋਬਾਈਲ ਸੀ-12 ਰੀਅਲਮੀ, 1 ਮੋਬਾਈਲ ਸੈਮਸੰਗ ਜੇ-6.01, ਮੋਬਾਈਲ ਪ੍ਰਾਈਮ ਸੈਮਸੰਗ, ਵਾਲੀਆਂ ਸੋਨਾ 5 ਗ੍ਰਾਮ, ਸ਼ਾਪ ਜੈਂਟਸ 5 ਗ੍ਰਾਮ ਤੇ 25000 ਰੁਪਏ ਨਕਦੀ ਅਤੇ ਦੂਜੀ ਅਲਮਾਰੀ ਵਿਚੋਂ 10 ਹਜ਼ਾਰ ਰੁਪਏ ਨਕਦੀ ਚੋਰੀ ਕਰਕੇ ਰਫੂਚੱਕਰ ਹੋ ਚੁੱਕੇ ਸਨ।

ਇਹ ਵੀ ਪੜ੍ਹੋ -  ਆਕਸੀਜਨ ਸੰਕਟ ਦੀ ਰਿਪੋਰਟ 'ਤੇ ਘਿਰੀ ਕੇਜਰੀਵਾਲ ਸਰਕਾਰ, ਸਿਸੋਦੀਆ ਬੋਲੇ-ਅਜਿਹੀ ਕੋਈ ਰਿਪੋਰਟ ਹੀ ਨਹੀਂ

ਘਟਨਾ ਸਥਾਨ ’ਤੇ ਪੁੱਜੇ ਏ.ਐੱਸ.ਆਈ ਅਮਰਜੀਤ ਸਿੰਘ ਨੇ ਇਸ ਮਾਮਲੇ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਥਾਣਾ ਘਣੀਏ ਕੇ ਬਾਂਗਰ ਵਿਖੇ ਬਣਦੀਆਂ ਧਾਰਾਵਾਂ ਹੇਠ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।