ਯੂਥ ਕਾਂਗਰਸ ਦੇ ਪੰਜਾਬ ਬੁਲਾਰੇ ਨੇ ਬਾਦਲਾਂ ਵਿਰੁਧ ਖੋਲਿ੍ਹਆ ਮੋਰਚਾ
ਯੂਥ ਕਾਂਗਰਸ ਦੇ ਪੰਜਾਬ ਬੁਲਾਰੇ ਨੇ ਬਾਦਲਾਂ ਵਿਰੁਧ ਖੋਲਿ੍ਹਆ ਮੋਰਚਾ
ਬਾਦਲਾਂ ਨੂੰ ਪੰਥ ਵਿਚੋਂ ਛੇਕਣ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਭੇਜਿਆ
ਤਰਨਤਾਰਨ, 24 ਜੂਨ (ਅਜੀਤ ਸਿੰਘ ਘਰਿਆਲਾ): ਯੂਥ ਕਾਂਗਰਸ ਦੇ ਪੰਜਾਬ ਬੁਲਾਰੇ ਐਡਵੋਕੇਟ ਜਗਮੀਤ ਸਿੰਘ ਢਿੱਲੋਂ ਗੰਡੀਵਿੰਡ ਨੇ ਕਾਂਗਰਸ ਭਵਨ ਤਰਨਤਾਰਨ ਵਿਖੇ ਪ੍ਰੈੱਸ ਕਾਨਫ਼ਰੰਸ ਕਰ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ 'ਚੋਂ ਛੇਕਣ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਭੇਜਿਆ ਹੈ | ਉਨ੍ਹਾਂ ਕਿਹਾ ਕਿ ਸਾਰਾ ਪੰਜਾਬ ਜਾਣ ਚੁਕਾ ਹੈ ਕਿ ਇਨ੍ਹਾਂ ਨੇ ਹੀ ਬਰਗਾੜੀ ਗੋਲੀ ਕਾਂਡ 'ਚ ਨੂੰ ਅੰਜਾਮ ਦਿਵਾਇਆ ਹੈ | ਇਸ ਲਈ ਇਨ੍ਹਾਂ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਗਾ ਰਹੇ |
ਐਡਵੋਕੇਟ ਢਿੱਲੋ ਨੇ ਕਿਹਾ ਕਿ ਜੇਕਰ ਸਾਡੀ ਇਹ ਮੰਗ ਨਾ ਮੰਨੀ ਗਈ ਤਾਂ ਅਸੀ ਸ਼ਾਂਤਮਾਈ ਢੰਗ ਨਾਲ ਅੰਮਿ੍ਤਸਰ ਵਿਖੇ ਧਰਨਾ ਦੇਵਾਂਗੇ, ਉਦੋਂ ਤਕ ਜਦੋਂ ਤਕ ਇਨ੍ਹਾਂ ਨੂੰ ਪੰਥ 'ਚੋਂ ਛੇਕਿਆ ਨਹੀਂ ਜਾਂਦਾ | ਢਿੱਲੋਂ ਨੇ ਕਿਹਾ ਕਿ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਆਧਾਰ ਨਹੀਂ ਜਿਸ ਦੀ ਮਿਸਾਲ ਬਹੁਜਨ ਸਮਾਜ ਪਾਰਟੀ ਨਾਲ ਕੀਤੇ ਗਏ ਗਠਜੋੜ ਤੋਂ ਮਿਲਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ.ਟੀ.ਆਈ.) ਗਠਤ ਕੀਤੀ ਗਈ ਹੈ, ਜੋ ਕਿ ਬੇਅਦਬੀ ਮਾਮਲਿਆਂ ਦੇ
ਦੋਸ਼ੀਆਂ ਖਿਲਾਫ ਕਾਰਵਾਈ ਵਿੱਚ ਲੱਗੀ ਹੋਈ ਹੈ | ਪੂਰੀ ਉਮੀਦ ਹੈ ਕਿ ਬੇਅਦਬੀ ਦੇ ਦੋਸ਼ੀ ਜਲਦ ਹੀ ਸਲਾਖਾ ਪਿੱਛੇ ਹੋਣਗੇ | ਐਡਵੋਕੇਟ ਢਿੱਲੋਂ ਗੰਡੀਵਿੰਡ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਾਸੋਂ ਮੰਗ ਕੀਤੀ ਕਿ ਬੇਅਦਬੀ ਕਰਨ ਵਾਲਿਆਂ ਦੋਸ਼ੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤਲਬ ਕਰਕੇ ਸਖਤ ਸਜ਼ਾਵਾਂ ਦਿੱਤੀਆ ਜਾਣ | ਇਸ ਮੌਕੇ 'ਤੇ ਯੂਥ ਕਾਂਗਰਸੀ ਆਗੂ ਨਵਜੋਤ ਸਿੰਘ ਧਾਲੀਵਾਲ, ਪ੍ਰੋ. ਇੰਦਰਜੀਤ ਸਿੰਘ ਕਸੇਲ, ਅਜੈਪਾਲ ਸਿੰਘ, ਲਵਲੀ ਪੰਡੋਰੀ, ਦਿਲਬਾਗ ਸਿੰਘ ਸੋਨੂੰ, ਪ੍ਰਭ ਪੰਨੂੰ, ਅਨੂਪ ਢਿੱਲੋਂ, ਉਪਦੇਸ਼ ਸਿੰਘ, ਸ਼ੁਭਮ ਸ਼ਰਮਾ, ਅਮਨ ਸਿੰਘ, ਤੇਜਿੰਦਰ ਸਿੰਘ, ਜਸਮੀਤ ਸਿੰਘ ਬਿੱਟੂ, ਸੁਖਪਾਲ ਸਿੰਘ, ਹਰਪਾਲ ਸਿੰਘ, ਸੁਖਦੇਵ ਸਿੰਘ, ਮਲਕੀਤ ਸਿੰਘ ਤੇ ਮਨੀ ਸ਼ਾਹ ਮੌਜੂਦ ਸਨ |