ਕੁੰਵਰ ਵਿਜੇ ਪ੍ਰਤਾਪ ਨੇ ਚੁੱਕਿਆ ਅੰਮ੍ਰਿਤਸਰ ਸਰਕਟ ਹਾਊਸ ਨੂੰ ਠੇਕੇ 'ਤੇ ਦੇਣ ਦਾ ਮੁੱਦਾ, ਵਿਜੀਲੈਂਸ ਜਾਂਚ ਦੀ ਕੀਤੀ ਮੰਗ
ਸਾਬਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ 'ਤੇ ਲਗਾਏ ਰਿਸ਼ਤੇਦਾਰਾਂ ਨੂੰ ਠੇਕੇ 'ਤੇ ਦੇਣ ਦੇ ਇਲਜ਼ਾਮ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਾਬਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਇਹ ਇਲਜ਼ਾਮ ਪੀਪੀਪੀ ਮੋਡ ’ਤੇ ਦਿੱਤੇ ਗਏ ਤਿੰਨ ਸਰਕਟ ਹਾਊਸਾਂ ਸਬੰਧੀ ਲਾਏ ਗਏ ਸਨ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਇਸ ਮਾਮਲੇ ਦੀ ਜਾਂਚ ਕਰਵਾਉਣ ਮੰਗ ਕੀਤੀ ਹੈ।
ਦੱਸ ਦੇਈਏ ਕਿ ਕੁੰਵਰ ਵਿਜੇ ਪ੍ਰਤਾਪ ਨੇ ਸ਼ਨੀਵਾਰ ਯਾਨੀ ਅੱਜ ਵਿਧਾਨ ਸਭਾ ਵਿੱਚ ਪੰਜਾਬ ਦੇ ਤਿੰਨ ਸਰਕਟ ਹਾਊਸਾਂ ਦਾ ਮੁੱਦਾ ਚੁੱਕਿਆ। ਜ਼ਿਕਰਯੋਗ ਹੈ ਕਿ ਪਿਛਲੀ ਕੈਪਟਨ ਸਰਕਾਰ ਨੇ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਦੇ ਸਰਕਟ ਹਾਊਸਾਂ ਨੂੰ ਪੀਪੀਪੀ ਮੋਡ ’ਤੇ ਦਿੱਤਾ ਸੀ। ਕੁੰਵਰ ਨੇ ਦੋਸ਼ ਲਗਾਇਆ ਹੈ ਕਿ ਇਨ੍ਹਾਂ ਸਰਕਟ ਹਾਊਸਾਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਚਮਨ ਲਾਲ ਐਂਡ ਸੰਨਜ਼, ਸਰਵ ਅਲਾਇੰਸ ਹਾਸਪਿਟੈਲਿਟੀ ਅਤੇ ਸਰੋਵਰ ਹੋਟਲ ਅੰਮ੍ਰਿਤਸਰ ਨੂੰ ਦਿੱਤੀ ਗਈ ਹੈ।
ਕੁੰਵਰ ਵਿਜੇ ਪ੍ਰਤਾਪ ਨੇ ਦੋਸ਼ ਲਗਾਇਆ ਕਿ ਇਨ੍ਹਾਂ ਵਿੱਚੋਂ ਦੋ ਕੰਪਨੀਆਂ ਓਪੀ ਸੋਨੀ ਦੇ ਰਿਸ਼ਤੇਦਾਰਾਂ ਦੀਆਂ ਹਨ। ਕੁੰਵਰ ਨੇ ਦੋਸ਼ ਲਾਇਆ ਕਿ ਅੰਮ੍ਰਿਤਸਰ ਵਿੱਚ ਸਰੋਵਰ ਹੋਟਲ ਦਾ ਮਾਲਕ ਓਪੀ ਸੋਨੀ ਦੇ ਪਰਿਵਾਰ ਵਿੱਚੋਂ ਹੈ। ਸਰਵ ਅਲਾਇੰਸ ਹਾਸਪਿਟੈਲਿਟੀ ਦੇ ਡਾਇਰੈਕਟਰ ਸੰਦੀਪ ਸੋਨੀ ਵੀ ਓਪੀ ਸੋਨੀ ਦੇ ਰਿਸ਼ਤੇਦਾਰ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਸਰਕਟ ਹਾਊਸ ਲੋਕਤੰਤਰ ਦਾ ਪ੍ਰਤੀਕ ਹੈ। ਇਸਦਾ ਇੱਕ ਟਰੱਸਟੀ ਹੈ ਜਿਸਦਾ ਕੰਮ ਸਾਰੇ ਪ੍ਰਬੰਧਨ ਦੀ ਦੇਖਭਾਲ ਕਰਨਾ ਹੈ ਸਗੋਂ ਇਸਨੂੰ ਵੇਚਣਾ ਨਹੀਂ ਹੈ। ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਆਮ ਪ੍ਰਸ਼ਾਸਨ ਵਿਭਾਗ ਦੀ ਕੀ ਸ਼ਕਤੀ ਹੈ ਕਿ ਉਹ ਇਸ ਨੂੰ ਕਿਸੇ ਪ੍ਰਾਈਵੇਟ ਕੰਪਨੀ ਕੋਲ ਗਿਰਵੀ ਰੱਖਣ ਦੇ ਤੌਰ 'ਤੇ ਦਿਖਾਏ? ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਨੂੰ ਕਲੀਅਰ ਕਰਨ ਲਈ ਹੀ ਨਹੀਂ ਸਗੋਂ ਕਈ ਵੱਡੇ ਕੇਬਲ ਮਾਫੀਆ ਦਾ ਪਰਦਾਫਾਸ਼ ਕਰਨ ਲਈ ਵੀ ਜਾਂਚ ਹੋਣੀ ਚਾਹੀਦੀ ਹੈ।
ਕੁੰਵਰ ਵਿਜੇ ਪ੍ਰਤਾਪ ਅਨੁਸਾਰ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੋਂ ਪੁੱਛਿਆ ਸੀ ਕਿ ਜਿਨ੍ਹਾਂ ਕੰਪਨੀਆਂ ਨੂੰ ਇਹ ਤਿੰਨੇ ਸਰਕਟ ਹਾਊਸ ਪੀਪੀਪੀ ਮੋਡ 'ਤੇ ਦਿੱਤੇ ਗਏ ਹਨ, ਕੀ ਉਹ ਓ.ਪੀ.ਸੋਨੀ ਦੇ ਰਿਸ਼ਤੇਦਾਰਾਂ ਨਾਲ ਸਬੰਧਤ ਹਨ? ਕੁੰਵਰ ਵਿਜੇ ਪ੍ਰਤਾਪ ਅਨੁਸਾਰ ਉਨ੍ਹਾਂ ਦੇ ਸਵਾਲ ਦੇ ਜਵਾਬ ਵਿੱਚ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵਿਧਾਨ ਸਭਾ ਇਜਲਾਸ ਦੌਰਾਨ ਬੋਲਦੇ ਹੋਏ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।