ਪੰਜਾਬ ਵਿਧਾਨ ਸਭਾ ਸੈਸ਼ਨ : ਗੰਨੇ ਦੇ ਬਕਾਏ ਤੇ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸਰਕਾਰ ਤੇ ਵਿਰੋਧੀ ਧਿਰਾਂ ਆਹਮੋ-ਸਾਹਮਣੇ
ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ -ਪਿਛਲੀ ਸਰਕਾਰ ਵੇਲੇ ਹੋਈ ਘਪਲੇਬਾਜ਼ੀ, ਪ੍ਰਤਾਪ ਬਾਜਵਾ ਬੋਲੇ -ਤੱਥਾਂ ਦੇ ਅਧਾਰ 'ਤੇ ਦਿਓ ਬਿਆਨ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਦੂਜਾ ਦਿਨ ਸੀ। ਇਸ ਦੌਰਾਨ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ‘ਆਪ’ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਮੰਨਿਆ ਹੈ ਕਿ ਉਨ੍ਹਾਂ ਕੋਲ ਸੂਚੀ ਹੈ। ਕਾਂਗਰਸ ਆਗੂਆਂ ਵਲੋਂ ਇਸ ਦਾ ਵਿਰੋਧ ਕੀਤਾ। ਸੈਸ਼ਨ ਦੀ ਸ਼ੁਰੂਆਤ ਵਿੱਚ ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਇਸ ਸਮੇਂ ਬਾਜ਼ਾਰ ਵਿੱਚ ਰੇਤ ਦਾ ਔਸਤ ਮੁੱਲ 26 ਤੋਂ 28 ਰੁਪਏ ਅਤੇ ਬਜਰੀ ਦਾ 29 ਤੋਂ 30 ਰੁਪਏ ਹੈ।
16 ਮਾਰਚ ਤੋਂ 22 ਜੂਨ 2022 ਤੱਕ 30 ਕਰੋੜ 8 ਲੱਖ ਦਾ ਮਾਲੀਆ ਇਕੱਠਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੀ ਨੀਤੀ ਅਨੁਸਾਰ 7 ਬਲਾਕ ਦਿੱਤੇ ਗਏ ਸਨ, ਜਿਨ੍ਹਾਂ ਵਿੱਚੋਂ 3 ਬੰਦ ਵੀ ਹਨ। ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ 277 ਕੇਸ ਦਰਜ ਕੀਤੇ ਗਏ ਹਨ। ਮਾਈਨਿੰਗ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਸਾਢੇ 5 ਰੁਪਏ ਫੁੱਟ ਰੇਟ ਕਿਹਾ ਸੀ ਪਰ ਨਹੀਂ ਮਿਲਿਆ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਜਿੰਨਾ ਮਾਲੀਆ ਪੰਜ ਸਾਲ ਵਿਚ ਇਕੱਠਾ ਕੀਤਾ ਹੈ ਉਸ ਦੇ ਬਰਾਬਰ ਉਹ ਇੱਕ ਸਾਲ ਵਿਚ ਲਿਆ ਕੇ ਦਿਖਾਉਣਗੇ। ਇਸ ਬਾਰੇ ਬੋਲਦਿਆਂ ਬੈਂਸ ਨੇ ਕਿਹਾ, ''ਪੰਜਾਬ ਦੀ ਜਨਤਾ ਨੂੰ ਸਸਤੀ ਰੇਤਾ ਤੇ ਬੱਜਰੀ ਦੇਣ ਦੀ ਜ਼ਿੰਮੇਵਾਰੀ ਸਾਡੀ ਸਰਕਾਰ ਦੀ ਹੈ। ਜਿੰਨਾ ਮਾਲੀਆ ਪਿਛਲੇ ਪੰਜ ਸਾਲ 'ਚ ਇਕੱਠਾ ਹੋਇਆ ਉਹ ਅਸੀਂ ਇੱਕ ਸਾਲ ਵਿਚ ਲਿਆਵਾਂਗੇ।'' ਉਨ੍ਹਾਂ ਕਿਹਾ ਕਿ ਮਾਈਨਿੰਗ ਇੱਕ ਗੰਭੀਰ ਮੁੱਦਾ ਹੈ ਜਿਸ ਨੂੰ ਕਿਸੇ ਵੀ ਸਿਆਸੀ ਆਗੂ ਨੇ ਗੰਭੀਰਤਾ ਨਾਲ ਨਹੀਂ ਲਿਆ। ਪਿਛਲੀ ਸਰਕਾਰ ਵੇਲੇ ਘਪਲੇਬਾਜ਼ੀ ਹੋਈ। ਨਾਜਾਇਜ਼ ਮਾਈਨਿੰਗ ਦੇ 277 ਕੇਸ ਦਰਜ ਕੀਤੇ ਜਾ ਚੁੱਕੇ ਹਨ।
'ਆਪ' ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ 'ਚ ਕਿਹਾ ਸੀ ਕਿ ਉਨ੍ਹਾਂ ਕੋਲ 10 ਪੰਨਿਆਂ ਦੀ ਸੂਚੀ ਹੈ, ਜਿਸ 'ਚ ਰੇਤ ਦੇ ਖੱਡੇ ਚੁੱਕਣ ਵਾਲਿਆਂ ਦੇ ਨਾਂ ਹਨ। ਮੈਂ ਉਸਦਾ ਨਾਮ ਨਹੀਂ ਲੈਣਾ ਚਾਹੁੰਦਾ। ਅਰੋੜਾ ਨੇ ਮੰਤਰੀ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਅਜਿਹੀ ਕੋਈ ਸੂਚੀ ਮਿਲੀ ਹੈ। ਮੰਤਰੀ ਬੈਂਸ ਨੇ ਕਿਹਾ ਕਿ ਉਹ ਇਸ ਬਾਰੇ ਬਜਟ ਤੋਂ ਬਾਅਦ ਦੱਸਣਗੇ। ਇਸ ਮਾਮਲੇ ਵਿੱਚ ਇੱਕ ਸਾਬਕਾ ਵਿਧਾਇਕ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਹੈ।
ਆਪਣੀ ਸਰਕਾਰ 'ਤੇ ਲੱਗੇ ਇਲਜ਼ਾਮ ਬਾਰੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਸ ਬਾਰੇ ਜਾਂਚ ਕਰਵਾਈ ਜਾਵੇ ਅਤੇ ਤੱਥਾਂ ਦੇ ਅਧਾਰ 'ਤੇ ਗੱਲ ਕੀਤੀ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਜੋ ਵੀ ਕਿਹਾ ਹੈ ਉਸ ਨੂੰ ਲੈ ਕੇ ਜੇਕਰ ਕਿਸੇ ਖ਼ਿਲਾਫ਼ ਸਬੂਤ ਹਨ ਤਾਂ ਉਸ ਨੂੰ ਫੜ੍ਹ ਕੇ ਅੰਦਰ ਕੀਤਾ ਜਾਵੇ ਪਰ ਬੇਤੁਕੇ ਇਲਜ਼ਾਮ ਨਾ ਲਗਾਏ ਜਾਣ।
ਪਹਿਲ ਦੇ ਅਧਾਰ 'ਤੇ ਕੀਤੀ ਜਾਵੇਗੀ ਕਿਸਾਨਾਂ ਨੂੰ ਗੰਨੇ ਦੇ ਬਕਾਏ ਦੀ ਅਦਾਇਗੀ - ਹਰਪਾਲ ਸਿੰਘ ਚੀਮਾ
ਇਸ ਤੋਂ ਇਲਾਵਾ ਸਦਨ ਵਿਚ ਬੋਲਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਜੋ ਗੰਨੇ ਦੇ ਬਕਾਏ ਰਹਿੰਦੇ ਹਨ ਇਹ ਬਕਾਏ ਪਿਛਲੀ ਸਰਕਾਰ ਵੇਲੇ ਦੇ ਹਨ। ਉਨ੍ਹਾਂ ਕਿਹਾ ਕਿ ਨਿੱਜੀ ਮਿੱਲਾਂ ਦੀ ਜਾਇਦਾਦ ਜ਼ਬਤ ਕਰਕੇ ਗੰਨਾ ਕਿਸਾਨਾਂ ਨੂੰ ਪਹਿਲ ਦੇ ਅਧਾਰ 'ਤੇ ਅਦਾਇਗੀ ਕੀਤੀ ਜਾਵੇਗੀ।
ਦੱਸ ਦੇਈਏ ਕਿ ਮੁੱਖ ਮੰਤਰੀ ਦੇ ਸੰਬੋਧਨ ਦੌਰਾਨ ਹੀ ਕਾਂਗਰਸ ਨੇ ਸਦਨ ਵਿਚੋਂ ਵਾਕਆਊਟ ਕਰ ਦਿਤਾ ਜਿਸ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਹਰ ਵਾਰ ਇਸ ਤਰ੍ਹਾਂ ਹੀ ਕਰਦੀ ਹੈ ਇਨ੍ਹਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਕਾਂਗਰਸ ਵਾਲੇ ਦਿੱਲੀ ਪਾਰਲੀਮੈਂਟ ਵਿਚ ਵੀ ਆਪਣਾ ਪੱਖ ਰੱਖ ਕੇ ਇਸ ਤਰ੍ਹਾਂ ਹੀ ਕਰਦੇ ਸਨ, ਇਨ੍ਹਾਂ ਵਿਚ ਹੋਰਾਂ ਨੂੰ ਬਰਦਾਸ਼ਤ ਕਰਨ ਦੀ ਸਮਰੱਥਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ 30 ਜੂਨ ਤੱਕ ਚੱਲੇਗਾ। 27 ਜੂਨ ਨੂੰ ਪੰਜਾਬ ਦੀ 'ਆਪ' ਸਰਕਾਰ ਆਪਣਾ ਪਹਿਲਾ ਬਜਟ ਪੇਸ਼ ਕਰੇਗੀ। ਵਿੱਤ ਮੰਤਰੀ ਹਰਪਾਲ ਚੀਮਾ ਪੇਪਰ ਰਹਿਤ ਬਜਟ ਪੇਸ਼ ਕਰਨਗੇ। ਸਰਕਾਰ ਦਾ ਦਾਅਵਾ ਹੈ ਕਿ ਇਸ ਵਾਰ ਪੰਜਾਬ ਦਾ ਬਜਟ ਲੋਕਾਂ ਦੀ ਸਲਾਹ ਨਾਲ ਤਿਆਰ ਕੀਤਾ ਗਿਆ ਹੈ।