ਬਜਟ ਇਜਲਾਸ: ਸਦਨ ’ਚੋਂ ਵਾਕਆਊਟ ਕਰਨ ਮਗਰੋਂ ਅਮਨ ਅਰੋੜਾ 'ਤੇ ਵਰ੍ਹੇ ਸੁਖਜਿੰਦਰ ਰੰਧਾਵਾ
ਕਿਹਾ- ਪਵਿੱਤਰ ਸਦਨ ਵਿਚ ਗੁੰਮਰਾਹਕੁੰਨ ਪ੍ਰਚਾਰ ਨਹੀਂ ਕਰਨਾ ਚਾਹੀਦਾ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਦੂਜਾ ਦਿਨ ਵੀ ਹੰਗਾਮਾ ਭਰਪੂਰ ਰਿਹਾ। ਇਜਲਾਸ ਦਾ ਸਮਾਂ ਵਧਾਉਣ ਦੀ ਮੰਗ ਦੇ ਚਲਦਿਆਂ ਕਾਂਗਰਸ ਨੇ ਸਦਨ ’ਚੋਂ ਵਾਕਆਊਟ ਕਰ ਦਿੱਤਾ। ਪੱਤਰਕਾਰਾਂ ਨਾਲ ਗੱਲ ਕਰਦਿਆਂ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹਨਾਂ ਨੇ ਸਦਨ ਵਿਚ ਵਿਧਾਇਕ ਅਮਨ ਅਰੋੜਾ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਜਵਾਬ ਦੇਣਾ ਸੀ ਪਰ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਗਿਆ। ਦਰਅਸਲ ਅਮਨ ਅਰੋੜਾ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਬਰਗਾੜੀ ਦੇ ਮੁੱਦੇ ਅਤੇ ਟਾਰਗੇਟ ਕਿਲਿੰਗ ’ਤੇ ਕੋਈ ਕੰਮ ਨਹੀਂ ਕੀਤਾ।
Sukhjinder Singh Randhawa
ਰੰਧਾਵਾ ਨੇ ਦੱਸਿਆ ਕਿ ਟਾਰਗੇਟ ਕਿਲਿੰਗ ਵਿਚ 7 ਵਿਅਕਤੀ ਫੜੇ ਗਏ ਹਨ, ਇਹਨਾਂ ਵਿਚ ਇਕ ਧਰਮਿੰਦਰ ਸਿੰਘ ਗੁਗਨੀ ਅਤੇ ਜਗਤਾਰ ਜੌਹਲ ਗਲਾਸਗੋ (ਸਕਾਟਲੈਂਡ) ਤੋਂ ਆਉਂਦੇ ਸੀ ਅਤੇ ਪੰਜਾਬ ਵਿਚ ਕਿਲਿੰਗ ਕਰਕੇ ਵਾਪਸ ਚਲੇ ਜਾਂਦੇ ਸੀ। ਇਸ ਮਸਲੇ ਨੂੰ ਹੱਲ ਕੀਤਾ ਗਿਆ। ਇਸ ਵਿਚ ਸਭ ਤੋਂ ਪਹਿਲਾਂ ਜੰਮੂ ਦੇ ਰਹਿਣ ਵਾਲੇ ਦਲਜੀਤ ਸਿੰਘ ਜਿੰਮੀ ਨੂੰ ਫੜਿਆ ਗਿਆ। ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਕੌਮੀ ਜਾਂਚ ਏਜੰਸੀ ਕੋਲ ਭੇਜਿਆ ਗਿਆ ਹੈ ਅਤੇ ਫੜੇ ਗਏ 7 ਵਿਅਕਤੀ ਅੱਜ ਵੀ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹਨ।
MLA Aman Arora
ਬਰਗਾੜੀ ਮਸਲੇ ਨੂੰ ਲੈ ਕੇ ਅਮਨ ਅਰੋੜਾ ਦੇ ਸਵਾਲ ਦਾ ਜਵਾਬ ਦਿੰਦਿਆਂ ਰੰਧਾਵਾ ਨੇ ਕਿਹਾ ਕਿ ਵੱਖ-ਵੱਖ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਹ ਕੇਸ ਅਦਾਲਤ ਵਿਚ ਹੈ, ਇਸ ਉੱਤੇ ਬਹਿਸ ਚੱਲ ਰਹੀ ਹੈ। ਇਸ ਤੋਂ ਇਲਾਵਾ ਬਾਜਾਖ਼ਾਨਾ ਕੇਸ ਦੀਆਂ ਵੀ ਅਦਾਲਤ ਵਿਚ ਤਕਰੀਬਨ ਸਾਰੀਆਂ ਗਵਾਹੀਆਂ ਹੋ ਚੁੱਕੀਆਂ ਹਨ। ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐੱਸਆਈਟੀ ਵੱਲੋਂ ਸੁਨਾਰੀਆ ਜੇਲ੍ਹ ਵਿਚ ਜਾ ਕੇ ਸੌਦਾ ਸਾਧ ਕੋਲੋਂ ਪੁੱਛਗਿੱਛ ਵੀ ਕੀਤੀ ਗਈ। ਇਸ ਦੇ ਨਾਲ ਹੀ ਵਿਪਾਸਨਾ ਅਰੋੜਾ, ਹਨੀਪ੍ਰੀਤ ਅਰੋੜਾ ਸਣੇ ਕਈ ਡੇਰਾ ਪ੍ਰੇਮੀਆਂ ਖ਼ਿਲਾਫ਼ ਕੇਸ ਚਲਾਏ ਗਏ ਅਤੇ ਕਈਆਂ ਨੂੰ ਭਗੌੜਾ ਵੀ ਐਲਾਨਿਆ ਗਿਆ ਸੀ।
Sukhjinder Singh Randhawa
ਰੰਧਾਵਾ ਦਾ ਕਹਿਣਾ ਹੈ ਕਿ ਅਮਨ ਅਰੋੜਾ ਨੇ ਸਿਰਫ਼ ਇਕ ਗੱਲ ਸਹੀ ਕਹੀ ਕਿ ਮੌੜ ਬੰਬ ਬਲਾਸਟ ਕੇਸ ਨੂੰ ਬੰਦ ਕਰ ਦਿੱਤਾ ਗਿਆ। ਇਸ ਨੂੰ ਲੈ ਕੇ ਉਹਨਾਂ ਨੇ ਅਪਣੇ ਮੁੱਖ ਮੰਤਰੀ ਖ਼ਿਲਾਫ਼ ਆਵਾਜ਼ ਵੀ ਚੁੱਕੀ ਕਿ ਤੁਸੀਂ ਕੁੱਝ ਨਹੀਂ ਕੀਤਾ। ਰੰਧਾਵਾ ਨੇ ਕਿਹਾ ਕਿ ਅਸੀਂ ਸਦਨ ਨੂੰ ਪਵਿੱਤਰ ਜਗ੍ਹਾ ਦੱਸਦੇ ਹਾਂ, ਇਸ ਵਿਚ ਸਾਨੂੰ ਗੁੰਮਰਾਹਕੁੰਨ ਪ੍ਰਚਾਰ ਨਹੀਂ ਕਰਨਾ ਚਾਹੀਦਾ। ਰੰਧਾਵਾ ਨੇ ਦੱਸਿਆ ਕਿ ਅਤਿਵਾਦੀਆਂ ਅਤੇ ਗੈਂਗਸਟਰਾਂ ਖ਼ਿਲਾਫ਼ ਆਰਗੈਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (OCCU) ਬਣਾਈ ਗਈ, ਇਸ ਦਾ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਲਾਗਇਆ ਗਿਆ, ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ।
Punjab Vidhan Sabha
ਰੰਧਾਵਾ ਨੇ ਸਵਾਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਨਵੀਂ ਐਂਟੀ ਗੈਂਗਸਟਰ ਟਾਸਕ ਫੋਰਸ ਵਿਚ ਨਵੀਂ ਚੀਜ਼ ਕੀ ਹੈ? ਨਾ ਤਾਂ ਉਹਨਾਂ ਨੂੰ ਸਟਾਫ ਦਿੱਤਾ ਗਿਆ ਅਤੇ ਨਾ ਹੀ ਉਹਨਾਂ ਨੂੰ ਸਰੋਤ ਦਿੱਤੇ ਗਏ। ਬਹਿਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਰੰਧਾਵਾ ਨੇ ਕਿਹਾ ਕਿ ਇਸ ਦੀ ਜਾਂਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸੌਂਪੀ ਗਈ ਸੀ ਅਤੇ ਇਸ ਮਾਮਲੇ ਵਿਚ ਤਤਕਾਲੀ ਐਸਐਸਪੀ ਨੂੰ ਫੜਿਆ ਗਿਆ ਅਤੇ ਇਕ ਆਈਜੀ ਨੂੰ ਸਸਪੈਂਡ ਕੀਤਾ ਗਿਆ।
Sukhjinder Singh Randhawa
ਅਰਵਿੰਦ ਕੇਜਰੀਵਾਲ ’ਤੇ ਹਮਲਾ ਬੋਲਦਿਆਂ ਰੰਧਾਵਾ ਨੇ ਕਿਹਾ ਕਿ ਉਹਨਾਂ ਨੇ ਬਿਕਰਮ ਮਜੀਠੀਆ ਕੋਲੋਂ ਮੁਆਫ਼ੀ ਮੰਗੀ ਸੀ ਅਤੇ ਜਦੋਂ ਕਾਂਗਰਸ ਸਰਕਾਰ ਨੇ ਮਜੀਠੀਆ ਖ਼ਿਲਾਫ਼ ਮਾਮਲਾ ਦਰਜ ਕੀਤਾ ਤਾਂ ਇਹਨਾਂ ਨੇ ਹੀ ਕਿਹਾ ਸੀ ਕਿ ਇਹ ਕਮਜ਼ੋਰ ਕੇਸ ਹੈ। ਇਹ ਕਮਜ਼ੋਰ ਕੇਸ ਅੱਜ ਵੀ ਕਾਇਮ ਹੈ, ਕਿਤੇ ਇਹ ਨਾ ਹੋਵੇ ਕਿ ਉਹਨਾਂ ਦੀ ਸਰਕਾਰ ਇਸ ਕੇਸ ਨੂੰ ਕਮਜ਼ੋਰ ਬਣਾ ਦੇਵੇ। ਮੁੱਖ ਮੰਤਰੀ ਭਗਵੰਤ ਮਾਨ ਬਾਰੇ ਰੰਧਾਵਾ ਨੇ ਕਿਹਾ ਕਿ ਉਹਨਾਂ ਨੂੰ ਸੰਸਦ ਵਿਚ ਕਈ ਵਾਰ ਬੋਲਦੇ ਦੇਖਿਆ ਪਰ ਹੁਣ ਅਜਿਹਾ ਲੱਗ ਗਿਹਾ ਹੈ ਕਿ ਉਹਨਾਂ ਕੋਲ ਸਬਰ ਖ਼ਤਮ ਹੋ ਗਿਆ ਹੈ। ਜਾ ਤਾਂ ਉਹ ਘਬਰਾਹਟ ਵਿਚ ਹਨ ਜਾਂ ਤਾਂ ਉਹ ਸੁਤੰਤਰ ਫੈਸਲਾ ਨਹੀਂ ਲੈ ਸਕਦੇ।