ਦੋ ਦੀ ਥਾਂ ਇਕ ਸ਼ਮਸ਼ਾਨਘਾਟ ਬਣਾਉਣ ਵਾਲੇ ਪਿੰਡਾਂ ਨੂੰ ਦਿੱਤੀ ਜਾਵੇਗੀ 5 ਲੱਖ ਦੀ ਗ੍ਰਾਂਟ - ਕੁਲਦੀਪ ਧਾਲੀਵਾਲ 

ਏਜੰਸੀ

ਖ਼ਬਰਾਂ, ਪੰਜਾਬ

ਪਿੰਡਾਂ ’ਚ ਇਕ ਸ਼ਮਸ਼ਾਨਘਾਟ ਬਣਾਉਣ ਦੀ ਯੋਜਨਾ 2016-17 ’ਚ ਬਾਦਲ ਸਰਕਾਰ ਦੇ ਸਮੇਂ ਬਣੀ ਸੀ

Kuldeep Dhaliwal

 

ਚੰਡੀਗੜ੍ਹ : ਪੰਜਾਬ ਦੀ 16ਵੀਂ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਦੂਜੇ ਦਿਨ ਦੀ ਕਾਰਵਾਈ ਦੌਰਾਨ ਪਾਇਲ ਤੋਂ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪਿੰਡਾਂ ’ਚ ਬਣੇ 2 ਜਾਂ 2 ਤੋਂ ਵੱਧ ਸ਼ਮਸ਼ਾਨਘਾਟ ਸਬੰਧੀ ਸਵਾਲ ਕੀਤਾ। ਉਹਨਾਂ ਕਿਹਾ ਕਿ ਕਈ ਪਿੰਡਾਂ ’ਚ ਜਾਤ-ਪਾਤ ਅਜੇ ਮੰਨਿਆ ਜਾਂਦਾ ਹੈ ਤੇ ਵੱਖ -ਵੱਖ ਜਾਤਾਂ ਲਈ 2-3 ਸ਼ਮਸ਼ਾਨਘਾਟ ਬਣਾਏ ਗਏ ਹਨ। ਗਿਆਸਪੁਰਾ ਨੇ ਇਹ ਰਾਇ ਦਿੱਤੀ ਕਿ ਹਰੇਕ ਪਿੰਡ ’ਚ ਇਕ ਸ਼ਮਸ਼ਾਨਘਾਟ ਰੱਖਣ ਨਾਲ ਲੋਕਾਂ ’ਚ ਆਪਸੀ ਭਾਈਚਾਰਕ ਸਾਂਝ ਵਧ ਸਕਦੀ ਹੈ। ਉਹਨਾਂ ਕਿਹਾ ਕਿ ਕੀ ਸਰਕਾਰ ਦੀ ਇਸ ਨੂੰ ਲੈ ਕੇ ਕੋਈ ਯੋਜਨਾ ਹੈ।

Manwinder Singh Giaspura

ਗਿਆਸਪੁਰਾ ਦੇ ਇਸ ਸਵਾਲ ਦਾ ਜਵਾਬ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਦਿੱਤਾ ਤੇ ਕਿਹਾ ਕਿ ਬਹੁਤੇ ਪਿੰਡਾਂ ’ਚ ਇੱਕ ਤੋਂ ਵੱਧ ਸ਼ਮਸ਼ਾਨਘਾਟ ਹਨ। ਤਕਰੀਬਨ 80 ਫ਼ੀਸਦੀ ਤੋਂ ਵਧੇਰੇ ਪਿੰਡਾਂ ਵਿਚ 2 ਜਾਂ ਇਸ ਤੋਂ ਵਧੇਰੇ ਸ਼ਮਸ਼ਾਨਘਾਟ ਹਨ। ਧਾਲੀਵਾਲ ਨੇ ਜਾਣਕਾਰੀ ਦਿੱਤੀ ਕਿ ਪੇਂਡੂ ਵਿਕਾਸ ਯੋਜਨਾ ਅਨੁਸਾਰ ਦੋ ਦੀ ਥਾਂ ਇਕ ਸ਼ਮਸ਼ਾਨਘਾਟ ਬਣਾਉਣ ਵਾਲੇ ਪਿੰਡਾਂ ਨੂੰ 5 ਲੱਖ ਦੀ ਗ੍ਰਾਂਟ ਦਿੱਤੀ ਜਾਂਦੀ ਹੈ। ਪਿਛਲੀ ਸਰਕਾਰ ਨੇ ਇਸ ਦਾ ਪ੍ਰਚਾਰ ਨਹੀਂ ਕੀਤਾ, ਜਿਸ ਕਾਰਨ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। 

ਉਹਨਾਂ ਕਿਹਾ ਕਿ ਪਿੰਡਾਂ ’ਚ ਇਕ ਸ਼ਮਸ਼ਾਨਘਾਟ ਬਣਾਉਣ ਦੀ ਯੋਜਨਾ 2016-17 ’ਚ ਬਾਦਲ ਸਰਕਾਰ ਦੇ ਸਮੇਂ ਬਣੀ ਸੀ, ਜਿਸ ਦੇ ਬਾਰੇ ਬਹੁਤ ਸਾਰੇ ਪਿੰਡਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਸੀ। ਹੁਣ ਅਸੀਂ ਇਸ ਯੋਜਨਾ ਦਾ ਪ੍ਰਚਾਰ ਕਰ ਰਹੇ ਹਾਂ। ਗ੍ਰਾਮ ਸਭਾਵਾਂ ਤਹਿਤ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਉਮੀਦ ਹੈ ਕਿ ਲੋਕ ਸਾਡਾ ਸਾਥ ਦੇਣਗੇ ਸਾਡੀ ਗੱਲ ਸੁਣਨਗੇ ਤੇ ਆਪਸੀ ਭਾਈਚਾਰੇ ਨੂੰ ਵਧਾਉਣ ਲਈ ਇਸ ਬਾਰੇ ਕਦਮ ਚੁੱਕਣਗੇ।