ਭਾਖੜਾ 'ਚ ਡੁੱਬੀਆਂ 3 ਔਰਤਾਂ 'ਚੋਂ ਇਕ ਦੀ ਮਿਲੀ ਲਾਸ਼, 32 ਸਾਲਾ ਕਮਲੇਸ਼ ਵਜੋਂ ਹੋਈ ਮ੍ਰਿਤਕ ਦੀ ਪਹਿਚਾਣ
ਬੀਤੇ ਦਿਨੀਂ ਝੋਨਾ ਲਗਾਉਣ ਜਾ ਰਹੇ ਕਾਮਿਆਂ ਦਾ ਨਹਿਰ 'ਚ ਡਿੱਗਿਆ ਸੀ ਟਰੈਕਟਰ
ਲਹਿਰਾਗਾਗਾ: ਸੰਗਰੂਰ ਦੇ ਖਨੌਰੀ 'ਚ ਟਰੈਕਟਰ ਸਮੇਤ ਨਹਿਰ 'ਚ ਡੁੱਬਣ ਵਾਲੀਆਂ 3 ਔਰਤਾਂ 'ਚੋਂ ਇਕ ਦੀ ਲਾਸ਼ ਅੱਜ ਸ਼ਾਮ ਟੋਹਾਣਾ ਵਿਖੇ ਨਹਿਰ 'ਚੋਂ ਬਰਾਮਦ ਹੋਈ ਹੈ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਭੇਜ ਦਿਤਾ ਗਿਆ ਹੈ। ਬਾਕੀ 2 ਹੋਰ ਔਰਤਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਜਾਣਕਾਰੀ ਅਨੁਸਾਰ 32 ਸਾਲਾ ਕਮਲੇਸ਼ ਦੀ ਲਾਸ਼ ਟੋਹਾਣਾ ਵਿੱਚ ਸਿੰਚਾਈ ਵਿਭਾਗ ਦੇ ਦਫ਼ਤਰ ਨੇੜੇ ਇਕ ਨਹਿਰ ਵਿਚੋਂ ਮਿਲੀ ਹੈ। ਇਸ ਦੇ ਨਾਲ ਹੀ ਲਾਪਤਾ 18 ਸਾਲਾ ਪਾਇਲ ਅਤੇ 32 ਸਾਲਾ ਗੀਤਾ ਦਾ ਵੀ ਕੋਈ ਸੁਰਾਗ ਨਹੀਂ ਮਿਲਿਆ ਹੈ।
ਦੱਸ ਦਈਏ ਕਿ ਦੋ ਦਿਨ ਪਹਿਲਾਂ ਟੋਹਾਣਾ ਦੇ ਪਿੱਛੇ ਪੰਜਾਬ ਖੇਤਰ ਦੇ ਪਿੰਡ ਹਰੀਗੜ੍ਹ ਗੇਲਾ ਦੇ ਕੋਲ ਟਰੈਕਟਰ ਚਾਲਕ ਟਰੈਕਟਰ ਤੋਂ ਕੰਟਰੋਲ ਗੁਆ ਬੈਠਾ ਤਾਂ ਟਰੈਕਟਰ ਸਮੇਤ ਸਿੱਧਾ ਨਹਿਰ ਵਿਚ ਡਿੱਗ ਗਿਆ। ਟਰੈਕਟਰ 'ਤੇ 14 ਔਰਤਾਂ ਸਵਾਰ ਸਨ। ਜਿਨ੍ਹਾਂ ਵਿਚੋਂ 11 ਨੂੰ ਬਾਹਰ ਕੱਢ ਲਿਆ ਗਿਆ। ਤਿੰਨ ਲਾਪਤਾ ਸਨ।
ਪੁਲਿਸ ਨੇ ਭਾਲ ਕੀਤੀ ਪਰ ਪਤਾ ਨਹੀਂ ਲੱਗ ਸਕਿਆ। ਬਾਅਦ ਵਿਚ ਬਠਿੰਡਾ ਤੋਂ NDRF ਦੀ ਟੀਮ ਬੁਲਾਈ ਗਈ। ਟੀਮ ਨੇ ਕਈ ਘੰਟਿਆਂ ਦੀ ਭਾਲ ਤੋਂ ਬਾਅਦ 5 ਕਿਲੋਮੀਟਰ ਨਹਿਰ ਦੀ ਵੀ ਤਲਾਸ਼ੀ ਲਈ ਪਰ ਕੁਝ ਨਹੀਂ ਮਿਲਿਆ, ਅੱਜ ਇਕ ਔਰਤ ਦੀ ਲਾਸ਼ ਬਰਾਮਦ ਹੋਈ ਹੈ।