Punjab News: ਨਸ਼ਾ ਤਸਕਰਾਂ ਖਿਲਾਫ਼ ਐਕਸ਼ਨ ਵਿਚ ਪੰਜਾਬ ਸਰਕਾਰ, ਜਾਇਦਾਦਾਂ ਹੋਣਗੀਆਂ ਜ਼ਬਤ  

ਏਜੰਸੀ

ਖ਼ਬਰਾਂ, ਪੰਜਾਬ

ਪੱਤਰ ਵਿਚ ਲਿਖਿਆ ਗਿਆ ਹੈ ਕਿ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰ ਕੇ ਇਹਨਾਂ ਨੂੰ ਵਿੱਤੀ ਸੱਟ ਮਾਰੀ ਜਾਵੇ

File Photo

Punjab News: ਚੰਡੀਗੜ੍ਹ - ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਨਸ਼ਾ ਤਸਕਰਾਂ ਖਿਲਾਫ਼ ਵੱਡੀ ਕਾਰਵਾਈ ਵਿੱਢੀ ਗਈ ਹੈ। ਸਰਕਾਰ ਵੱਲੋਂ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਹਨ। ਹੁਣ ਇਹ ਜਾਇਦਾਦਾਂ ਕੇਸ ਦਰਜ ਹੋਣ ਮਗਰੋਂ ਕੁਝ ਦਿਨਾਂ ਦੇ ਵਿਚਕਾਰ ਹੀ ਜ਼ਬਤ ਕਰ ਲਈਆਂ ਜਾਣਗੀਆਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਖ਼ਤੀ ਨਾਲ ਆਦੇਸ਼ ਜਾਰੀ ਕਰ ਦਿੱਤੇ ਹਨ।

ਮੁੱਖ ਸਕੱਤਰ ਨੇ ਵੀ ਸੂਬੇ ਦੇ ਸਾਰੇ ਡੀਸੀਜ਼ ਨੂੰ ਪੱਤਰ ਲਿੱਖ ਕੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਨਾਮਜ਼ਦ ਵਿਅਕਤੀਆਂ ਦੀ ਜਾਇਦਾਦ ਦੇ ਵੇਰਵੇ ਜਲਦ ਪੁਲਿਸ ਨਾਲ ਸਾਂਝੇ ਕਰਨ ਦੇ ਹੁਕਮ ਦਿੱਤੇ ਹਨ। ਪੱਤਰ ਵਿਚ ਕਿਹਾ ਕਿ ਜੇ ਕਿਸੇ ਵੀ ਪੁਲਿਸ ਕਮਿਸ਼ਨਰ, ਐੱਸਐੱਸਪੀ ਜਾਂ ਹੋਰ ਪੁਲਿਸ ਅਧਿਕਾਰੀਆਂ ਵੱਲੋਂ ਅਜਿਹੇ ਵਿਅਕਤੀਆਂ ਦੀ ਜਾਇਦਾਦ ਜ਼ਬਤ ਕਰਨ ਦੇ ਮੰਤਵ ਨਾਲ ਕੋਈ ਜਾਣਕਾਰੀ ਮੰਗੀ ਜਾਂਦੀ ਹੈ ਤਾਂ ਉਹ ਫੌਰੀ ਤੌਰ ’ਤੇ ਸਬੰਧਤ ਪੁਲੀਸ ਅਧਿਕਾਰੀ ਨੂੰ ਦਿੱਤੀ ਜਾਵੇ।

ਇਸ ਤਰ੍ਹਾਂ ਪੰਜਾਬ ਵਿੱਚ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਦੀ ਜਾਇਦਾਦ ਕੇਸ ਦਰਜ ਹੋਣ ਤੋਂ ਕੁਝ ਦਿਨਾਂ ਵਿੱਚ ਹੀ ਜ਼ਬਤ ਕੀਤੀ ਜਾ ਸਕੇਗੀ। ਪੱਤਰ ਵਿਚ ਲਿਖਿਆ ਗਿਆ ਹੈ ਕਿ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰ ਕੇ ਇਹਨਾਂ ਨੂੰ ਵਿੱਤੀ ਸੱਟ ਮਾਰੀ ਜਾਵੇ ਤਾਂ ਜੋ ਇਹ ਅੱਗੇ ਨਾ ਵਧ ਸਕਣ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਦੇ ਫੜੇ ਜਾਣ ’ਤੇ ਉਨ੍ਹਾਂ ਦੀ ਜਾਇਦਾਦ 7 ਤੋਂ 10 ਦਿਨਾਂ ਵਿੱਚ ਜ਼ਬਤ ਕੀਤੀ ਜਾਵੇਗੀ।