ਵਿਕਾਸ ਚਾਰਜ ਵਧਾਉਣ ਦਾ ਮਤਾ ਬਣਿਆ ਕਾਂਗਰਸ ਲਈ ਗਲੇ ਦੀ ਹੱਡੀ, ਵਿਰੋਧੀ ਧਿਰ ਨੇ ਕੀਤਾ ਹੰਗਾਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੰਨਾ, ਖੰਨਾ ਨਗਰ ਕੌਂਸਲ ਦੀ ਮਹੀਨਾਵਾਰ ਬੈਠਕ 'ਚ ਪੰਜਾਬ ਸਰਕਾਰ ਦੇ ਵਿਕਾਸ ਚਾਰਜਸ ਵਧਾਉਣ ਦੇ ਮਤੇ ਦਾ ਜਿਥੇ ਵਿਰੋਧੀ ਧਿਰ ਨੇ ਖੁੱਲ੍ਹ ਕੇ ਵਿਰੋਧ ਕੀਤਾ, ਉਥੇ ਕਾਂਗਰਸੀ ...

Councillor Talwinder Kaur

ਖੰਨਾ, ਖੰਨਾ ਨਗਰ ਕੌਂਸਲ ਦੀ ਮਹੀਨਾਵਾਰ ਬੈਠਕ 'ਚ ਪੰਜਾਬ ਸਰਕਾਰ ਦੇ ਵਿਕਾਸ ਚਾਰਜਸ ਵਧਾਉਣ ਦੇ ਮਤੇ ਦਾ ਜਿਥੇ ਵਿਰੋਧੀ ਧਿਰ ਨੇ ਖੁੱਲ੍ਹ ਕੇ ਵਿਰੋਧ ਕੀਤਾ, ਉਥੇ ਕਾਂਗਰਸੀ ਕੌਂਸਲਰ ਵੀ ਵਿਰੋਧੀ ਧਿਰ 'ਤੇ ਕੋਈ ਪਲਟਵਾਰ ਨਹੀਂ ਕਰ ਸਕੇ। ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੀ ਮੌਜੂਦਗੀ 'ਚ ਕਾਂਗਰਸੀ ਕੌਂਸਲਰਾਂ ਨੇ ਇਸ ਮਤੇ ਨੂੰ ਗ਼ੈਰਜ਼ਰੂਰੀ ਕਰਾਰ ਦਿਤਾ ਜਿਸ ਕਾਰਨ ਮਜਬੂਰ ਹੋ ਕੇ ਨਗਰ ਕੌਂਸਲ ਨੂੰ ਇਹ ਮਦ ਅਗਲੀ ਬੈਠਕ ਲਈ ਟਾਲਣੀ ਪਈ।

ਵਿਰੋਧੀ ਧਿਰ ਨੇ ਇਸ ਨੂੰ ਜਜੀਆ ਕਾਨੂੰਨ ਦੱਸ ਕੇ ਕਿਸੇ ਵੀ ਹਾਲਤ 'ਚ ਪਾਸ ਨਾ ਹੋਣ ਦੇਣ ਦੀ ਗੱਲ ਕਹੀ ਹੈ। ਵਿਰੋਧੀ ਕੌਂਸਲਰਾਂ ਰਾਜਿੰਦਰ ਸਿੰਘ ਜੀਤ, ਇਕਬਾਲ ਸਿੰਘ ਚੰਨੀ, ਸੰਜੀਵ ਧਮੀਜਾ, ਸੁਧੀਰ ਸੋਨੂ, ਅਨਿਲ ਦੱਤ ਫੱਲੀ, ਜਸਦੀਪ ਕੌਰ, ਕਵਿਤਾ ਗੁਪਤਾ ਤੇ ਰਜਨੀ ਫੱਲੀ ਵਲੋਂ ਡਿਸੈਂਡਿੰਗ (ਇਤਰਾਜ) ਨੋਟ ਦਿਤੇ ਗਏ। ਸੱਤਾਪੱਖ ਧਿਰ ਦੇ ਵਿਜੈ ਸ਼ਰਮਾ, ਵੇਦ ਪ੍ਰਕਾਸ਼ ਤੇ ਗੁਰਮੀਤ ਨਾਗਪਾਲ ਨੇ ਇਸ 'ਤੇ ਦੁਬਾਰਾ ਵਿਚਾਰ ਦੀ ਸਲਾਹ ਦਿਤੀ।

ਇਸ ਦੇ ਨਾਲ ਅੰਬੂਜਾ ਹਾਊਸਿੰਗ ਐਂਡ ਅਰਬਨ ਇਨਫ਼ਰਾਸਟਰਕਟਰ ਲਿਮਟਿਡ ਜੋ ਟੀਪੀ ਸਕੀਮ ਲਈ ਬਣੀ ਸੀ, 'ਚ ਸੋਧ ਕਰਨ ਦਾ ਮਤਾ ਸੀ ਜਿਸ 'ਤੇ ਵੀ ਅਕਾਲੀ-ਭਾਜਪਾ ਕੌਂਸਲਰਾਂ ਵਲੋਂ ਡਿਸੈਂਡਿੰਗ ਨੋਟ ਦਿਤਾ ਗਿਆ।   

ਬੂਟੇ ਲਗਾਉਣ ਵਾਲਿਆਂ ਨੂੰ ਦਿਤੇ ਜਾਣ ਟ੍ਰੀ ਗਾਰਡ-ਰੋਸ਼ਾ:- ਵਾਰਡ ਨੰਬਰ-1 ਦੀ ਕੌਂਸਲਰ ਤਲਵਿੰਦਰ ਕੌਰ ਰੋਸ਼ਾ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਸ਼ਹਿਰ ਵਿਚ ਵੱਖ-ਵੱਖ ਸੰਸਥਾਵਾਂ ਬੂਟੇ ਲਗਾਇਆ ਰਹੀਆਂ ਹਨ। ਬੂਟਿਆਂ ਦੀ ਸੰਭਾਲ ਲਈ ਸੰਸਥਾਵਾਂ ਨੂੰ ਟ੍ਰੀ ਗਾਰਡ ਨਗਰ ਕੌਂਸਲ ਵਲੋਂ ਦਿਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਮਾਧੀ ਰੋਡ ਚੌਕ 'ਚ ਜਿਥੇ ਨਜਾਇਜ਼ ਬਸਾਂ ਖੜਦੀਆਂ ਹਨ, ਉਥੇ ਹੀ ਚੌਕ ਵਿਚ ਕੂੜੇ ਦੇ ਢੇਰ ਲੋਕਾਂ ਲਈ ਪ੍ਰੇਸ਼ਾਨੀ ਬਣੇ ਹੋਏ ਹਨ। ਰੋਸ਼ਾ ਨੇ ਵਿਕਾਸ ਚਾਰਜਸ ਵਧਾਉਣ ਦਾ ਵੀ ਵਿਰੋਧ ਕੀਤਾ।

ਸੀਵਰੇਜ ਨੂੰ ਲੈ ਕੇ ਲਾਲੀ ਤੇ ਚੰਨੀ ਆਹਮੋ ਸਾਹਮਣੇ: ਸੀਵਰੇਜ ਪ੍ਰੋਜੈਕਟ ਦੇ ਮੁੱਦੇ ਨੂੰ ਲੈ ਕੇ ਕਾਂਗਰਸੀ ਕੌਂਸਲਰ ਗੁਰਮਿੰਦਰ ਸਿੰਘ ਲਾਲੀ ਤੇ ਅਕਾਲੀ ਕੌਂਸਲਰ ਇਕਬਾਲ ਸਿੰਘ ਚੰਨੀ ਆਹਮੋ ਸਾਹਮਣੇ ਹੋਏ। ਲਾਲੀ ਨੇ ਅਮ੍ਰਿਤ ਸਕੀਮ ਅਧੀਨ ਲੱਗਣ ਵਾਲੇ ਸੀਵਰੇਜ ਪ੍ਰੋਜੈਕਟ 'ਤੇ ਚਰਚਾ 'ਚ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਇਸ ਦੇ ਲਈ ਕੁੱਝ ਨਹੀਂ ਕੀਤਾ। ਚੰਨੀ ਨੇ ਇਤਰਾਜ ਉਠਾਉਂਦੇ ਕਿਹਾ ਕਿ ਸਾਰਾ ਪ੍ਰੋਜੈਕਟ ਕੇਂਦਰ ਦੀ ਐੱਨਡੀਏ ਸਰਕਾਰ ਦਾ ਹੈ।

ਪਿਛਲੀ ਸਰਕਾਰ ਨੇ ਕੁੱਝ ਕੀਤਾ ਹੈ ਤਾਂ ਹੀ ਤਾਂ ਇਹ ਸਰਕਾਰ ਟੈਂਡਰ ਲਗਾ ਰਹੀ ਹੈ। ਦੋਨਾਂ 'ਚ ਕਾਫ਼ੀ ਬਹਿਸ ਇਸ ਮੁੱਦੇ 'ਤੇ ਹੋਈ। ਭਾਜਪਾ ਦੇ ਸੰਜੀਵ ਧਮੀਜਾ ਨੇ ਵਿਧਾਇਕ ਕੋਟਲੀ ਤੋਂ ਮੰਗ ਕੀਤੀ ਕਿ ਅਗਲੀ ਬੈਠਕ 'ਚ ਉਹ ਡਿਟੇਲ ਹਾਊਸ ਦੇ ਸਾਹਮਣੇ ਰੱਖਣ ਕਿ ਇਸ ਪ੍ਰੋਜੈਕਟ 'ਚ ਕੇਂਦਰ ਤੇ ਸੂਬਾ ਸਰਕਾਰ ਦਾ ਕਿੰਨਾ-ਕਿੰਨਾ ਹਿੱਸਾ ਹੈ। ।  

ਗਊਸ਼ਾਲਾ ਨੂੰ ਥਾਂ ਦੇਣ ਦਾ ਮਤਾ ਪਾਸ, ਵਿਰੋਧੀ ਬੈਠਕ ਤੋਂ ਉੱਠੇ: ਬੈਠਕ 'ਚ 11 ਨੰਬਰ ਮਤੇ ਬਘੌਰ 'ਚ ਕੌਂਸਲ ਦੀ ਜ਼ਮੀਨ 'ਤੇ ਗਊਸ਼ਾਲਾ ਬਣਾਉਣ ਨੂੰ ਗੌਰੀ ਸ਼ੰਕਰ ਗਊਸ਼ਾਲਾ ਨੂੰ ਜਗ੍ਹਾ ਦੇਣ ਦਾ ਮਤਾ ਸੀ। ਜਿਸ 'ਤੇ ਚਰਚਾ ਤੋਂ ਪਹਿਲਾ ਹੀ ਵਿਰੋਧੀ ਅਕਾਲੀ-ਭਾਜਪਾ ਕੌਂਸਲਰ ਰਹੱਸਮਈ ਢੰਗ ਨਾਲ ਬੈਠਕ 'ਚੋਂ ਬਾਹਰ ਚਲੇ ਗਏ ਤੇ ਮਤਾ ਪਾਸ ਹੋਣ ਤੋਂ ਬਾਅਦ ਵਾਪਸ ਆਏ। ਹਾਲਾਂਕਿ ਉਨ੍ਹਾਂ ਹਾਊਸ 'ਚ ਇਸ ਦਾ ਕਾਰਨ ਨਹੀਂ ਦਸਿਆ। ਪ੍ਰਧਾਨ ਵਿਕਾਸ ਮਹਿਤਾ ਨੇ ਕਿਹਾ ਕਿ ਇਹ ਮਤਾ ਸ਼ਹਿਰ ਦੇ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਦਾ ਸੀ ਇਸ 'ਤੇ ਅਕਾਲੀ-ਭਾਜਪਾ ਨੂੰ ਚਰਚਾ ਕਰਨੀ ਚਾਹੀਦੀ ਸੀ।

ਬੈਂਚਾਂ ਨੂੰ ਲੈ ਕੇ ਧਰਨੇ 'ਤੇ ਬੈਠੇ ਪਾਲ ਸਿੰਘ: ਵਾਰਡ ਨੰਬਰ 18 ਦੇ ਕੌਂਸਲਰ ਪਾਲ ਸਿੰਘ ਅਚਾਨਕ ਵਿਧਾਇਕ ਕੋਟਲੀ ਤੇ ਪ੍ਰਧਾਨ ਵਿਕਾਸ ਮਹਿਤਾ ਦੇ ਸਾਹਮਣੇ ਜ਼ਮੀਨ 'ਤੇ ਧਰਨੇ 'ਤੇ ਬੈਠ ਗਏ। ਉਨ੍ਹਾਂ ਕਿਹਾ ਕਿ ਸਾਰੇ ਸ਼ਹਿਰ ਨੂੰ ਬੈਂਚ ਦਿਤੇ ਜਾ ਰਹੇ ਹਨ ਪਰ ਉਨ੍ਹਾਂ ਦੇ ਵਾਰਡ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਮਹਿਤਾ ਦੇ ਭਰੋਸੇ ਤੋਂ ਬਾਅਦ ਹੀ ਉਹ ਉੱਠ ਕੇ ਗਏ।

ਗ਼ੰਦਗੀ ਨੂੰ ਲੈ ਕੇ ਵਿਰੋਧੀ ਧਿਰ ਨੇ ਕਮੇਟੀ ਨੂੰ ਘੇਰਿਆ: ਕੌਂਸਲਰ ਰਾਜਿੰਦਰ ਸਿੰਘ ਜੀਤ ਨੇ ਕਿਹਾ ਕਿ ਸ਼ਹਿਰ 'ਚ ਸਫ਼ਾਈ ਵਿਵਸਥਾ ਦਾ ਬੁਰਾ ਹਾਲ ਹੈ। ਇਸ ਤੋਂ ਜ਼ਿਆਦਾ ਗੰਦਗੀ ਕਿਸੇ ਹੋਰ ਸ਼ਹਿਰ 'ਚ ਦੇਖਣ ਨੂੰ ਨਹੀਂ ਮਿਲੇਗੀ। ਸਫ਼ਾਈ ਠੇਕਿਆਂ 'ਚ ਭ੍ਰਿਸ਼ਟਾਚਾਰ ਹੈ ਤੇ ਅੱਧੇ ਤੋਂ ਵੀ ਘੱਟ ਕਰਮਚਾਰੀਆਂ ਨੂੰ ਕੰਮ 'ਤੇ ਭੇਜਿਆ ਜਾਂਦਾ ਹੈ। ਕੌਂਸਲਰ ਸੰਜੀਵ ਧਮੀਜਾ ਨੇ ਸਫ਼ਾਈ ਦੇ ਮੁੱਦੇ 'ਤੇ ਖਰੀ ਖੋਟੀ ਸੁਣਾਉਂਦੇ ਹੋਏ ਠੇਕੇਦਾਰਾਂ ਤੋਂ ਸਫ਼ਾਈ ਕਰਮਚਾਰੀਆਂ ਦੀ ਗਿਣਤੀ ਦਾ ਹਿਸਾਬ ਲੈਣ ਨੂੰ ਕਿਹਾ।

ਕੌਂਸਲਰ ਧਮੀਜਾ ਨੇ ਕਿਹਾ ਕਿ ਇਸ ਸਮੇਂ ਜੋ ਹਾਲਾਤ ਸਫ਼ਾਈ ਵਿਵਸਥਾ ਦੇ ਹਨ, ਉਹ ਕਾਫ਼ੀ ਮਾੜੇ ਹਨ। ਵਾਰਡ ਨੰਬਰ 14 ਦੇ ਕੌਂਸਲਰ ਸੁਧੀਰ ਸੋਨੂ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ 'ਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਲਾਕਾ ਵਾਸੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨ ਲਈ ਮਜਬੂਰ ਹਨ। ਸਰਵਦੀਪ ਸਿੰਘ ਕਾਲੀਰਾਓ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਸ਼ਹਿਰ ਦੇ ਮੁੱਖ ਚੁਰਾਹੇ ਗੰਦਗੀ ਨਾਲ ਭਰੇ ਪਏ ਹਨ ਜਿਸ ਨਾਲ ਸ਼ਹਿਰ ਦਾ ਅਕਸ ਖ਼ਰਾਬ ਹੋ ਰਿਹਾ ਹੈ।

ਵਾਰਡ ਨੰਬਰ 19 ਦੀ ਮਹਿਲਾ ਕੌਂਸਲਰ ਰੂਬੀ ਭਾਟੀਆ ਨੇ ਵਿਧਾਇਕ ਕੋਟਲੀ ਤੇ ਕੌਂਸਲ ਪ੍ਰਧਾਨ ਮਹਿਤਾ ਨੂੰ ਕਿਹਾ ਕਿ ਉਨ੍ਹਾਂ ਦੇ ਵਾਰਡ ਦੀਆਂ ਕੁੱਝ ਸੜਕਾਂ, ਜਿਸ 'ਚ ਬਾਈ ਜੀ ਦੀ ਕੁਟੀਆ ਵਾਲੀ ਸੜਕ ਵੀ ਸ਼ਾਮਲ ਹੈ, ਦਾ ਉਦਘਾਟਨ ਤੁਸੀ ਖ਼ੁਦ ਕਰ ਕੇ ਆਏ ਸੀ ਪਰ ਕਾਫ਼ੀ ਸਮਾਂ ਲੰਘ ਜਾਣ ਦੇ ਬਾਅਦ ਵੀ ਉਹ ਸੜਕਾਂ ਸ਼ੁਰੂ ਨਹੀਂ ਹੋ ਸਕੀਆਂ। ਕੌਂਸਲਰ ਕਵਿਤਾ ਗੁਪਤਾ ਨੇ ਕਮੇਟੀ ਅਧਿਕਾਰੀਆਂ 'ਤੇ ਨਕਸ਼ਿਆਂ ਦੇ ਪੈਸੇ ਜਮ੍ਹਾਂ ਕਰਨ ਤੋਂ ਮਨਾਹੀ ਕਰਨ ਦੇ ਦੋਸ਼ ਵੀ ਲਗਾਏ। ਉਨ੍ਹਾਂ ਕਿਹਾ ਕਿ ਨਕਸ਼ਾ ਪਾਸ ਕਰਵਾਉਣ ਲਈ ਆਉਣ ਵਾਲੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।