ਆਮ ਆਦਮੀ ਪਾਰਟੀ : ਪੰਜਾਬ 'ਚ ਹੁਣ ਤੋਂ ਹੀ ਮੁੱਖ ਮੰਤਰੀ ਚਿਹਰੇ ਲਈ ਲੱਗੀ ਦੌੜ

ਏਜੰਸੀ

ਖ਼ਬਰਾਂ, ਪੰਜਾਬ

ਭਾਵੇਂ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ 'ਚ ਅਜੇ ਸਮਾਂ ਪਿਆ ਹੈ ਪਰ ਆਮ ਆਦਮੀ ਪਾਰਟੀ ਪੰਜਾਬ ਦੇ

Bhagwant Maan

ਚੰਡੀਗੜ੍ਹ, 24 ਜੁਲਾਈ (ਗੁਰਉਪਦੇਸ਼ ਭੁੱਲਰ) : ਭਾਵੇਂ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ 'ਚ ਅਜੇ ਸਮਾਂ ਪਿਆ ਹੈ ਪਰ ਆਮ ਆਦਮੀ ਪਾਰਟੀ ਪੰਜਾਬ ਦੇ ਆਗੂਆਂ 'ਚ ਮੁੱਖ ਮੰਤਰੀ ਦੇ ਉਮੀਦਵਾਰਾਂ ਦਾ ਚਿਹਰਾ ਬਣਨ ਲਈ ਹੁਣ ਤੋਂ ਹੀ ਆਪਸੀ ਦੌੜ ਸ਼ੁਰੂ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇਸ ਵਾਰ 'ਆਪ' ਹਾਈ ਕਮਾਂਡ ਨੇ ਪਿਛਲੇ ਸਮੇਂ ਦੀ ਗ਼ਲਤੀ ਨੂੰ ਸੁਧਾਰਦਿਆਂ ਮੁੱਖ ਮੰਤਰੀ ਦਾ ਚਿਹਰਾ ਚੋਣਾਂ ਤੋਂ ਪਹਿਲਾਂ ਐਲਾਨੇ ਜਾਣ ਦਾ ਫ਼ੈਸਲਾ ਕੀਤਾ ਹੈ।

ਸਿਆਸੀ ਹਲਕਿਆਂ 'ਚ ਚਰਚਾ ਰਹੀ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ 'ਆਪ' ਨੇ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨ ਕੇ ਗ਼ਲਤੀ ਕੀਤੀ ਸੀ ਜਿਸ ਕਾਰਨ ਵੋਟਰ ਵਧੇਰੇ ਆਕਰਸ਼ਿਤ ਨਾ ਹੋ ਸਕੇ ਤੇ 'ਆਪ' ਹਵਾ ਦੇ ਬਾਵਜੂਦ ਸਰਕਾਰ ਨਹੀਂ ਬਣਾ ਸਕੀ ਭਾਵੇਂ ਕਿ ਅਕਾਲੀ ਦਲ ਨੂੰ ਪਛਾੜ ਕੇ ਵਿਰੋਧੀ ਪਾਰਟੀ ਜ਼ਰੂਰ ਬਣ ਗਈ। ਇਸ ਵਾਰ 'ਆਪ' ਵਲੋਂ ਮੁੱਖ ਮੰਤਰੀ ਦਾ ਚਿਹਰਾ ਦੇਣ ਦੀ ਐਲਾਨੀ ਜਾ ਚੁੱਕੀ ਨੀਤੀ ਕਾਰਨ ਹੀ ਪੰਜਾਬ 'ਚ ਕਈ ਆਗੂ ਸਰਗਰਮ ਹੋ ਗਏ ਹਨ।

ਭਾਵੇਂ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਣ ਵਾਲੇ ਤਾਂ ਆਮ ਆਦਮੀ ਪਾਰਟੀ ਪੰਜਾਬ 'ਚ ਅੱਧੀ ਦਰਜਨ ਦੇ ਕਰੀਬ ਹਨ ਪਰ ਤਿੰਨ ਮੁੱਖ ਆਗੂ ਅਪਣੇ ਆਪ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਸਥਾਪਤ ਕਰਨ ਲਈ ਆਪੋ-ਅਪਣੇ ਪੱਧਰ 'ਤੇ ਸਰਗਰਮੀਆਂ ਕਰ ਕੇ ਪੂਰੀ ਕੋਸ਼ਿਸ਼ 'ਚ ਹਨ। ਮੁੱਖ ਤੌਰ 'ਤੇ ਸੰਸਦ ਮੈਂਬਰ ਭਗਵੰਤ ਮਾਨ, ਵਿਧਾਇਕ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਵਿਸ਼ੇਸ਼ ਤੌਰ 'ਤੇ ਇਸ ਦੌੜ 'ਚ ਸ਼ਾਮਲ ਹਨ। ਇਹ ਤਿੰਨੇ ਹੀ ਨੇਤਾ ਇਕੋ ਹੀ ਵਿਸ਼ੇ 'ਤੇ ਇਕੋ ਦਿਨ ਅਲੱਗ-ਅਲੱਗ ਬਿਆਨ ਦਾਗਦੇ ਹਨ ਜਿਸ ਦਾ ਮੁੱਖ ਮਕਸਦ ਲੋਕਾਂ ਤੇ ਪਾਰਟੀ ਹਾਈ ਕਮਾਨ ਅੱਗੇ ਅਪਣੀ ਹਾਜ਼ਰੀ ਦਰਸਾਉਣਾ ਹੀ ਹੈ।

ਇਹ ਗੱਲ ਵੀ ਜ਼ਿਕਰਯੋਗ ਹੈ ਕਿ ਕਾਂਗਰਸ 'ਚ ਨਾਰਾਜ਼ ਬੈਠੇ ਨਵਜੋਤ ਸਿੰਘ ਸਿੱਧੂ ਵਰਗੇ ਪ੍ਰਭਾਵਸ਼ਾਲੀ ਚਿਹਰੇ ਦਾ ਰਾਹ ਵੀ 'ਆਪ' 'ਚ ਆਉਣ ਤੋਂ ਪਾਰਟੀ ਅੰਦਰਲੇ ਮੁੱਖ ਮੰਤਰੀ ਚਿਹਰਾ ਬਣਨ ਦੇ ਚਾਹਵਾਨ ਆਗੂ ਹੀ ਰੋਕ ਰਹੇ ਹਨ। ਆਮ ਆਦਮੀ ਪਾਰਟੀ ਅੰਦਰ ਦੀ ਮੌਜੂਦਾ ਸਥਿਤੀ ਨੂੰ ਵੇਖਿਆ ਜਾਵੇ ਤਾਂ ਪਾਰਟੀ ਦੇ ਪੰਜਾਬ ਵਿਚਲੇ ਆਗੂਆਂ 'ਚੋਂ ਹੀ ਕਿਸੇ ਦਾ ਨੰਬਰ ਐਲਾਨੇ ਜਾਣ ਵਾਲੇ ਮੁੱਖ ਮੰਤਰੀ ਦੇ ਚਿਹਰੇ ਲਈ ਲੱਗ ਸਕਦਾ ਹੈ।

ਢੁਕਵੇਂ ਸਮੇਂ 'ਤੇ ਕੀਤਾ ਜਾਵੇਗਾ ਮੁੱਖ ਮੰਤਰੀ ਚਿਹਰੇ ਦਾ ਐਲਾਨ : ਜਰਨੈਲ ਸਿੰਘ
ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਦਾ ਕਹਿਣਾ ਹੈ ਕਿ ਢੁਕਵੇਂ ਸਮੇਂ 'ਤੇ ਚੋਣਾਂ ਦੇ ਐਲਾਨ ਤੋਂ ਪਹਿਲਾਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਇਸ ਵਾਰ ਜ਼ਰੂਰ ਕੀਤਾ ਜਾਵੇਗਾ। ਪਾਰਟੀ ਪਿਛਲੀਆਂ ਰਹੀਆਂ ਕਮੀਆਂ ਦਾ ਗਹਿਰਾਈ 'ਚ ਵਿਸ਼ਲੇਸ਼ਣ ਕਰ ਕੇ ਭਵਿੱਖ ਦੀ ਰਣਨੀਤੀ ਬਣਾ ਰਹੀ ਹੈ। ਹਾਲੇ ਮੁੱਖ ਮੰਤਰੀ ਚਿਹਰੇ ਬਾਰੇ ਕੋਈ ਚਰਚਾ ਨਹੀਂ ਹੋਈ ਅਤੇ ਪੰਜਾਬ ਦੇ ਆਗੂਆਂ ਦੀ ਸਲਾਹ ਨਾਲ ਹੀ ਕੇਂਦਰੀ ਹਾਈ ਕਮਾਨ ਸਮਾਂ ਆਉਣ 'ਤੇ ਫ਼ੈਸਲਾ ਲਵੇਗੀ।