ਭਾਜਪਾ ਕੋਰ ਕਮੇਟੀ ਦੀ ਆਨਲਾਈਨ ਹੋਈ ਬੈਠਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ 'ਚ ਬੀ.ਜੇ.ਪੀ. ਦੇ ਸਿਰਕੱਢ ਤੇ ਤਜਰਬੇਕਾਰ ਸਿਆਸੀ ਨੇਤਾਵਾਂ ਨੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ

BJP core committee meets online

ਚੰਡੀਗੜ੍ਹ, 24 ਜੁਲਾਈ (ਜੀ.ਸੀ. ਭਾਰਦਵਾਜ) : ਪੰਜਾਬ 'ਚ ਬੀ.ਜੇ.ਪੀ. ਦੇ ਸਿਰਕੱਢ ਤੇ ਤਜਰਬੇਕਾਰ ਸਿਆਸੀ ਨੇਤਾਵਾਂ ਨੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ 'ਚ ਅੱਜ ਬਾਅਦ ਦੁਪਹਿਰ 4 ਵਜੇ ਤੋਂ ਸ਼ਾਮ 8 ਵਜੇ ਤਕ ਸੂਬੇ ਦੀ ਸਿਆਸੀ, ਸਮਾਜਕ, ਆਰਥਕ, ਸਿਖਿਆ ਸਬੰਧੀ ਹਾਲਤ ਦੇ ਨਾਲ-ਨਾਲ ਆਰਥਕ ਤੇ ਉਦਯੋਗਿਕ ਪਹਿਲੂਆਂ 'ਤੇ ਵੀ ਚਰਚਾ ਕੀਤੀ। ਕੁਲ ਚਾਰ ਘੰਟੇ ਚੱਲੀ, ਇਸ ਆਨਲਾਈਨ ਬੈਠਕ 'ਚ ਮੁੱਖ ਦਫ਼ਤਰ ਚੰਡੀਗੜ੍ਹ ਤੋਂ ਇਲਾਵਾ, ਦਿੱਲੀ 'ਚ ਬੈਠੇ ਰਾਸ਼ਟਰੀ ਪ੍ਰਧਾਨ ਜੇ.ਪ. ਨੱਢਾ ਅਤੇ ਜ਼ਿਲ੍ਹਿਆਂ 'ਚ ਬੈਠੇ ਹੋ ਉੱਘੇ ਨੇਤਾਵਾਂ ਅਵਿਨਾਸ਼ ਖੰਨਾ, ਤੀਕਸ਼ਣ ਸੂਦ, ਮਦਨ ਮੋਹਨ ਮਿੱਤਲ,

ਪ੍ਰੋ. ਰਜਿੰਦਰ ਭੰਡਾਰੀ, ਮਨੋਰੰਜਨ ਕਾਲੀਆ, ਦਿਨੇਸ਼ ਚੱਢਾ, ਸੁਭਾਸ਼ ਸ਼ਰਮਾ, ਸ਼ਵੇਤ ਮਲਿਕ, ਵਿਜੈ ਸਾਂਪਲਾ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਪੰਜਾਬ 'ਚ ਕੋਵਿਡ ਹਾਲਾਤ 'ਚ ਕੰਮ ਕਰ ਰਹੇ ਪਾਰਟੀ ਵਰਕਰਾਂ ਤੇ ਨਰਸਿੰਗ ਸਟਾਫ਼ ਦੀ ਪ੍ਰਸ਼ੰਸਾ ਕੀਤੀ। ਬੀ.ਜੇ.ਪੀ. ਨੇਤਾ ਮਦਨ ਮੋਹਨ ਮਿੱਤਲ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ 'ਤੇ ਚਰਚਾ ਜ਼ਰੂਰ ਹੋਈ ਜਿਸ 'ਚ ਕਿਸਾਨਾਂ, ਵਿਦਿਆਰਥੀਆਂ, ਪੈਨਸ਼ਨ ਧਾਰਕਾਂ, ਅਨੁਸੂਚਿਤ ਜਾਤੀ ਵਰਗ ਤੇ ਪੜ੍ਹੇ-ਲਿਖੇ ਨੌਜਵਾਨਾਂ ਨਾਲ 2017 'ਚ ਕੀਤੇ ਵਾਅਦਿਆਂ ਤੋਂ ਕਾਂਗਰਸ ਦੇ ਮੁਕਰਨ ਬਾਰੇ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਗਈ ਤੇ ਮਤੇ ਵੀ ਪਾਸ ਕੀਤੇ ਗਏ।

ਬੀ.ਜੇ.ਪੀ. ਦੀ ਕੋਰ ਕਮੇਟੀ ਮੈਂਬਰਾਂ ਨੇ ਇਸ ਮੁੱਦੇ 'ਤੇ ਵੀ ਗੰਭੀਰ ਚਿੰਤਾ ਕੀਤੀ ਕਿ ਕੋਰੋਨਾ ਵਾਇਰਸ ਦੀ ਗੰਭੀਰ ਸਥਿਤੀ ਨਾਲ ਨਿਪਟਣ ਲਈ ਪੰਜਾਬ ਸਰਕਾਰ ਨੇ ਕੇਂਦਰ ਵਲੋਂ ਭੇਜੇ ਰਾਸ਼ਨ ਦੀ ਠੀਕ ਵੰਡ ਨਹੀਂ ਕੀਤੀ ਅਤੇ ਨਸ਼ਿਆਂ ਨੂੰ ਖ਼ਤਮ ਕਰਨ 'ਚ ਵੀ ਕੈਪਟਨ ਸਰਕਾਰ ਫੇਲ ਹੋਈ ਹੈ। ਮਦਨ ਮੋਹਨ ਮਿੱਤਲ ਅਨੁਸਾਰ ਇਸ ਮਹੱਤਵਪੂਰਨ ਬੈਠਕ 'ਚ ਨਾ ਤਾਂ 2022 ਦੀਆਂ ਅਸੈਂਬਲੀ ਚੋਣਾਂ ਬਾਰੇ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਚਲ ਰਹੀ ਸਾਂਝ ਅਤੇ ਸੀਟਾਂ ਦੇ ਸੰਭਾਵੀ ਸਮਝੌਤੇ ਸਬੰਧੀ ਚਰਚਾ ਹੋਈ।