ਸਿਰਸਾ ਡੇਰਾ ਪ੍ਰੇਮੀਆਂ ਦੀ ਜ਼ਮਾਨਤ 'ਤੇ 27 ਜੁਲਾਈ ਨੂੰ ਹੋਵੇਗੀ ਸੁਣਵਾਈ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

1 ਜੂਨ 2015 ਨੂੰ ਨੇੜਲੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਾ ਸਾਹਿਬ 'ਚੋਂ ਦਿਨ ਦਿਹਾੜੇ ਗੁਰੂ ਗ੍ਰੰਥ ਸਾਹਿਬ

sauda sadh

ਕੋਟਕਪੂਰਾ, 24 ਜੁਲਾਈ (ਗੁਰਿੰਦਰ ਸਿੰਘ) : 1 ਜੂਨ 2015 ਨੂੰ ਨੇੜਲੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਾ ਸਾਹਿਬ 'ਚੋਂ ਦਿਨ ਦਿਹਾੜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਕਰਨ ਦੇ ਮਾਮਲੇ 'ਚ ਐੱਸਆਈਟੀ ਵਲੋਂ ਅਦਾਲਤ ਰਾਹੀਂ ਜੇਲ ਭੇਜੇ ਗਏ 5 ਡੇਰਾ ਪ੍ਰੇਮੀਆਂ ਕ੍ਰਮਵਾਰ ਰਣਜੀਤ ਸਿੰਘ, ਰਣਦੀਪ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ ਅਤੇ ਨਰਿੰਦਰ ਕੁਮਾਰ ਨੇ ਡਿਊਟੀ ਮੈਜਿਸਟ੍ਰੇਟ ਸੁਰੇਸ਼ ਕੁਮਾਰ ਦੀ ਅਦਾਲਤ 'ਚ ਅਰਜੀ ਦੇ ਕੇ ਚਲਦੇ ਮੁਕੱਦਮੇ ਤੱਕ ਜ਼ਮਾਨਤ 'ਤੇ ਰਿਹਾਅ ਕਰਨ ਦੀ ਮੰਗ ਕੀਤੀ ਸੀ,

ਜਿਸ 'ਤੇ ਅਦਾਲਤ ਨੇ ਪੰਜਾਬ ਸਰਕਾਰ ਅਤੇ ਐਸਆਈਟੀ ਨੂੰ ਨੋਟਿਸ ਜਾਰੀ ਕਰ ਕੇ 24 ਜੁਲਾਈ ਨੂੰ ਲੋੜੀਂਦਾ ਰਿਕਾਰਡ ਪੇਸ਼ ਕਰਨ ਦੀ ਹਦਾਇਤ ਕੀਤੀ ਤਾਂ ਅੱਜ ਡੇਰਾ ਪ੍ਰੇਮੀਆਂ ਵਲੋਂ ਐਡਵੋਕੇਟ ਵਿਨੋਦ ਕੁਮਾਰ ਮੌਂਗਾ ਅਤੇ ਪੰਜਾਬ ਸਰਕਾਰ ਵਲੋਂ ਐਡਵੋਕੇਟ ਅਮਨਪ੍ਰੀਤ ਸਿੰਘ ਨੇ ਵੀਡੀਓ ਕਾਨਫਰੰਸ ਰਾਹੀਂ ਉਕਤ ਮਾਮਲੇ 'ਚ ਗੱਲਬਾਤ ਕੀਤੀ। ਅਦਾਲਤ ਨੇ ਉਕਤ ਮਾਮਲੇ ਦੀ ਸੁਣਵਾਈ ਲਈ ਅਗਲੀ ਤਰੀਕ 27 ਜੁਲਾਈ ਨਿਸ਼ਚਤ ਕਰ ਦਿਤੀ।
ਦੂਜੇ ਪਾਸੇ ਜ਼ਮਾਨਤ 'ਤੇ ਚੱਲ ਰਹੇ ਡੇਰਾ ਪ੍ਰੇਮੀਆਂ ਸੁਖਜਿੰਦਰ ਸਿੰਘ ਸੰਨੀ ਅਤੇ ਸ਼ਕਤੀ ਸਿੰਘ ਨੇ ਜੁਰਮ 'ਚ ਵਾਧਾ ਹੋਣ ਦੀ ਸੂਰਤ 'ਚ ਅਪਣੀ ਗ੍ਰਿਫ਼ਤਾਰੀ ਨੂੰ ਰੋਕਣ ਲਈ ਅਗਾਊਂ ਜ਼ਮਾਨਤ ਦੀ ਅਰਜੀ ਵੀ ਸ਼ੈਸ਼ਨ ਜੱਜ ਦੀ ਅਦਾਲਤ 'ਚ ਲਾ ਦਿਤੀ ਹੈ, ਜਿਸ 'ਤੇ ਪੰਜਾਬ ਸਰਕਾਰ ਨੂੰ ਇਸ ਦਾ ਨੋਟਿਸ ਅਤੇ ਇਸ ਸਬੰਧੀ ਸਾਰਾ ਰਿਕਾਰਡ ਪੇਸ਼ ਕਰਨ ਦੀ ਹਦਾਇਤ ਕੀਤੀ ਗਈ। ਡੇਰਾ ਪ੍ਰੇਮੀਆਂ ਨੇ ਆਪੋ ਅਪਣੀਆਂ ਅਰਜੀਆਂ 'ਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਉਕਤ ਮਾਮਲੇ 'ਚ ਝੂਠਾ ਫਸਾਇਆ ਜਾ ਰਿਹਾ ਹੈ।