ਪੰਜਾਬ ਪੁਲਿਸ ਵਲੋਂ ਅੰਤਰਰਾਜੀ ਨਸ਼ਾ ਤਸਕਰੀ ਗਰੋਹ ਦਾ ਪਰਦਾਫ਼ਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਭਰ ਵਿਚ ਫਾਰਮਾਸਿਊਟੀਕਲ ਓਪੀਓਡ ਦੀ ਸਪਲਾਈ ਸਬੰਧੀ ਵੱਡੀ ਕਾਰਵਾਈ ਕਰਦਿਆਂ, ਪੰਜਾਬ ਪੁਲਿਸ ਨੇ

Dinkar Gupta

ਚੰਡੀਗੜ੍ਹ, 24 ਜੁਲਾਈ (ਨੀਲ ਭਲਿੰਦਰ) : ਦੇਸ਼ ਭਰ ਵਿਚ ਫਾਰਮਾਸਿਊਟੀਕਲ ਓਪੀਓਡ ਦੀ ਸਪਲਾਈ ਸਬੰਧੀ ਵੱਡੀ ਕਾਰਵਾਈ ਕਰਦਿਆਂ, ਪੰਜਾਬ ਪੁਲਿਸ ਨੇ ਹਵਾਲਾ ਚੈਨਲ ਰੂਟ ਦੀ ਵਰਤੋਂ ਰਾਹੀਂ 11 ਰਾਜਾਂ ਵਿਚ 50 ਤੋਂ ਵੱਧ ਜ਼ਿਲ੍ਹਿਆਂ ਵਿਚ ਚੱਲ ਰਹੇ ਇਕ ਅੰਤਰਰਾਜੀ ਡਰੱਗ ਕਾਰਟਿਲ (ਨਸ਼ਾ ਤਸਕਰੀ) ਦਾ ਪਰਦਾਫਾਸ਼ ਕੀਤਾ ਹੈ। ਅੱਠ ਹਫ਼ਤਿਆਂ ਤੋਂ ਵੱਧ ਸਮੇਂ ਤਕ ਚਲਾਈ ਗਈ ਇਸ ਮੁਹਿੰਮ ਵਿਚ 20 ਵਿਅਕਤੀਆਂ ਨੂੰ ਪਹਿਲਾਂ ਹੀ ਨਸ਼ਿਆਂ ਦੀ ਵੱਡੀ ਖੇਪ, ਡਰੱਗ ਮਨੀ ਅਤੇ ਪੰਜ ਵਾਹਨਾਂ ਨਾਲ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਇਸ ਸਬੰਧੀ ਵੇਰਵੇ ਦਿੰਦਿਆਂ ਅਤੇ ਜਾਂਚ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਦਸਿਆ ਕਿ 'ਆਗਰਾ ਗੈਂਗ' ਵਜੋਂ ਜਾਣਿਆ ਜਾਂਦਾ ਇਹ ਡਰੱਗ ਕਾਰਟਿਲ, ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਨੂੰ ਦੇਸ਼ ਭਰ ਵਿਚ ਫੈਲੇ ਡਰੱਗ ਨਿਰਮਾਤਾ, ਸਪਲਾਇਰ, ਥੋਕ ਵਿਕਰੇਤਾ ਅਤੇ ਪ੍ਰਚੂਨ ਕੈਮਿਸਟ ਤੋਂ ਲੈ ਕੇ ਭਾਰਤ ਭਰ ਦੇ ਬਾਜ਼ਾਰਾਂ ਵਿਚ ਭੇਜ ਰਿਹਾ ਸੀ। ਹੁਣ ਤਕ ਗ੍ਰਿਫ਼ਤਾਰ ਕੀਤੇ ਗਏ 20 ਲੋਕਾਂ ਵਿਚੋਂ 16 ਪੰਜਾਬ, 2 ਯੂ. ਪੀ. ਅਤੇ ਇਕ ਇਕ ਹਰਿਆਣਾ ਅਤੇ ਦਿੱਲੀ ਨਾਲ ਸਬੰਧਤ ਹਨ।

ਇਸ ਗਰੋਹ ਦੇ ਮੈਂਬਰਾਂ ਦੀ ਗ੍ਰਿਫ਼ਤਾਰੀ ਨਾਲ, ਨਸ਼ਾ ਸਿੰਡੀਕੇਟ ਦਾ ਇਕ ਵੱਡਾ ਨੈੱਟਵਰਕ ਜੋ 10-12 ਕਰੋੜ ਦੀਆਂ ਨਸ਼ੀਲੀਆਂ ਦਵਾਈਆਂ ਗੋਲੀਆਂ, ਕੈਪਸੂਲ, ਟੀਕੇ, ਸੀਰਪ ਆਦਿ ਹਰੇਕ ਮਹੀਨੇ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਭੇਜ ਰਿਹਾ ਸੀ, ਦਾ ਪਰਦਾਫਾਸ਼ ਹੋਇਆ ਹੈ। ਇਸ ਗਰੋਹ ਦਾ ਬਰਨਾਲਾ ਪੁਲਿਸ ਟੀਮ ਨੇ ਪਰਦਾਫਾਸ਼ ਕੀਤਾ, ਜਿਸ ਵਿਚ ਐਸਐਸਪੀ ਬਰਨਾਲਾ ਸੰਦੀਪ ਗੋਇਲ ਦੀ ਨਿਗਰਾਨੀ ਹੇਠ ਕੰਮ ਕਰ ਰਹੇ ਡਾ. ਪ੍ਰਗਿਆ ਜੈਨ, ਏਐਸਪੀ ਮਹਿਲ ਕਲਾਂ, ਸੁਖਦੇਵ ਸਿੰਘ ਵਿਰਕ ਐਸਪੀ (ਡੀ), ਰਮਨਿੰਦਰ ਸਿੰਘ ਦਿਓਲ ਡੀਐਸਪੀ (ਡੀ), ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀਆਈਏ ਸ਼ਾਮਲ ਸਨ।

ਗਰੋਹ ਦੇ ਮੁੱਖੀ ਸਮੇਤ 20 ਵਿਅਕਤੀਆਂ ਦੀ ਗ੍ਰਿਫ਼ਤਾਰੀ ਪੰਜਾਬ, ਹਰਿਆਣਾ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਅਤੇ ਦਿੱਲੀ ਤੋਂ ਵੱਖ-ਵੱਖ ਥਾਵਾਂ ਤੋਂ ਕੀਤੀ ਗਈ।
ਸ੍ਰੀ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਕੋਲੋਂ 27,62,137 ਨਸ਼ੀਲੀਆਂ ਗੋਲੀਆਂ, ਕੈਪਸੂਲ, ਟੀਕੇ ਅਤੇ ਸਿਰਪ ਬੋਤਲਾਂ ਬਰਾਮਦ ਕੀਤੀਆਂ ਗਈਆਂ ਸਨ ਅਤੇ ਇਸ ਤੋਂ ਇਲਾਵਾ 70,03,800 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਦਿਲਚਸਪ ਗੱਲ ਇਹ ਹੈ ਕਿ ਬਰਨਾਲਾ ਪੁਲਿਸ ਨੇ ਮਾਰਚ 2020 ਵਿਚ ਇਸੇ ਤਰ੍ਹਾਂ 'ਮਥੁਰਾ ਗੈਂਗ' ਦਾ ਪਰਦਾਫਾਸ਼ ਕੀਤਾ ਸੀ ਅਤੇ 44 ਲੱਖ ਦੇ ਨਸ਼ੀਲੇ ਪਦਾਰਥ ਅਤੇ 1.5 ਕਰੋੜ ਰੁਪਏ ਡਰੱਗ ਮਨੀ ਜ਼ਬਤ ਕੀਤੀ ਸੀ।

ਇਸੇ ਮਈ ਮਹੀਨੇ ਬਲਵਿੰਦਰ ਸਿੰਘ ਉਰਫ਼ ਨਿੱਕਾ ਪੁੱਤਰ ਗੁਰਜੰਟ ਸਿੰਘ ਅਤੇ ਚਾਰ ਹੋਰਾਂ ਦੀ 2,85,000 ਨਸ਼ੀਲੀਆਂ ਗੋਲੀਆਂ (ਟੈਬ ਕਲੋਵੀਡੋਲ) ਸਮੇਤ ਗ੍ਰਿਫ਼ਤਾਰੀ ਨਾਲ ਇਸ ਮੁਕੱਦਮੇ ਤੋਂ ਪਰਦਾ ਉੱਠਣਾ ਸ਼ੁਰੂ ਹੋਇਆ ਸੀ, ਜਿਸ ਵਿਰੁੱਧ ਐਫਆਈਆਰ ਨੰ. 72 ਮਿਤੀ 23.05.2020 ਨੂੰ ਧਾਰਾ 21,22,25,29/61/85 ਐਨਡੀਪੀਐਸ ਐਕਟ ਪੁਲਿਸ ਥਾਣਾ ਮਹਿਲ ਕਲਾਂ ਵਿਚ ਦਰਜ ਹੈ। ਇਸ ਤੋਂ ਬਾਅਦ ਜੂਲਫੀਕਾਰ ਅਲੀ ਪੁੱਤਰ ਮੁਹੰਮਦੀਨ ਨੂੰ 12,000 ਨਸ਼ੀਲੀਆਂ ਗੋਲੀਆਂ (ਟੈਬ ਕਲੋਵੀਡੋਲ) ਗ੍ਰਿਫ਼ਤਾਰ ਕੀਤਾ ਗਿਆ। ਜੂਲਫੀਕਾਰ ਤੋਂ ਪੁਛਗਿਛ ਬਾਅਦ ਹਰੀਸ਼ ਦੀ ਭੂਮਿਕਾ ਦਾ ਖੁਲਾਸਾ ਹੋਇਆ ਜੋ ਪੰਜਾਬ ਵਿਚ ਫਾਰਮਾਸਿਊਟੀਕਲ ਓਪੀਡਜ਼ ਦੀ ਆਮਦ ਅਤੇ ਸਪਲਾਈ ਵਿਚ ਮਾਸਟਰਮਾਈਂਡ ਵਿਚੋਂ ਇਕ ਹੈ।

ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਬਾਅਦ, ਬਰਨਾਲਾ ਪੁਲਿਸ ਨੇ ਜਾਂਚ ਪੜਤਾਲ, ਨਿਗਰਾਨੀ ਯੋਜਨਾਵਾਂ ਤਿਆਰ ਕਰਨ ਵਿਚ ਦੋ ਮਹੀਨੇ ਬਿਤਾਏ ਅਤੇ ਫਿਰ ਇਕ ਜਾਲ ਵਿਛਾਇਆ ਗਿਆ, ਜਿਸ ਪਿਛੋਂ ਇਕ ਵਿਸ਼ੇਸ਼ ਟੀਮ ਪੱਛਮੀ ਬੰਗਾਲ ਭੇਜੀ ਦਿਤੀ ਜਿਥੋਂ ਹਰੀਸ਼ ਨੂੰ ਦਬੋਚਿਆ ਗਿਆ। ਹਰੀਸ਼ ਨੇ ਇਸ ਗਿਰੋਹ ਦੀਆਂ ਸਾਜ਼ਿਸ਼ਾਂ ਘੜਨ ਦੇ ਤਰੀਕਿਆਂ ਅਤੇ ਪੰਜਾਬ ਸਮੇਤ ਦੇਸ਼ ਦੇ 11 ਤੋਂ ਵੱਧ ਰਾਜਾਂ ਵਿਚ ਸਾਇਕੋਟ੍ਰੋਪਿਕ ਡਰੱਗਜ਼ ਦੀ ਸਪਲਾਈ ਚੇਨ ਬਾਰੇ ਖੁਲਾਸਾ ਕੀਤਾ।

ਇਸ ਸਬੰਧੀ ਮੁਕਦਮਾ ਐਫਆਈਆਰ ਨੰ. 344 ਮਿਤੀ 13.07.2020 ਧਾਰਾ 22,25,29/61/85 ਤਹਿਤ ਐਨਡੀਪੀਐਸ ਐਕਟ ਪੁਲਿਸ ਥਾਣਾ ਸਿਟੀ ਬਰਨਾਲਾ ਵਿਖੇ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਉੱਤਰ ਪ੍ਰਦੇਸ਼, ਹਰਿਆਣਾ, ਦਿੱਲੀ, ਪੰਜਾਬ ਵਿੱਚ ਛਾਪੇਮਾਰੀ ਕੀਤੀ ਗਈ, ਜਿਸ ਨਾਲ ਵੱਡੀ ਗਿਣਤੀ ਵਿਚ ਫਾਰਮਾਸਿਊਟੀਕਲ ਨਸ਼ੀਲੇ ਪਦਾਰਥ, ਡਰੱਗ ਮਨੀ ਅਤੇ ਵਾਹਨ ਜ਼ਬਤ ਕੀਤੇ ਗਏ। ਡੀਜੀਪੀ ਨੇ ਕਿਹਾ ਕਿ ਹੁਣ ਤਕ ਗਿਰੋਹ ਦੇ ਕੰਮ ਕਰਨ ਦੇ  ਢੰਗ-ਤਰੀਕੇ ਸਬੰਧੀ ਕੀਤੀ ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਰੀਸ਼ ਡਾਕਟਰੀ ਪ੍ਰਤੀਨਿਧੀ ਵਜੋਂ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਰਾਹੀਂ ਪਤਾ ਅਤੇ ਫੋਨ ਨੰਬਰ ਵਰਗੀ ਜਾਣਕਾਰੀ ਦੀ ਵਰਤੋਂ ਕਰਕੇ ਕੈਮਿਸਟਾਂ ਅਤੇ ਫਾਰਮਾਸਿਸਟਾਂ ਨਾਲ ਸੰਪਰਕ ਕਰਦਾ ਸੀ।