ਅੰਦਰੋਂ ਟੁੱਟ ਚੁਕੇ ਚਾਵਲਾ ਨੇ ਕਿਹਾ, 'ਮੈਂ ਸੱਭ ਤੋਂ ਵੱਡਾ ਪਟਰੌਲ ਡੀਲਰ ਸੀ ਪਰ .........

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੁਨੀਆਂ ਛੱਡਣ ਤੋਂ ਪਹਿਲਾਂ ਚਾਵਲਾ ਪਟਰੌਲ ਪੰਪ ਦੇ ਮਾਲਕ ਗੁਰਕਿਰਪਾਲ ਚਾਵਲਾ ਨੇ ਭ੍ਰਿਸ਼ਟ ਪ੍ਰਬੰਧਾਂ ਦੀ ਖੋਲ੍ਹੀ ਪੋਲ

Dealer GS Chawla

ਪੰਚਕੂਲਾ, 24 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ): ਬੁਧਵਾਰ ਰਾਤ ਪੰਚਕੂਲ ਸੈਕਟਰ-1 ਸਥਿਤ ਰੇਡਬਿਸ਼ਪ ਵਿਚ ਮੋਹਾਲੀ ਸਥਿਤ ਚਾਵਲਾ ਪਟਰੌਲ ਪੰਪ ਦੇ ਮਾਲਕ ਗੁਰਕਿਰਪਾਲ ਚਾਵਲਾ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਕਮਰੇ ਵਿਚੋਂ ਸੁਸਾਈਡ ਨੋਟ ਅਤੇ ਇਕ ਪੈਨਡਰਾਈਵ ਮਿਲੀ। ਸੁਸਾਈਡ ਨੋਟ ਅਤੇ ਚਾਵਲਾ ਦੇ ਪੁੱਤਰ ਹਰਮੀਤ ਸਿੰਘ ਦੇ ਬਿਆਨ 'ਤੇ ਪੁਲਿਸ ਨੇ ਵੀਰਵਾਰ ਨੂੰ ਛੇ ਜਣਿਆਂ ਵਿਰੁਧ ਆਈਪੀਸੀ ਦੀ ਧਾਰਾ 306 ਤਹਿਤ ਮਾਮਲਾ ਦਰਜ ਕੀਤਾ ਹੈ।

ਚਾਵਲਾ ਨੇ ਨੋਟ ਵਿਚ ਕਈ ਵਿਅਕਤੀਆਂ ਦਾ ਜ਼ਿਕਰ ਕੀਤਾ ਹੈ। ਕਿਹਾ ਕਿ ਮੈਂ ਸੱਭ ਤੋਂ ਵੱਡਾ ਪਟਰੌਲ ਡੀਲਰ ਸੀ, ਪਰ ਮੇਰੀ ਰੋਜ਼ੀ-ਰੋਟੀ ਦਾ ਹੱਕ ਵੀ ਖੋਹ ਲਿਆ ਗਿਆ। ਚਾਵਲਾ ਨੇ ਹਿੰਦੁਸਤਾਨ ਪਟਰੌਲੀਅਮ ਦੇ ਨਾਲ-ਨਾਲ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ 'ਤੇ ਦੋਸ਼ ਲਗਾਏ ਹਨ।  ਕਿਹਾ ਕਿ ਚੰਡੀਗੜ੍ਹ ਪੁਲਿਸ ਨੇ ਉਸ ਨੂੰ ਧੋਖਾ ਦਿਤਾ ਹੈ, ਜਿਸ ਵਿਚ ਦੀਪਾ ਦੁੱਗਲ ਦੀ ਸ਼ਿਕਾਇਤ 'ਤੇ ਐਫ਼.ਆਈ.ਆਰ. ਦਰਜ ਕੀਤੀ ਸੀ।

ਖ਼ੁਦਕੁਸ਼ੀ ਪੱਤਰ ਵਿਚ ਲਿਖਿਆ- ਪਟਰੌਲੀਅਮ ਬਿਜ਼ਨਸ ਦੇ ਨਾਲ-ਨਾਲ ਮੈਨੂੰ ਪ੍ਰਾਪਰਟੀ ਵਿਚ ਵੀ ਲੁਟਿਆ ਗਿਆ...
1. ਮੈਂ ਗੁਰਕਿਰਪਾਲ ਸਿੰਘ ਚਾਵਲਾ ਐਲਾਨ ਕਰਦਾ ਹਾਂ ਕਿ ਮੈਂ ਖ਼ੁਦਕੁਸ਼ੀ ਕਰ ਰਿਹਾ ਹਾਂ ਕਿਉਂਕਿ ਮੈਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਐਚ.ਪੀ.ਸੀ.ਐਲ ਦੇ ਅਧਿਕਾਰੀ ਸ਼ੁਲਭ ਰਾਜ ਗੁਪਤਾ, ਉਸ ਦਾ ਭਰਾ ਰਾਕੇਸ਼ ਕੁਮਾਰ, ਉਸ ਦੇ ਪੁੱਤਰ ਇਸ਼ਾਨ ਨੇ ਮੈਨੂੰ ਪ੍ਰੇਸ਼ਾਨ ਕੀਤਾ ਹੈ। ਇਨ੍ਹਾਂ ਸਾਰਿਆਂ ਨੇ ਮਿਲ ਕੇ ਮੇਰੀ ਪ੍ਰਾਪਰਟੀ ਹੜੱਪੀ, ਜੋ ਮੇਰੀ ਪਤਨੀ ਜਗਜੀਤ ਕੌਰ ਦੇ ਨਾਮ ਹੈ। ਇਨ੍ਹਾਂ ਵਿਚ ਸ਼ੁਲਭ ਰਾਜ ਗੁਪਤਾ ਅਤੇ ਪੰਜਾਬ ਪੁਲਿਸ ਦੀ ਮਿਲੀਭੁਗਤ ਸੀ। ਸੇਲ ਡੀਡ ਬਣਾ ਕੇ ਸ਼ੁਲਭ ਨੇ ਜਬਰਦਸਤੀ ਅਤੇ ਧੋਖੇ ਨਾਲ ਡੀਲਰਸ਼ਿਪ ਟਰਾਂਸਫਰ ਕੀਤੀ। ਇਸ ਦੀ ਸ਼ਿਕਾਇਤ ਮੈਂ ਸੀਐਮਡੀ ਐਚਪੀਸੀਐਲ, ਸੀਈਓ ਨੂੰ ਦਿਤੀ, ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਕਾਰਨ ਮੈਂ ਬਰਬਾਦ ਹੋਇਆ। ਐਮਏਐਸ ਯਾਦਵ, ਜ਼ੋਨਲ ਮੈਨੇਜਰ ਨੇ ਅਪਣੇ ਹੈੱਡ ਨੂੰ ਮਜਬੂਰ ਕੀਤਾ ਕਿ ਉਹ ਸ਼ੁਲਭ ਰਾਜ ਗੁਪਤਾ ਨੂੰ ਸਬੂਤ ਹੋਣ ਦੇ ਬਾਅਦ ਵੀ ਬਚਾ ਸਕੇ। ਇਸ ਕਾਰਨ ਐਚਪੀਸੀਐਲ ਕੋਲ ਕੋਈ ਜਵਾਬ ਨਹੀਂ ਸੀ। ਇਸ ਕਾਰਲ ਮੈਂ ਬੈਂਕਰਪਟ ਹੋ ਚੁਕਿਆ ਹਾਂ।

2. ਚੰਡੀਗੜ੍ਹ ਪ੍ਰਸ਼ਾਸਨ ਨੇ ਸੈਕਟਰ 49, 52 ਦੇ ਆਈ.ਓ.ਸੀ. ਡੀਲਰਾਂ ਦੇ ਕਹਿਣ 'ਤੇ ਅਮਨਪ੍ਰੀਤ ਸਿੰਘ ਦੀ ਮਨਜ਼ੂਰੀ ਨਾਲ ਪਟਰੌਲ-ਡੀਜ਼ਲ 'ਤੇ ਵੈਟ ਘੱਟ ਕੀਤਾ। ਡੀਟੀਸੀ ਚੌਧਰੀ ਅਤੇ ਫਾਈਨਾਂਸ ਸਕੱਤਰ ਸਿਨਹਾ ਨੂੰ ਰਿਸ਼ਵਤ ਦਿਤੀ ਗਈ। ਅਮਨਪ੍ਰੀਤ ਸਿੰਘ ਦੂਜਿਆਂ ਨਾਲ ਮਿਲ ਕੇ ਚੰਡੀਗੜ੍ਹ ਦੇ ਅਧਿਕਾਰੀਆਂ ਨੂੰ ਹਰ ਮਹੀਨੇ 35 ਲੱਖ ਰੁਪਏ ਦਿੰਦਾ ਹੈ। ਇਸ ਤੋਂ ਤੰਗ ਆ ਕੇ ਪਿਛਲੇ ਸਾਲ ਵੀ ਮੈਂ ਮਰਨ ਦੀ ਆਗਿਆ ਮੰਗੀ ਸੀ।
3. ਮੈਨੂੰ ਫਾਈਨਾਂਸ਼ੀਅਲ ਪ੍ਰੋਬਲਮਸ ਹਨ, ਕਿਉਂਕਿ ਅਕਤੂਬਰ 2017 ਤੋਂ ਪਟਰੌਲ-ਡੀਜ਼ਲ ਦੇ ਕਮੀਸ਼ਨ ਦਾ 80 ਲੱਖ ਰੁਪਏ ਪ੍ਰਤੀ ਮਹੀਨੇ ਦਾ ਨੁਕਸਾਨ ਹੋ ਰਿਹਾ ਹੈ। ਮੈਂ ਅਪਣੀ ਪ੍ਰਾਪਰਟੀ ਵੇਚਣ ਦੀ ਕੋਸ਼ਿਸ਼ ਕੀਤੀ ਸੀ।

4. ਐਚ.ਪੀ.ਸੀ.ਐਲ ਆਫ਼ਿਸ਼ੀਅਲ ਵਿਜੇ ਕੁਮਾਰ ਜੋ ਪੈਟਰੋ ਬਿਜਨਸ ਵਿਚ ਹਨ, ਉਹ ਵੀ ਮੇਰੇ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ। ਮੈਂ ਪੈਟਰੋ ਬਿਜਨਸ ਦੇ ਨਾਲ-ਨਾਲ ਪ੍ਰਾਪਰਟੀ ਵਿਚ ਵੀ ਲੁਟਿਆ ਗਿਆ ਹਾਂ। ਟਰਾਂਸਪੋਰਟ ਬਿਜਨਸ ਨੂੰ ਵੀ ਬੰਦ ਕਰ ਦਿਤਾ ਗਿਆ। ਮੇਰੀ ਰੋਜ਼ੀ-ਰੋਟੀ ਦਾ ਹੱਕ ਖੋਹ ਲਿਆ ਗਿਆ।
5. ਮੈਂ ਸੱਭ ਤੋਂ ਵੱਡਾ ਪਟਰੌਲ ਡੀਲਰ ਸੀ, ਜੋ ਕਿ ਅਮਨਪ੍ਰੀਤ ਬਰਦਾਸ਼ਤ ਨਹੀਂ ਕਰ ਪਾ ਰਿਹਾ ਸੀ। ਮੈਂ ਅਨਲੱਕੀ ਹਾਂ, ਦੂਜਿਆਂ ਦੇ ਕਾਰਨ। ਮੈਂ ਸੈਕਟਰ-9 ਵਿਚ ਮਕਾਨ ਖਰੀਦਣ ਦਾ ਦੀਪਾ ਦੁੱਗਲ ਨਾਲ ਇਕ ਐਗਰੀਮੈਂਟ ਕੀਤਾ ਸੀ। ਪਰ ਉਸ ਨੇ ਧੋਖੇ ਨਾਲ ਉਹ ਮਕਾਨ ਵੇਚ ਦਿਤਾ, ਜਦਕਿ ਉਸ ਦੇ ਕੋਲ ਮਕਾਨ ਵੇਚਣ ਦਾ ਕੋਈ ਅਧਿਕਾਰ ਹੀ ਨਹੀਂ ਸੀ।

6. ਮੇਰੀ ਛੋਟੀ ਕੁੜੀ ਦਾ ਵਿਆਹ ਮੁੰਬਈ ਵਿਚ ਹੋਇਆ ਸੀ। ਪਰ ਪੰਜਾਬ-ਚੰਡੀਗੜ੍ਹ ਪੁਲਿਸ ਦੇ ਨਾਲ ਮਿਲ ਕੇ ਸਾਡੇ ਵਿਰੁਧ ਝੂਠੇ ਮਾਮਲੇ ਦਰਜ ਕੀਤੇ ਗਏ। ਰਿਸ਼ਵਤ ਮੰਗੀ ਗਈ। ਇਸ ਵਿਚ ਸੀਬੀਆਈ ਨੇ ਟਰੈਪ ਲਗਾ ਕੇ 13 ਅਗੱਸਤ 2015 ਨੂੰ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਆਡੀਉ ਰਿਕਾਰਡਿੰਗ ਵਿਚ ਚੰਡੀਗੜ੍ਹ ਦੇ ਆਈ.ਜੀ. ਕਿਸ਼ਨਦੀਪ ਸਵਾਨ, ਇਕ ਵਕੀਲ ਦੇ ਨਾਮ ਸਾਹਮਣੇ ਆਏ ਸਨ। ਮੈਂ ਸਾਰੀਆਂ ਹਾਲਤਾਂ ਹੈਂਡਲ ਕਰ ਸਕਦਾ ਸੀ, ਪਰ ਭ੍ਰਿਸ਼ਟਾਚਾਰ ਨੇ ਮੈਨੂੰ ਮਾਰ ਦਿਤਾ। ਮੈਂ ਆਮ ਜਿਹਾ ਆਦਮੀ ਹਾਂ, ਜੋ ਭ੍ਰਿਸ਼ਟਾਚਾਰ ਵਿਰੁਧ ਐਚ.ਪੀ.ਸੀ.ਐਲ ਅਧਿਕਾਰੀ ਕਾਮਰਾ, ਚੰਡੀਗੜ੍ਹ ਪ੍ਰਸ਼ਾਸਨ, ਅਮਨਪ੍ਰੀਤ ਸਿੰਘ, ਕ੍ਰਿਸ਼ਨਪ੍ਰੀਤ ਸਿੰਘ, ਦੀਪਾ ਦੁੱਗਲ ਨਾਲ ਲੜਾਈ ਨਹੀਂ ਲੜ ਸਕਿਆ। ਬੇਨਤੀ ਕਰਦਾ ਹਾਂ ਕਿ ਇਨ੍ਹਾਂ ਵਿਰੁਧ ਐਫ਼.ਆਈ.ਆਰ. ਦਰਜ ਹੋਵੇ।

ਟ੍ਰਾਈਸਿਟੀ ਵਿਚ ਪਟਰੌਲ-ਡੀਜ਼ਲ ਦੇ ਰੇਟ ਬਰਾਬਰ ਨਾ ਹੋਣ ਨਾਲ ਨੁਕਸਾਨ ਵਿਚ ਵਪਾਰੀ : ਅਸ਼ਵਿੰਦਰ ਸਿੰਘ
ਮੁਹਾਲੀ : ਟ੍ਰਾਈਸਿਟੀ ਵਿਚ ਪਟਰੌਲ-ਡੀਜ਼ਲ ਦੇ ਭਾਅ ਬਰਾਬਰ ਨਾ ਹੋਣ ਕਾਰਨ ਮੁਹਾਲੀ ਦੇ ਪਟਰੌਲ ਪੰਪ ਡੀਲਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਹਾਲੀ ਪਟਰੌਲੀਅਮ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਿੰਦਰ ਸਿੰਘ ਨੇ ਕਿਹਾ ਕਿ ਚਾਵਲਾ ਬਹਤ ਲੰਮੇ ਸਮੇਂ ਤੋਂ ਟ੍ਰਾਈਸਿਟੀ ਵਿਚ ਪਟਰੌਲ-ਡੀਜ਼ਲ ਦੇ ਭਾਅ ਇਕ ਕਰਨ ਲਈ ਸੰਘਰਸ਼ ਕਰ ਰਹੇ ਸਨ। ਮੁਹਾਲੀ ਦੇ ਚੰਡੀਗੜ੍ਹ-ਪੰਚਕੂਲ ਬਾਰਡਰ ਦੇ ਨਾਲ ਜਿੰਨੇ ਵੀ ਪਟਰੌਲ ਪੰਪ ਮਾਲਕ ਹਨ, ਉਨ੍ਹਾਂ ਸਾਰਿਆਂ ਨੂੰ ਆਰਥਕ ਨੁਕਸਾਨ ਸਹਿਣਾ ਪੈ ਰਿਹਾ ਹੈ। ਡੀਲਰ ਦੇ ਰੇਟ ਘੱਟ ਹੋਣ ਕਾਰਨ ਚੰਡੀਗੜ੍ਹ-ਪੰਚਕੂਲਾ, ਬੱਦੀ ਦੀਆਂ ਸਰਹੱਦਾਂ 'ਤੇ ਪੰਪ ਮਾਲਕਾਂ ਨੂੰ ਮੋਟਾ ਨੁਕਸਾਨ ਹੋ ਰਿਹਾ ਹੈ।
 

ਪਟਰੌਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਅਤੇ ਵੈਟ ਨੂੰ ਹਾਈ ਕੋਰਟ ਵਿਚ ਚੁਨੌਤੀ
ਚੰਡੀਗੜ੍ਹ : ਪਟਰੌਲ ਅਤੇ ਡੀਜ਼ਲ 'ਤੇ ਕੇਂਦਰ ਸਰਕਾਰ ਵਲੋਂ ਲਗਾਈ ਗਈ ਐਕਸਾਈਜ਼ ਡਿਊਟੀ ਅਤੇ ਪੰਜਾਬ ਵਲੋਂ ਲਗਾਏ ਗਏ ਵੈਟ ਨੂੰ ਹਾਈ ਕੋਰਟ ਵਿਚ ਚੁਨੌਤੀ ਦਿਤੀ ਹੈ। ਹਾਈ ਕੋਰਟ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਪੰਜਾਬ ਦੀਆਂ ਟਰਾਂਸਪੋਰਟ ਕੰਪਨੀਆਂ ਨੇ ਪਟੀਸ਼ਨ ਵਿਚ ਕਿਹਾ ਕਿ ਪਟਰੌਲ-ਡੀਜ਼ਲ 'ਤੇ ਕੋਰੋਨਾ ਮਹਾਂਮਾਰੀ ਦੌਰਾਨ ਰਿਕਾਰਡ ਟੈਕਸ ਵਾਧਾ ਕੀਤਾ ਗਿਆ ਹੈ। ਮਾਰਚ ਦੇ ਮਗਰੋਂਂ ਕੇਂਦਰ ਨੇ ਪਟਰੌਲ 'ਤੇ ਸਪੈਸ਼ਲ ਅਡੀਸ਼ਨਲ ਐਕਸਾਈਜ਼ ਡਿਊਟੀ 4 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 7 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ। ਅਡੀਸ਼ਨਲ ਐਕਸਾਈਜ਼ ਡਿਊਟੀ ਲਗਾਉਂਦਿਆਂ ਪਟਰੌਲ-ਡੀਜ਼ਲ 'ਤੇ 9 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ। ਐਕਸਾਈਜ਼ ਡਿਊਟੀ ਪਟਰੌਲ 'ਤੇ 13 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ  16 ਰੁਪਏ ਪ੍ਰਤੀ ਲੀਟਰ ਕੀਮਤਾਂ 'ਚ ਵਾਧਾ ਕੀਤਾ ਗਿਆ।