ਸਾਰੀਆਂ ਸਿਆਸੀ ਧਿਰਾਂ ਵਲੋਂ ਸੁਖਬੀਰ ਬਾਦਲ ਦੀ ਘੇਰਾਬੰਦੀ, ਵੱਡੇ ਬਾਦਲ ਬੇਵੱਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤੀਸਰੀ ਧਿਰ ਦੇ ਉਭਰਨ ਦੀ ਸੰਭਾਵਨਾ , ਸੁਖਬੀਰ ਬਾਦਲ 'ਤੇ ਨਿਸ਼ਾਨੇ ਹੋਏ ਤਿੱਖੇ

Sukhbir Badal

ਗੁਰਦਾਸਪੁਰ (ਹਰਜੀਤ ਸਿੰਘ ਆਲਮ) : ਪੰਜਾਬ ਦੀ ਰਿੜਦੀ ਜਾ ਰਹੀ ਸਿਆਸਤ ਵਿਚੋਂ ਲੋਕ ਪੱਖੀ ਕਿਧਰੇ ਵੀ ਕੁੱਝ ਨਜ਼ਰ ਨਹੀਂ ਆ ਰਿਹਾ। ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਨਿਸ਼ਾਨੇ 'ਤੇ ਇਸ ਸਮੇਂ ਸੁਖਬੀਰ ਸਿੰਘ ਬਾਦਲ ਹੀ ਹੋਣ ਕਾਰਨ ਸੁਖਬੀਰ ਦੀ ਸਿਆਸੀ ਘੇਰਾਬੰਦੀ ਲਗਾਤਾਰ ਦਿਨ ਪ੍ਰਤੀ ਦਿਨ ਵਧਦੀ ਹੀ ਜਾ ਰਹੀ ਹੈ ਜਿਸ ਕਾਰਨ ਸੁਖਬੀਰ ਦੀਆਂ ਸਿਆਸੀ ਮੁਸ਼ਕਲਾਂ ਹੋਰ ਵਧਣ ਦੇ ਆਸਾਰ ਬਣਦੇ ਜਾ ਰਹੇ ਹਨ।

ਇਸ ਦੀ ਇਕ ਉਘੜਵੀਂ ਉਦਾਹਰਣ ਦੇਖੀ ਜਾ ਸਕਦੀ ਹੈ ਕਿ ਕੁੱਝ ਦਿਨਾਂ ਤੋਂ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਵੱਖ-ਵੱਖ ਹੋ ਚੁੱਕੇ ਹਨ ਪਰ ਹੈਰਾਨਗੀ ਦੀ ਗੱਲ ਹੈ ਕਿ ਦੋਵਾਂ ਆਗੂਆਂ ਦੇ ਨਿਸ਼ਾਨੇ 'ਤੇ ਸੁਖਬੀਰ ਬਾਦਲ ਹੀ ਹਨ। ਆਮ ਆਦਮੀ ਪਾਰਟੀ, ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ, ਬਸਪਾ ਅਤੇ ਬਲਵੰਤ ਸਿੰਘ ਰਾਮੂਵਾਲੀਆ ਦੇ ਨਿਸ਼ਾਨੇ 'ਤੇ ਹੋਰ ਕੋਈ ਨਹੀਂ ਸਗੋਂ ਸੁਖਬੀਰ ਬਾਦਲ ਹੀ ਹਨ।

ਬਾਦਲ ਅਕਾਲੀ ਦਲ ਵਿਚੋਂ ਜਿਹੜੇ ਅਕਾਲੀ ਆਗੂ ਕਿਰਦੇ ਜਾ ਰਹੇ ਹਨ ਉਨ੍ਹਾਂ ਦੇ ਨਿਸ਼ਾਨੇ 'ਤੇ ਵੀ ਸੁਖਬੀਰ ਬਾਦਲ ਹੀ ਹਨ। ਬੀਤੇ ਕਲ ਬਾਦਲ ਦਲ ਨੂੰ ਅਲਵਿਦਾ ਆਖਣ ਵਾਲੇ ਵੱਡੇ ਸਵਰਗੀ ਅਕਾਲੀ ਆਗੂ ਜਗਦੇਵ ਸਿੰਘ ਤਲਵੰਡੀ ਦੇ ਸਪੁੱਤਰ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਨੇ ਵੀ ਕਈ ਸਾਲ ਬਾਦਲ ਦਲ ਵਿਚ ਰਹਿਣ ਦੇ ਬਾਵਜੂਦ ਬਿਆਨਾਂ ਰਾਹੀਂ ਸੁਖਬੀਰ ਸਿੰਘ ਬਾਦਲ ਨੂੰ ਹੀ ਅਪਣੇ ਨਿਸ਼ਾਨੇ ਤੇ ਲਿਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਸੁਖਬੀਰ ਬਾਦਲ ਅਕਾਲੀ ਦਲ ਨੂੰ ਕਾਰਪੋਰੇਟ ਘਰਾਣਿਆਂ ਵਾਂਗ ਚਲਾ ਰਹੇ ਹਨ। ਤਲਵੰਡੀ ਨੇ ਇਥੋਂ ਤਕ ਕਹਿ ਮਾਰਿਆ ਹੈ ਕਿ ਸੁਖਬੀਰ ਬਾਦਲ ਨੇ ਪਾਰਟੀ ਨੂੰ ਪਾਰਟੀ ਹੀ ਨਹੀਂ ਰਹਿਣ ਦਿਤਾ।

ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਜਿਨ੍ਹਾਂ ਨੇ ਲੋਕ ਭਲਾਈ ਕਾਰਪੋਰੇਸ਼ਨ ਖੜੀ ਕਰ ਲਈ ਹੈ ਉਨ੍ਹਾਂ ਦੇ ਵੀ ਸਾਰੇ ਹਮਲੇ ਸੁਖਬੀਰ ਬਾਦਲ 'ਤੇ ਹੁੰਦੇ ਹਨ। ਕੋਈ ਵਿਸ਼ਲੇਸ਼ਣ ਨਹੀਂ ਜਿਹੜਾ ਰਾਮੂਵਾਲੀਆ ਨੇ ਸੁਖਬੀਰ ਲਈ ਨਾ ਵਰਤਿਆ ਹੋਵੇ। ਇਸੇ ਤਰ੍ਹਾਂ ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਉਹ ਅਕਾਲੀ ਦਲ ਦੀਆਂ ਕੋਰ ਕਮੇਟੀ ਦੀਆਂ ਮੀਟਿੰਗਾਂ ਵਿਚ ਸਾਰੇ ਮੁੱਦੇ ਉਠਾਉਂਦੇ ਰਹੇ ਹਨ

ਪਰ ਉਥੇ ਵੱਡੇ ਬਾਦਲ ਦੀ ਕੋਈ ਪੇਸ਼ ਨਹੀਂ ਸੀ ਜਾਂਦੀ ਅਤੇ ਇਸ ਤਰ੍ਹਾਂ ਲਗਦਾ ਰਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਅਪਣੇ ਪੁੱਤਰ ਮੂਹਰੇ ਬੇਵੱਸ ਜਿਹੇ ਹੋ ਕਿ ਰਹਿ ਚੁੱਕੇ ਹਨ। ਮੀਟਿੰਗਾਂ ਦੌਰਾਨ ਵੱਡੇ ਬਾਦਲ ਦੀ ਕਿਸੇ ਵੀ ਰਾਇ ਨੂੰ ਸੁਖਬੀਰ ਬਾਦਲ ਵਲੋਂ ਇਕ ਤਰ੍ਹਾਂ ਨਾਲ ਅਣਸੁਣਿਆ ਹੀ ਕਰ ਦਿਤਾ ਜਾਂਦਾ ਰਿਹਾ ਹੈ। ਸ. ਢੀਂਡਸਾ ਦੇ ਨਿਸ਼ਾਨੇ 'ਤੇ ਇਕ ਤਰ੍ਹਾਂ ਨਾਲ ਕਾਂਗਰਸ ਅਤੇ ਭਾਜਪਾ ਆਦਿ ਦੀ ਬਜਾਏ ਸੁਖਬੀਰ ਬਾਦਲ ਹੀ ਹਨ।

ਪੰਜਾਬ ਦੀਆਂ ਹੋਰ ਛੋਟੀਆਂ-ਮੋਟੀਆਂ ਪਾਰਟੀਆਂ ਜਾਂ ਜਥੇਬੰਦੀਆਂ ਨੇ ਸੁਖਬੀਰ ਬਾਦਲ ਨੂੰ ਹੀ ਅਪਣਾ ਮੁੱਖ ਨਿਸ਼ਾਨਾ ਬਣਾਇਆ ਹੋਇਆ ਹੈ। ਇਥੇ ਹੀ ਬੱਸ ਨਹੀਂ ਗਰਮ ਦਲੀਏ ਵੀ ਰਾਮ ਰਹੀਮ ਨੂੰ ਅਣਮੰਗੀ ਮੁਆਫ਼ੀ ਜਾਂ ਬੇਅਦਬੀ ਕਾਂਡ ਲਈ ਬਾਦਲ ਦਲ ਨੂੰ ਹੀ ਨਿਸ਼ਾਨੇ 'ਤੇ ਲੈ ਰਹੇ ਹਨ। ਸ. ਸੇਖਵਾਂ ਨੇ ਬੀਤੇ ਕਲ ਰੋਜ਼ਾਨਾ ਸਪੋਕਸਮੈਨ ਦੇ ਇਸ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਬੇਅਦਬੀ ਕਾਂਡ ਦੇ ਬਾਅਦ 17 ਮਹੀਨੇ ਬਾਦਲ ਦੀ ਸਰਕਾਰ ਨੇ ਇਸ ਸਬੰਧ ਵਿਚ ਕੁੱਝ ਨਹੀਂ ਕੀਤਾ ਅਤੇ ਹੁਣ ਪੰਜਾਬ ਅੰਦਰ ਕੈਪਟਨ ਦੀ ਸਰਕਾਰ ਬਣਿਆਂ ਵੀ ਤਿੰਨ ਸਾਲ ਹੋ ਚੁੱਕੇ ਹਨ

ਅਤੇ ਇਸ ਤਰ੍ਹਾਂ ਕੈਪਟਨ ਸਰਕਾਰ ਨੇ ਵੀ ਇਸ ਅਤਿ ਨਾਜ਼ੁਕ ਮੁੱਦੇ ਨੂੰ ਸ਼ਜ਼ੀਦਗੀ ਨਾਲ ਨਹੀਂ ਲਿਆ। ਇਸ ਲਈ ਸੇਖਵਾਂ ਆਖਦੇ ਹਨ ਕਿ ਇਸ ਮਾਮਲੇ ਨੂੰ ਲੈ ਕੇ ਸੁਖਬੀਰ ਬਾਦਲ ਅਤੇ ਕੈਪਟਨ ਆਪਸ ਵਿਚ ਰਲੇ ਹੋਏ ਹਨ ਅਤੇ ਇਹ ਤਾਂ ਹੁਣ ਜੱਗ ਜ਼ਾਹਰ ਵੀ ਹੋ ਚੁੱਕਾ ਹੈ। ਇਸ ਤਰ੍ਹਾਂ ਜਿਹੜੇ ਅਕਾਲੀ ਆਗੂ ਅਕਾਲੀ ਦਲ ਬਾਦਲ ਵਿਚੋਂ ਕਿਰ ਰਹੇ ਹਨ ਉਹ ਤਾਂ ਕਾਂਗਰਸ ਨਾਲੋਂ ਵੀ ਸੁਖਬੀਰ ਬਾਦਲ 'ਤੇ ਤਿੱਖੇ ਹਮਲੇ ਕਰ ਰਹੇ ਹਨ ਕਿਉਂਕਿ ਉਹ ਇਹ ਬਾਖੂਬੀ ਜਾਣਦੇ ਹਨ ਕਿ ਅਕਾਲੀ ਦਲ ਵਿਚ ਕੀ ਹੁੰਦਾ ਰਿਹਾ ਹੈ।

ਇਸ ਲਈ ਅਜਿਹੇ ਅਕਾਲੀ ਆਗੂਆਂ ਦੀ ਰਾਇ ਨੂੰ ਵਿਰੋਧੀ ਤੇ ਲੋਕ ਵਧੇਰੇ ਧਿਆਨ ਨਾਲ ਸੁਣ ਕੇ ਉਸ ਤੇ ਵਿਸ਼ਵਾਸ਼ ਵੀ ਕਰਦੇ ਹਨ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਜਿਹੜੇ ਹੁਣ ਢੀਂਡਸੇ ਦੇ ਖੇਮੇ ਵਿਚ ਦਿਖਾਈ ਦੇ ਰਹੇ ਹਨ ਉਹ ਦਿੱਲੀ ਤੇ ਪੰਜਾਬ ਵਿਚ ਬਾਦਲ ਦਲ ਦਾ ਵੱਡਾ ਨੁਕਸਾਨ ਕਰ ਸਕਦੇ ਹਨ।

ਹੋਰ ਛੇ ਕੁ ਮਹੀਨਿਆਂ ਤਕ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹਨ ਅਤੇ ਇਸ ਲਈ ਇਨ੍ਹਾਂ ਚੋਣਾਂ ਵਿਚ ਢੀਂਡਸਾ ਤੇ ਜੀ.ਕੇ. ਰਲ ਕੇ ਮਨਜਿੰਦਰ ਸਿੰਘ ਸਿਰਸਾ ਅਤੇ ਹਰਮੀਤ ਸਿੰਘ ਕਲਕਟ ਨੂੰ ਸਖ਼ਤ ਮੁਕਾਬਲਾ ਦੇ ਸਕਣ ਦੀ ਸਮਰਥਾ ਰਖਦੇ ਹਨ ਅਤੇ ਇਹ ਨਤੀਜੇ ਵੀ ਪੰਜਾਬ ਦੀ ਅਕਾਲੀ ਸਿਆਸਤ 'ਤੇ ਡੂੰਘਾ ਅਸਰ ਪਾ ਸਕਦੇ ਹਨ। ਹੋਰ ਤਾਂ ਹੋਰ ਪੰਜਾਬ ਅੰਦਰ ਵਿਚਰ ਰਹੀਆਂ ਸਾਰੀਆਂ ਰਾਜਸੀ ਪਾਰਟੀਆਂ ਦਾ ਆਪੋ ਅਪਣਾ ਪੱਕਾ ਵੱਟ ਬੈਂਕ ਹੈ। ਕਾਂਗਰਸ, ਬਸਪਾ ਅਤੇ ਭਾਜਪਾ ਆਦਿ ਦਾ ਪੱਕਾ ਵੋਟ ਬੈਂਕ ਹੈ।

ਅਕਾਲੀ ਦਲ ਬਾਦਲ ਦਾ ਵੀ ਪੰਥਕ ਵੋਟ ਬੈਂਕ ਅਤੇ ਕਿਸਾਨ ਜਥੇਬੰਦੀਆਂ ਦਾ ਵੋਟ ਬੈਂਕ ਰਿਹਾ ਹੈ। ਅਕਾਲੀ ਦਲ ਅਪਣੇ ਆਪ ਨੂੰ ਕਿਸਾਨਾਂ ਦੀ ਵੀ ਹਮਦਰਦ ਪਾਰਟੀ ਅਖਵਾਉਂਦੇ ਰਹੇ ਹਨ ਅਤੇ ਇਸ ਲਈ ਕਿਸਾਨ ਜਥੇਬੰਦੀਆਂ ਅਕਾਲੀ ਦਲ ਦੇ ਖੇਮੇ ਵਿਚ ਹੀ ਜਾਣੀਆਂ ਜਾਂਦੀਆਂ ਰਹੀਆਂ ਹਨ। ਪਰ ਹੁਣ ਜਦੋਂ ਅਕਾਲੀ ਦਲ ਵਿਚੋਂ ਵੱਡੇ ਚਿਹਰੇ ਕਿਰ ਚੁੱਕੇ ਹਨ ਅਤੇ ਆਗੂਆਂ ਵਲੋਂ ਅਕਾਲੀ ਦਲ ਨੂੰ ਅਲਵਿਦਾ ਆਖਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ।

ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਜਿਹੜੇ ਅਪਣੀ ਪਾਰਟੀ ਦੇ ਮੁੱਖ ਮੰਤਰੀ 'ਤੇ ਹਮਲੇ ਕਰਦੇ ਰਹਿੰਦੇ ਹਨ ਉਹ ਵੀ ਬਿਆਨਾਂ ਰਾਹੀਂ ਅਕਸਰ ਹੀ ਸੁਖਬੀਰ ਬਾਦਲ ਨੂੰ ਅਪਣੇ ਸ਼ਬਦਿਕ ਹਮਲਿਆਂ ਦਾ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ। ਹੁਣ ਢੀਂਡਸਾ, ਬ੍ਰਹਮਪੁਰਾ, ਅਜਨਾਲਾ, ਸੇਖਵਾਂ, ਜੀਕੇ, ਰਣਜੀਤ ਸਿੰਘ ਤਲਵੰਡੀ ਆਦਿ ਆਗੂਆਂ ਦੀ ਅਕਾਲੀ ਦੇ ਵੋਟ ਬੈਂਕ ਤੇ ਘੱਟ ਜਾਂ ਵੱਧ ਪਕੜ ਹੋਣੀ ਸੁਭਾਵਿਕ ਹੀ ਹੈ

ਅਤੇ ਅਜਿਹੀ ਹਾਲਤ ਵਿਚ ਬਾਦਲ ਦਲ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਖੁਰਾ ਲੱਗਣ ਦੀ ਸੰਭਾਵਨਾ। ਇਸ ਤਰ੍ਹਾਂ ਕੁੱਲ ਮਿਲਾ ਕਿ ਹੁਣ ਅਤੇ ਅਗਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਬਾਦਲ ਲਈ ਸਭ ਅੱਛਾ ਰਹਿਣ ਦੀ ਸੰਭਾਵਨਾ ਘੱਟ ਹੈ ਅਤੇ ਅਜਿਹੀ ਹਾਲਤ ਵਿਚ ਦੋਵੇਂ ਰਵਾਇਤੀ ਪਾਰਟੀਆਂ ਦੇ ਖੇਮੇ ਵਿਚ ਰਿਹਾ ਵੋਟ ਬੈਂਕ ਕਿਸੇ ਤੀਸਰੇ ਬਦਲ ਦੀ ਵੀ ਚੋਣ ਕਰ ਸਕਦਾ ਹੈ।