ਪੰਜਾਬ 'ਚ ਵਧੀ ਬੇਰੁਜ਼ਗਾਰੀ, ਮਹੀਨਿਆਂ 'ਚ ਲੱਖਾਂ ਤੱਕ ਪਹੁੰਚਿਆ ਬੇਰੁਜ਼ਗਾਰਾਂ ਦਾ ਅੰਕੜਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵੱਲੋਂ ਘਰ ਘਰ ਰੁਜ਼ਗਾਰ ਸਕੀਮ ਤਹਿਤ ਬਣਾਏ ਪੋਰਟਲ 'ਤੇ ਬੇਰੁਜ਼ਗਾਰਾਂ ਦੀ ਭੀੜ ਇਕੱਠੀ ਹੋ ਰਹੀ ਹੈ।

Unemployment Rises

ਚੰਡੀਗੜ੍ਹ - ਪੰਜਾਬ 'ਚ ਪੜ੍ਹੇ ਲਿਖੇ ਨੌਜਵਾਨ ਬਹੁਤ ਹਨ ਉਹਨਾਂ ਕੋਲ ਪ੍ਰਾਪਤ ਡਿਗਰੀਆਂ ਵੀ ਘੱਟ ਨਹੀਂ ਪਰ ਉਹਨਾਂ ਕੋਲ ਨੌਕਰੀ ਦੀ ਕਮੀ ਹੈ। ਹਜ਼ਾਰਾਂ ਨੌਜਵਾਨ ਕਾਲਜਾਂ, ਯੂਨੀਵਰਸਿਟੀਆਂ, ਤਕਨੀਕੀ ਅਦਾਰਿਆਂ 'ਚੋਂ ਡਿਗਰੀਆਂ ਲੈ ਕੇ ਹਰ ਸਾਲ ਰੁਜ਼ਗਾਰ ਦੀ ਭਾਲ 'ਚ ਨਿਕਲਦੇ ਹਨ ਪਰ ਰੁਜ਼ਗਾਰ ਇਹਨਾਂ 'ਚੋਂ ਕੁੱਝ ਕ ਨੌਜਵਾਨਾਂ ਦੇ ਹੱਥ ਹੀ ਆਉਂਦਾ ਹੈ ਤੇ ਬਾਕੀ ਡਿਗਰੀਆਂ ਹੋਣ ਦੇ ਬਾਵਜੂਦ ਮਜ਼ਦੂਰੀ ਦਾ ਹਿੱਸਾ ਬਣ ਜਾਂਦੇ ਹਨ। ਜੋ ਇਸ ਗੱਲ ਦਾ ਸੰਕੇਤ ਹੈ ਕਿ ਰੋਜ਼ਗਾਰ ਦੇ ਮੌਕੇ ਘੱਟ ਹਨ।

ਪੰਜਾਬ ਸਰਕਾਰ ਭਾਵੇਂ ਰੁਜ਼ਗਾਰ ਮੇਲਿਆਂ ਜ਼ਰੀਏ ਸੂਬੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਹਾਮੀ ਭਰਦੀ ਹੈ ਪਰ ਦੂਜੇ ਪਾਸੇ ਸਰਕਾਰ ਦੇ ਆਪਣੇ ਹੀ ਅੰਕੜੇ ਇੱਕ ਹੋਰ ਤਸਵੀਰ ਵੀ ਪੇਸ਼ ਕਰਦੇ ਹਨ। ਪੰਜਾਬ ਸਰਕਾਰ ਵੱਲੋਂ ਘਰ ਘਰ ਰੁਜ਼ਗਾਰ ਸਕੀਮ ਤਹਿਤ ਬਣਾਏ ਪੋਰਟਲ 'ਤੇ ਬੇਰੁਜ਼ਗਾਰਾਂ ਦੀ ਭੀੜ ਇਕੱਠੀ ਹੋ ਰਹੀ ਹੈ। ਨੌਕਰੀ ਦੀ ਤਲਾਸ਼ 'ਚ ਘੁੰਮ ਰਹੇ ਨੌਜਵਾਨ ਰੁਜ਼ਗਾਰ ਮਿਲਣ ਦੀ ਉਮੀਦ 'ਚ ਆਪਣੇ ਨਾਂ ਇਸ ਪੋਰਟਲ 'ਤੇ ਰਜਿਸਟਰਡ ਕਰਵਾ ਰਹੇ ਹਨ।

ਪਿਛਲੇ ਕੁਝ ਮਹੀਨਿਆਂ 'ਚ ਬੇਰੁਜ਼ਗਾਰਾਂ ਦੀ ਗਿਣਤੀ 'ਚ ਅਚਾਨਕ ਵਾਧਾ ਹੋਇਆ ਹੈ। ਪਿਛਲੇ 4 ਕੁ ਮਹੀਨਿਆਂ 'ਚ ਹੀ 10ਵੀਂ ਪਾਸ ਤੋਂ ਲੈ ਕੇ ਪੀਐੱਚਡੀ ਦੀ ਡਿਗਰੀ ਵਾਲੇ ਲੱਖਾਂ ਨੌਜਵਾਨਾਂ ਨੇ ਘਰ ਘਰ ਰੋਜ਼ਗਾਰ 'ਚ ਸਕੀਮ ਆਪਣੇ ਨਾਂ ਦਰਜ ਕਰਵਾਏ ਹਨ। 25 ਅਕਤੂਬਰ 2018 ਨੂੰ ਆਏ ਇਸ ਪੋਰਟਲ 'ਤੇ ਹੁਣ ਤੱਕ 8 ਲੱਖ ਦੇ ਕਰੀਬ ਬੇਰੁਜ਼ਗਾਰ ਆਪਣੇ ਨਾਂ ਰਜਿਸਟਰਡ ਕਰਵਾ ਚੁੱਕੇ ਹਨ।

31 ਦਸੰਬਰ 2019 ਤੱਕ ਸਿਰਫ਼ 2,69,534 ਲੋਕ ਰਜਿਸਟਰਡ ਸਨ ਤੇ ਇਸ ਸਾਲ ਰਜਿਸਟਰਡ ਹੋਏ ਲੋਕਾਂ ਦੀ ਗਿਣਤੀ ਸਵਾ 5 ਲੱਖ ਦੇ ਕਰੀਬ ਹੈ। ਯਾਨੀ ਸਿਰਫ਼ 8 ਮਹੀਨੇ 'ਚ ਸਵਾ 5 ਲੱਖ ਬੇਰੁਜ਼ਗਾਰਾਂ ਨੇ ਨੌਕਰੀ ਦੀ ਭਾਲ ਲਈ ਸਰਕਾਰ ਕੋਲ ਆਪਣੇ ਨਾਂ ਦਰਜ ਕਰਵਾਏ ਹਨ। ਹਰ ਮਹੀਨੇ ਦਾ ਜੇ ਔਸਤ ਕੱਢੀਏ ਤਾਂ 66 ਹਜ਼ਾਰ ਦੇ ਕਰੀਬ ਅੰਕੜਾ ਆਉਂਦਾ ਹੈ, ਯਾਨੀ ਹਰ ਮਹੀਨੇ 66 ਹਜ਼ਾਰ ਬੇਰੁਜ਼ਗਾਰ ਨੌਜਵਾਨ ਨੌਕਰੀ ਲਈ ਆ ਰਹੇ ਹਨ।

ਇਹ ਉਹ ਅੰਕੜਾ ਹੈ ਜੋ ਇਸ ਪੋਰਟਲ 'ਤੇ ਰਜਿਸਟਰਡ ਹੈ, ਬਹੁਤ ਸਾਰੇ ਐਸੇ ਵੀ ਹੋਣਗੇ ਜਿਹਨਾਂ ਨੇ ਆਪਣੇ ਨਾਂ ਦਰਜ ਨਹੀਂ ਕਰਵਾਏ ਹੋਣਗੇ। ਪੋਰਟਲ ਦੇ ਅੰਕੜੇ ਮੁਤਾਬਿਕ ਬੇਰੁਜ਼ਗਾਰਾਂ ਦੀ ਗਿਣਤੀ 8 ਲੱਖ ਦੇ ਕਰੀਬ ਹੈ ਪਰ ਸਰਕਾਰ ਨੇ ਜੋ ਸਰਕਾਰੀ ਨੌਕਰੀਆਂ ਦੀ ਉਪਲੱਬਤਾ ਦੱਸੀ ਹੈ ਉਹ ਮਹਿਜ 4561 ਹੈ ਅਤੇ ਪ੍ਰਾਈਵੇਟ ਨੌਕਰੀਆਂ 4690 ਦੱਸੀਆਂ ਹਨ।

ਆਰਥਿਕ ਸਰਵੇਖਣ ਪੰਜਾਬ 2020 ਦੀ ਰਿਪੋਰਟ ਵੀ ਪੰਜਾਬ 'ਚ ਬੇਰੁਜ਼ਗਾਰੀ ਦੀ ਤਸਵੀਰ ਨੂੰ ਪੇਸ਼ ਕਰਦੀ ਹੈ। ਇਸ ਰਿਪੋਰਟ ਮੁਤਾਬਿਕ ਸੂਬੇ ਅੰਦਰ ਬੇਰੁਜ਼ਗਾਰੀ ਦੀ ਦਰ ਦੇਸ਼ ਨਾਲੋਂ ਵੱਧ ਹੈ। ਰਿਪੋਰਟ ਮੁਤਾਬਿਕ ਦੇਸ਼ 'ਚ ਇਹ ਦਰ 17.8 ਫੀਸਦ ਹੈ ਜਦਕਿ ਪੰਜਾਬ 'ਚ 21.6 ਫੀਸਦ ਹੈ। ਪੇਂਡੂ ਖੇਤਰਾਂ 'ਚ ਹਾਲ ਜ਼ਿਆਦਾ ਮਾੜਾ ਹੈ। ਇੱਥੇ 23 ਫੀਸਦ ਤੱਕ ਬੇਰੁਜ਼ਗਾਰੀ ਹੈ ਜਦਕਿ ਦੇਸ਼ 'ਚ ਇਹ ਅੰਕੜਾ 17 ਫੀਸਦ ਹੀ ਹੈ।

ਖਾਸ ਗੱਲ ਇਹ ਵੀ ਹੈ ਕਿ ਪੰਜਾਬ 'ਚ ਵੱਡੀ ਗਿਣਤੀ 'ਚ ਪੇਂਡੂ ਅਬਾਦੀ ਹੈ ਜੋ ਬੇਰੁਜ਼ਗਾਰੀ ਦੀ ਤਸਵੀਰ ਨੂੰ ਹੋਰ ਵੱਡਾ ਕਰਦੀ ਹੈ। ਔਰਤਾਂ ਨੂੰ ਰੋਜ਼ਗਾਰ ਦੇਣ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਹੋਰ ਵੀ ਪਤਲੀ ਹੈ। ਔਰਤਾਂ 'ਚ ਬੇਰੁਜ਼ਗਾਰੀ ਦੀ ਦਰ 37 ਫੀਸਦ ਤੱਕ ਹੈ ਜਦਕਿ ਦੇਸ਼ 'ਚ ਇਹ ਦਰ 18 ਫੀਸਦ ਹੀ ਹੈ।
ਬੇਰੁਜ਼ਗਾਰੀ ਦੇ ਇਹਨਾਂ ਅੰਕੜਿਆਂ ਵਿਚਾਲੇ ਇੱਕ ਹੋਰ ਪੱਖ ਵੀ ਹੈ। ਪੰਜਾਬ ਦੇਸ਼ ਦੇ ਉਹਨਾਂ ਸੂਬਿਆਂ 'ਚੋਂ ਇੱਕ ਹੈ ਜਿੱਥੇ ਰੋਜ਼ਗਾਰ ਦੀ ਭਾਲ 'ਚ ਲੋਕ ਆ ਕੇ ਵਸ ਰਹੇ ਹਨ।

2011 ਦੀ ਜਨਗਣਨਾ ਅਨੁਸਾਰ 25 ਲੱਖ ਦੇ ਕਰੀਬ ਲੋਕ ਬਾਹਰੀ ਸੂਬਿਆਂ ਤੋਂ ਆ ਕੇ ਪੰਜਾਬ 'ਚ ਵਸੇ ਹਨ। ਇਹਨਾਂ 'ਚੋਂ ਵੱਡੀ ਗਿਣਤੀ ਸਨਅਤੀ ਸ਼ਹਿਰ ਲੁਧਿਆਣਾ ਤੇ ਮੁਹਾਲੀ ਜ਼ਿਲ੍ਹੇ 'ਚ ਵਸੀ ਹੈ। ਜਿਸ ਦਾ ਮਤਲਬ ਹੈ ਕਿ ਇੰਨੇ ਲੋਕਾਂ ਨੇ ਪੰਜਾਬ 'ਚ ਆ ਕੇ ਰੁਜ਼ਗਾਰ ਦੇ ਵਸੀਲੇ ਲੱਭੇ ਹਨ, ਪਰ ਦੂਜੇ ਪਾਸੇ ਪੰਜਾਬ ਦੇ ਨੌਜਵਾਨ ਵੀ ਹਰ ਸਾਲ ਹਜ਼ਾਰਾਂ ਦੀ ਗਿਣਤੀ 'ਚ ਪੜ੍ਹਨ ਲਈ ਤੇ ਰੁਜ਼ਗਾਰ ਦੀ ਭਾਲ 'ਚ ਬਾਹਰਲੇ ਮੁਲਕਾਂ ਵੱਲ ਦੌੜ ਰਹੇ ਹਨ।