ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਨੇ ਉਲੰਪਿਕ ਖੇਡਾਂ ਦੌਰਾਨ ਚਮਕਾਇਆ ਪੰਜਾਬ ਦਾ ਨਾਂ

ਏਜੰਸੀ

ਖ਼ਬਰਾਂ, ਪੰਜਾਬ

ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਨੇ ਉਲੰਪਿਕ ਖੇਡਾਂ ਦੌਰਾਨ ਚਮਕਾਇਆ ਪੰਜਾਬ ਦਾ ਨਾਂ

image


ਪਿੰਡ ਤਿੰਮੋਵਾਲ ਦੇ ਲੋਕ ਲੱਡੂ ਵੰਡ ਕੇ ਮਨਾ ਰਹੇ ਹਨ ਖ਼ੁਸ਼ੀਆਂ


ਅੰਮਿ੍ਤਸਰ/ਟਾਂਗਰਾ, 24 ਜੁਲਾਈ (ਸੁਰਜੀਤ ਸਿੰਘ ਖ਼ਾਲਸਾ) : ਜ਼ਿਲ੍ਹਾ ਅੰਮਿ੍ਤਸਰ ਤਹਿਸੀਲ ਬਾਬਾ ਬਕਾਲਾ ਅਧੀਨ ਪਿੰਡ ਤਿੰਮੋਵਾਲ ਦੇ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਟੋਕੀਓ-ਜਾਪਾਨ ਉਲੰਪਿਕ ਖੇਡਾਂ 'ਚ ਪਿੰਡ ਦਾ ਖੂਬ ਨਾਮ ਰੋਸ਼ਨ ਕੀਤਾ ਹੈ | ਹਰਮਨਪ੍ਰੀਤ ਸਿੰਘ ਨੇ ਅੰਤਰਰਾਸ਼ਟਰੀ ਹਾਕੀ ਮੁਕਾਬਲੇ ਵਿਚ ਭਾਰਤੀ ਟੀਮ ਵਲੋਂ ਮੈਚ ਵਿਚ ਨਿਊਜ਼ੀਲੈਂਡ ਦੀ ਟੀਮ ਨੂੰ  ਸਖ਼ਤ ਮੁਕਾਬਲੇ ਵਿਚ 2 ਦੇ ਮੁਕਾਬਲੇ ਵਿਚ 3 ਗੋਲਾਂ ਨਾਲ ਹਰਾਇਆ | ਅੱਜ ਸਵੇਰੇ ਜਿਉਂ ਹੀ ਹਾਕੀ ਦੇ ਮੈਚ ਦਾ ਸਿਧਾ ਪ੍ਰਸਾਰਣ ਸ਼ੁਰੂ ਹੋਇਆ ਤਾਂ ਇਲਾਕੇ ਦੇ ਲੋਕ ਟੀ.ਵੀ. ਅੱਗੇ ਬੈਠ ਕੇ ਮੈਚ ਵੇਖ ਰਹੇ ਸਨ | ਜਿਉਂ ਹੀ ਭਾਰਤੀ ਹਾਕੀ ਟੀਮ ਦੀ ਜਿੱਤ ਵਿਚ ਹਰਮਨਪ੍ਰੀਤ ਸਿੰਘ ਵਲੋਂ ਪਾਏ ਯੋਗਦਾਨ ਦਾ ਪਤਾ ਲੱਗਾ ਤਾਂ ਪਿੰਡ ਤਿੰਮੋਵਾਲ ਦੇ ਲੋਕਾਂ ਨੇ ਲੱਡੂ ਵੰਡ ਕੇ ਖ਼ੁਸ਼ੀਆਂ ਮਨਾਈਆਂ ਅਤੇ ਹਰਮਨਪ੍ਰੀਤ ਸਿੰਘ ਦੇ ਮਾਪਿਆਂ ਨੂੰ  ਵਧਾਈ ਦੇਣ ਲਈ ਉਨ੍ਹਾਂ ਦੇ ਘਰ ਪਿੰਡ ਤਿੰਮੋਵਾਲ ਵਿਖੇ ਪਹੁੰਚਣੇ ਸ਼ੁਰੂ ਹੋ ਗਏ | ਪਿੰਡ ਵਾਸੀਆਂ ਨੇ ਪੱਤਰਕਾਰਾਂ ਨੂੰ  ਜਾਣਕਾਰੀ ਦਿੰਦਿਆਂ ਦਸਿਆ ਕਿ ਸਾਡੇ ਪਿੰਡ ਤਿੰਮੋਵਾਲ ਨੂੰ  ਬਹੁਤ ਫ਼ਖ਼ਰ ਹੈ ਕਿ ਹਰਮਨਪ੍ਰੀਤ ਨੇ ਉਨ੍ਹਾਂ ਦੇ ਪਿੰਡ ਦਾ ਨਾਂ ਪੂਰੇ ਵਿਸ਼ਵ ਵਿਚ ਚਮਕਾਇਆ ਹੈ | ਹਰਮਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਦੇ ਚਾਚਾ ਤੇਜਿੰਦਰ ਸਿੰਘ ਢਿਲੋਂ ਚੀਨ ਵਿਚ 2008 ਨੂੰ  ਉਲੰਪਿਕ ਗੋਲਡ ਮੈਡਲ ਜਿਤਣ ਵਾਲੇ ਅਭਿਨਵ ਬਿੰਦਰਾ ਦੇ ਕੋਚ ਸਨ ਅਤੇ ਪਿਤਾ ਸਰਬਜੀਤ ਸਿੰਘ ਪਹਿਲਵਾਨ ਇਲਾਕੇ ਵਿਚ ਕਬੱਡੀ ਦੇ ਮੰਨੇ ਪ੍ਰਮੰਨੇ ਖਿਡਾਰੀ ਰਹੇ ਹਨ |
ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡ ਤਿੰਮੋਵਾਲ ਵਿਚ ਖੇਡ ਸਟੇਡੀਅਮ ਅਤੇ ਹੱਕੀ ਟਰੱਫ ਬਣਾਇਆ ਜਾਵੇ ਤਾਕਿ ਪਿੰਡ ਤਿੰਮੋਵਾਲ ਅਤੇ ਇਲਾਕੇ ਦੇ ਨੌਜਵਾਨ ਇਸੇ ਤਰ੍ਹਾਂ ਖੇਡਾਂ ਵਿਚ ਅਪਣੇ ਇਲਾਕੇ, ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ | ਅਸੀਂ ਆਸ ਕਰਦੇ ਹਾਂ ਕਿ ਭਾਰਤੀ ਹਾਕੀ ਟੀਮ ਵਰਲਡ ਕੱਪ ਜਿਤੇ ਗੋਲਡ ਮੈਡਲ ਹਾਸਲ ਕਰ ਕੇ ਹੀ ਅਪਣੇ ਦੇਸ਼ ਪਰਤੇ ਅਤੇ ਉਨ੍ਹਾਂ ਦੇ ਵਾਪਸ ਪਰਤਣ 'ਤੇ ਹਰਮਨਪ੍ਰੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ |
ਫੋਟੋ ਕੈਪਸ਼ਨ- 1 ਪਿੰਡ ਤਿੰਮੋਵਾਲ ਵਿਚ ਹਰਮਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਅਤੇ ਪ੍ਰਵਾਰਕ ਮੈਂਬਰਾਂ ਸਮੇਤ ਪਿੰਡ ਦੇ ਮੋਹਤਬਰ ਖੁਸ਼ੀ ਮਨਾਉਂਦੇ ਹੋਏ 2 ਹਰਮਨਪ੍ਰੀਤ ਸਿੰਘ ਭਾਰਤੀ ਟੀਮ ਨਾਲ ਜਿਤ ਦੀ ਖੁਸ਼ੀ ਮਨਾਉਂਦੇ ਹੋਏ |