ਪੰਜਾਬ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਨੇ ਚਮਕੌਰ ਸਾਹਿਬ ਵਿਖੇ ਮੱਥਾ ਟੇਕਿਆ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਨੇ ਚਮਕੌਰ ਸਾਹਿਬ ਵਿਖੇ ਮੱਥਾ ਟੇਕਿਆ

image

ਕਿਸਾਨ ਅੰਦੋਲਨ ਵਿਚ ਬੈਠਾ ਹਰ ਬਜ਼ੁਰਗ ਮੇਰਾ ਪਿਉ : ਸਿੱਧੂ

ਸ੍ਰੀ ਚਮਕੌਰ ਸਾਹਿਬ, 24 ਜੁਲਾਈ (ਕੁਲਵਿੰਦਰ ਭਾਟੀਆ, ਲੱਖਾ) :  ਪੰਜਾਬ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਅੱਜ ਸ੍ਰੀ ਚਮਕੌਰ ਸਾਹਿਬ ਪੁੱਜਣ 'ਤੇ ਕਮਲ ਪੈਲਸ ਨੇੜੇ ਹਲਕੇ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਨਗਰ ਪੰਚਾਇਤ ਦੇ ਕਾਂਗਰਸੀ ਕੌਂਸਲਰਾਂ ਅਤੇ ਇਲਾਕੇ ਦੇ ਕਾਂਗਰਸੀ ਆਗੂਆਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਤੋਂ ਬਾਅਦ ਸਿੱਧੂ ਕੱੁਝ ਸਮਾਂ ਚੰਨੀ ਦੇ ਮੰਡੀ ਵਿਚ ਸਥਿਤ ਦਫ਼ਤਰ ਵਿਚ ਵੀ ਰੁਕੇ ਅਤੇ ਆਪਸੀ ਗੱਲਬਾਤ ਦੌਰਾਨ ਚਮਕੌਰ ਸਾਹਿਬ ਵਿਚ ਚਲ ਰਹੇ ਪ੍ਰਾਜੈਕਟਾਂ 'ਤੇ ਚਰਚਾ ਵੀ ਕੀਤੀ | ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਗੁਰਦਵਾਰਾ ਕਤਲਗੜ੍ਹ ਸਾਹਿਬ ਵਿਚ ਇਕ ਨਿਮਾਣੇ ਸਿੱਖ ਵਜੋਂ ਹਾਜ਼ਰੀ ਲਗਵਾਈ | 
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਿੱਧੂ ਨੇ ਕਿਹਾ ਕਿ ਸੰਯਕੁਤ ਕਿਸਾਨ ਮੋਰਚਾ ਇਕ ਪਵਿੱਤਰ ਗਠਬੰਧਨ ਹੈ ਅਤੇ ਮੈਂ ਇਸ ਦੀ ਕਦਰ ਕਰਦਾ ਹਾਂ | ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਵਿਚ ਬੈਠਾ ਹਰ ਬਜ਼ੁਰਗ ਮੇਰਾ ਮਾਂ ਅਤੇ ਪਿਉ ਹੈ | ਉਨ੍ਹਾਂ ਕਿਹਾ ਕਿ ਮੈਂ ਪਹਿਲੇ ਦਿਨ ਤੋਂ ਹੀ ਇਸ ਅੰਦੋਲਨ ਦਾ ਹਮਾਇਤੀ ਰਿਹਾ ਹਾਂ ਅਤੇ ਅੱਜ ਵੀ ਹਾਂ | ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੀ ਸਲਾਹ ਲੈਣਗੇ ਅਤੇ ਜੋ ਮਦਦ ਸੂਬਾ ਕਾਂਗਰਸ ਕਰ ਸਕਦੀ ਹੋਵੇਗੀ ਉਹ ਕਿਸਾਨਾਂ ਦੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਕਿਸਾਨ ਸਾਡੀ ਪੱਗ ਹਨ ਅਤੇ ਜੇਕਰ ਉਹ ਮੈਨੂੰ ਕਿਸੇ ਲਾਇਕ ਸਮਝ ਕੇ ਬੁਲਾਉਂਦੇ ਹਨ ਤਾਂ ਮੈਂ ਨੰਗੇ ਪੈਰੀਂ ਜਾਵਾਂਗਾ | ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮੁਸ਼ਕਲਾਂ ਨੂੰ  ਹੱਲ ਕੀਤਾ ਜਾਵੇਗਾ ਅਤੇ 18 ਨੁਕਾਤੀ ਪ੍ਰੋਗਰਾਮ ਲਾਗੂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪਾਰਟੀ ਵਿਚ ਹਰੇਕ ਵਰਕਰ ਨੂੰ  ਬਣਦਾ ਮਾਣ ਮਿਲੇਗਾ ਕਿਉਂਕਿ ਵਰਕਰ ਹੀ ਪ੍ਰਧਾਨ ਹੈ | ਉਨ੍ਹਾਂ ਕਿਹਾ ਕਿ ਉਹ ਵਰਕਰਾਂ ਦੀਆਂ ਮੁਸ਼ਕਲਾਂ ਸੁਣਨ ਲਈ 15 ਅਗੱਸਤ ਤੋਂ ਕਾਂਗਰਸ ਭਵਨ 'ਚ ਬੈਠਣਗੇ |
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਕਰਨੈਲ ਸਿੰਘ, ਨਗਰ ਪੰਚਾਇਤ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ, ਸੁਰਿੰਦਰ ਸਿੰਘ ਹਰੀਪੁਰ, ਸ਼ਮਸ਼ੇਰ ਸਿੰਘ ਮੰਗੀ, ਤਰਲੋਚਨ ਸਿੰਘ ਭੰਗੂ, ਮੁਨਿਤ ਕੁਮਾਰ, ਡਾ. ਬਲਵਿੰਦਰ ਸਿੰਘ, ਰੋਹਿਤ ਸੱਭਰਵਾਲ, ਜਸਵੀਰ ਸਿੰਘ ਜਟਾਣਾ ਅਤੇ ਦਰਸ਼ਨ ਵਰਮਾ ਆਦਿ ਹਾਜ਼ਰ ਸਨ |