ਰੰਜਸ਼ ਕਾਰਨ ਹਥਿਆਰਬੰਦ ਵਿਅਕਤੀਆਂ ਨੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹਤਿਆ

ਏਜੰਸੀ

ਖ਼ਬਰਾਂ, ਪੰਜਾਬ

ਰੰਜਸ਼ ਕਾਰਨ ਹਥਿਆਰਬੰਦ ਵਿਅਕਤੀਆਂ ਨੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹਤਿਆ

image

ਮੋਗਾ/ਧਰਮਕੋਟ 24 ਜੁਲਾਈ (ਹਰਜੀਤ ਸਿੰਘ ਛਾਬੜਾ/ਅਰੁਣ ਗੁਲਾਟੀ) ਧਰਮਕੋਟ ਤੋਂ ਥੋੜੀ ਦੂਰ ਜਲੰਧਰ ਬਾਈਪਾਸ ਟੋਲ ਪਲਾਜ਼ੇ ਕੋਲ ਰੰਜਸ਼ ਕਾਰਨ ਹਥਿਆਰਬੰਦ ਨੌਜਵਾਨਾਂ ਵਲੋਂ ਗੁਰਅਵਤਾਰ ਸਿੰਘ (26) ਨਿਵਾਸੀ ਪਿੰਡ ਬਾਘੀਆਂ ਖੁਰਦ (ਸਿੱਧਵਾਂ ਬੇਟ) ਦੀ ਗੋਲੀ ਮਾਰ ਕੇ ਹਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਧਰਮਕੋਟ ਪੁਲਿਸ ਵਲੋਂ ਮਿ੍ਰਤਕ ਦੇ ਭਰਾ ਗੁਰਵਿੰਦਰ ਸਿੰਘ ਦੇ ਬਿਆਨਾਂ ’ਤੇ ਸੰਜੀਵ ਨਿਵਾਸੀ ਪਿੰਡ ਭੂਰੇਵਾਲਾ, ਧਨੀ ਧਰਮਕੋਟ, ਜਸਵੰਤ ਸਿੰਘ ਉਰਫ਼ ਜੱਸੀ ਨਿਵਾਸੀ ਪਿੰਡ ਭੋਡੀ ਵਾਲਾ ਬਸਤੀ ਭਾਟੇ ਕੀ, ਗੁਰਪ੍ਰੀਤ ਗੋਸ਼ੀ ਨਿਵਾਸੀ ਪਿੰਡ ਸ਼ੇਰਪੁਰ ਤਾਇਬਾਂ, ਸੁਨੀਲ, ਕਾਲੀ ਦੋਨੋਂ ਨਿਵਾਸੀ ਪਿੰਡ ਸੈਦ ਜਲਾਲਪੁਰ, ਸੋਨੀ ਨਿਵਾਸੀ ਪਿੰਡ ਸ਼ੇਰਪੁਰ ਤਾਇਬਾਂ ਤੋਂ ਇਲਾਵਾ 25/30 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। 
ਮਾਮਲੇ ਦੀ ਜਾਂਚ ਕਰ ਰਹੇ ਥਾਣਾ ਧਰਮਕੋਟ ਦੇ ਇੰਸਪੈਕਟਰ ਦਲਜੀਤ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਦਿਤੇ ਸ਼ਿਕਾਇਤ ਪੱਤਰ ਵਿਚ ਗੁਰਵਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਨਿਵਾਸੀ ਪਿੰਡ ਬਾਘੀਆਂ ਖੁਰਦ ਨੇ ਦਸਿਆ ਕਿ ਉਹ ਮਿਹਨਤ-ਮਜ਼ਦੂਰੀ ਦਾ ਕੰਮ ਕਰਦਾ ਹੈ। ਬੀਤੀ 22 ਜੁਲਾਈ ਦੀ ਸ਼ਾਮ ਨੂੰ ਜਦ ਮੈਂ ਅਪਣੇ ਘਰ ਵਿਚ ਮੌਜੂਦ ਸੀ ਤਾਂ ਦੋਸ਼ੀ ਸੰਜੀਵ ਨਿਵਾਸੀ ਪਿੰਡ ਬੂੜੇਵਾਲ ਢਾਣੀ ਨੇੜੇ ਬੰਨ੍ਹ ਦਰਿਆ ਸਤਲੁਜ ਮੇਰੇ ਭਰਾ ਗੁਰਅਵਤਾਰ ਸਿੰਘ ਨੂੰ ਨਾਲ ਲੈ ਕੇ ਕਮਾਲਕੇ ਵਲ ਆਇਆ, ਉਸ ਨੇ ਮੇਰੇ ਭਰਾ ਨੂੰ ਕਿਹਾ ਕਿ ਆਪਾਂ ਟੋਲ ਪਲਾਜ਼ਾ ਸ਼ਾਹਕੋਟ-ਧਰਮਕੋਟ ਕੋਲ ਜਸਵੰਤ ਸਿੰਘ ਉਰਫ਼ ਜੱਸੀ ਨਿਵਾਸੀ ਬਸਤੀ ਭਾਟੇ ਕੀ ਪਿੰਡ ਭੋਡੀਵਾਲਾ ਨਾਲ ਗੱਲ ਕਰ ਕੇ ਆਉਣੀ ਹੈ, ਜੋ ਸਾਨੂੰ ਧਮਕੀਆਂ ਦਿੰਦਾ ਹੈ, ਮੈਨੂੰ ਸ਼ੱਕ ਹੋਣ ’ਤੇ ਮੈਂ ਵੀ ਉਨ੍ਹਾਂ ਦੇ ਮਗਰ ਆ ਗਿਆ, ਜਦੋਂ ਉਹ ਟੋਲ ਪਲਾਜ਼ਾ ਕੋਲ ਪੁੱਜੇ ਤਾਂ ਉਥੇ ਦੂਸਰੇ ਦੋਸ਼ੀ ਵੀ ਹਥਿਆਰਾਂ ਨਾਲ ਲੈਸ ਮੌਜੂਦ ਸਨ, ਜੋ ਧਮਕੀਆਂ ਦੇ ਰਹੇ ਸਨ। 
ਇਸ ਦੌਰਾਨ ਦੋਸ਼ੀ ਜਸਵੰਤ ਸਿੰਘ ਜੱਸੀ ਨੇ ਮੇਰੇ ਭਰਾ ਗੁਰਅਵਤਾਰ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾਈ, ਜੋ ਉਸ ਦੇ ਸਿਰ ਵਿਚ ਵੱਜੀ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੋਲੀਆਂ ਚੱਲਣ ਕਾਰਨ ਮੈਂ ਡਰਦਾ ਮੌਕੇ ਤੋਂ ਭੱਜ ਆਇਆ ਅਤੇ ਸਾਰੀ ਗੱਲ ਦੱਸੀ ਉਸ ਨੇ ਕਿਹਾ ਕਿ ਦੋਸ਼ੀ ਸਾਡੇ ਪਿੰਡ ਵਿਚ ਮਾੜੀਆਂ ਹਰਕਤਾਂ ਕਰਦੇ ਸੀ, ਜਿਸ ਨੂੰ ਅਸੀਂ ਰੋਕਦੇ ਸੀ ਇਸੇ ਰੰਜਸ਼ ਕਾਰਨ ਉਨ੍ਹਾਂ ਨੇ ਮੇਰੇ ਭਰਾ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ। ਥਾਣਾ ਧਰਮਕੋਟ ਦੇ ਮੁੱਖ ਅਫ਼ਸਰ ਇੰਸਪੈਕਟਰ ਦਲਜੀਤ ਸਿੰਘ ਨੇ ਦਸਿਆ ਕਿ ਦੋਸ਼ੀਆਂ ਦੀ ਗਿ੍ਰਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਸ ਘਟਨਾਕ੍ਰਮ ਦੀ ਸੱਚਾਈ ਜਲਦੀ ਹੀ ਲੋਕਾਂ ਸਾਹਮਣੇ ਲਿਆਂਦੀ ਜਾਵੇਗੀ।  
ਫੋਟੋ ਨੰਬਰ 24 ਮੋਗਾ 10 ਪੀ
ਗੁਰਅਵਤਾਰ ਸਿੰਘ ਦੀ ਲਾਸ਼। (ਹਰਜੀਤ ਸਿੰਘ ਛਾਬੜਾ)