ਸਿੱਧੂ ਦਾ ਜੋਸ਼ ਤੇ ਕੈਪਟਨ ਦਾ ਹੋਸ਼ : ਮੁੜ ਬਣੇਗੀ ਸੂਬੇ 'ਚ ਕਾਂਗਰਸ ਦੀ ਸਰਕਾਰ : ਮਨਪ੍ਰੀਤ ਬਾਦਲ

ਏਜੰਸੀ

ਖ਼ਬਰਾਂ, ਪੰਜਾਬ

ਸਿੱਧੂ ਦਾ ਜੋਸ਼ ਤੇ ਕੈਪਟਨ ਦਾ ਹੋਸ਼ : ਮੁੜ ਬਣੇਗੀ ਸੂਬੇ 'ਚ ਕਾਂਗਰਸ ਦੀ ਸਰਕਾਰ : ਮਨਪ੍ਰੀਤ ਬਾਦਲ

image

ਬਠਿੰਡਾ, 24 ਜੁਲਾਈ (ਸੁਖਜਿੰਦਰ ਮਾਨ) : ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ''ਕਾਂਗਰਸ ਪਾਰਟੀ ਇਕਜੁਟ ਹੈ ਅਤੇ ਨਵਜੋਤ ਸਿੱਧੂ ਦਾ ਜੋਸ਼ ਤੇ ਕੈਪਟਨ ਅਮਰਿੰਦਰ ਸਿੰਘ ਦਾ ਹੋਸ਼ ਕਾਂਗਰਸ ਦੀ ਬੇੜੀ ਨੂੰ  ਮੁੜ ਕਿਨਾਰੇ ਤਕ ਪਹੁੰਚਾਉਣ ਵਿਚ ਕਾਮਯਾਬ ਹੋਵੇਗਾ |'' ਸ. ਬਾਦਲ ਨੇ ਮੰਨਿਆ ਕਿ ਅਗਲੇ 6 ਮਹੀਨੇ ਫ਼ੈਸਲਾਕੁੰਨ ਸਾਬਤ ਹੋਣਗੇ ਤੇ ਪਾਰਟੀ ਲੋਕਾਂ 'ਚ ਅਪਣੀਆਂ ਪ੍ਰਾਪਤੀਆਂ ਨੂੰ  ਲੈ ਕੇ ਜਾਵੇਗੀ | ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਨੂੰ  ਦਲਦਲ 'ਚ ਧੱਕਣ ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲ ਕਾਂਗਰਸ ਦੀ ਕੋਈ ਸਾਂਝ ਨਹੀਂ ਹੋ ਸਕਦੀ |'' 
ਪੱਤਰਕਾਰਾਂ ਵਲੋਂ ਸੂਬੇ 'ਚ ਕੈਪਟਨ ਤੇ ਬਾਦਲਾਂ ਦੇ ਆਪਸ 'ਚ ਰਲੇ ਹੋਣ ਦੀ ਚਲ ਰਹੀ ਚਰਚਾ ਸਬੰਧੀ ਪੁੱਛੇ ਜਾਣ 'ਤੇ ਸ. ਬਾਦਲ ਨੇ ਕਿਹਾ, ''ਪੰਜਾਬ ਨੂੰ  ਦੋ ਭਾਗਾਂ 'ਚ ਵੰਡ ਕੇ ਫਿਰਕਾਪ੍ਰਸਤ ਦੀ ਸਿਆਸਤ ਕਰਨ ਵਾਲੀ ਇਸ ਜਮਾਤ ਦੇ ਚਿਹਰੇ ਤੋਂ ਹੁਣ ਧਰਮ ਤੇ ਕਿਸਾਨੀ ਦਾ ਮੁਖੌਟਾ ਵੀ ਉਤਰ ਗਿਆ ਹੈ |''  ਬੇਅਦਬੀ ਕਾਂਡ 'ਤੇ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਇਸ ਮਸਲੇ ਦੀ ਤਹਿ ਤਕ ਪੁੱਜ ਕੇ ਸਮਾਜ ਦੇ ਦੁਸ਼ਮਣਾਂ ਨੂੰ  ਕਾਨੂੰਨ ਦੇ ਸਿਕੰਜ਼ੇ ਤਕ ਪਹੁੰਚਾਏਗੀ |'' 
ਸ. ਬਾਦਲ ਸਥਾਨਕ ਮਿੰਨੀ ਸਕੱਤਰੇਤ 'ਚ ਜ਼ਿਲ੍ਹਾ ਯੋਜਨਾ ਬੋਰਡ ਦੇ ਨਵਨਿਯੁਕਤ ਚੇਅਰਮੈਨ ਰਾਜਨ ਗਰਗ ਦੀ ਤਾਜ਼ਪੋਸ਼ੀ ਮੌਕੇ ਪੁੱਜੇ ਹੋਏ ਸਨ | ਇਸ ਮੌਕੇ ਸ੍ਰੀ ਬਾਦਲ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਤਨਖ਼ਾਹ ਕਮਿਸ਼ਨ ਦੇ ਵਿਰੋਧ 'ਚ ਮੁਲਾਜ਼ਮਾਂ ਵਲੋਂ ਸਰਕਾਰ ਦੇ ਕੀਤੇ ਜਾ ਰਹੇ ਵਿਰੋਧ 'ਤੇ ਟਿਪਣੀ ਕਰਦਿਆਂ ਭਰੋਸਾ ਦਿਵਾਇਆ ਕਿ ''ਕਈ ਵਾਰ ਕਮਿਸ਼ਨ ਦੀ ਰੀਪੋਰਟ 'ਚ ਕੁੱਝ ਗੱਲਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਨੂੰ  ਆਹਿਸਤਾ-ਆਹਿਸਤਾ ਦੂਰ ਕਰ ਦਿਤਾ ਜਾਵੇਗਾ |'' ਇਸ ਦੇ ਨਾਲ ਹੀ ਠੇਕਾ ਮੁਲਾਜ਼ਮਾਂ ਨੂੰ  ਪੱਕੇ ਕਰਨ ਦੇ ਮੁੱਦੇ 'ਤੇ ਵੀ ਵਿਤ ਮੰਤਰੀ ਨੇ ਖੁਲਾਸਾ ਕੀਤਾ ਕਿ ਜਲਦੀ ਹੀ ਪੰਜਾਬ ਸਰਕਾਰ ਨਵਾਂ ਬਿੱਲ ਲੈ ਕੇ ਆ ਰਹੀ ਹੈ, ਜਿਸ ਵਿਚ ਠੇਕੇ 'ਤੇ ਕੰਮ ਕਰ ਰਹੇ ਮੁਲਾਜ਼ਮਾਂ ਦੇ ਮਸਲੇ ਹੱਲ ਕੀਤੇ ਜਾਣਗੇ | ਪ੍ਰੰਤੂ ਉਨ੍ਹਾਂ ਆਉਟਸੋਰਸ 'ਤੇ ਭਰਤੀ ਹੋਏ ਮੁਲਾਜ਼ਮਾਂ ਬਾਰੇ ਉਨ੍ਹਾਂ ਇਹੀ ਕਿਹਾ ਕਿ ਸਰਕਾਰ ਇੰਨ੍ਹਾਂ ਦੇ ਹਿੱਤਾਂ ਦੀ ਵੀ ਰੱਖਿਆ ਕਰੇਗੀ | 
ਕੇਂਦਰ ਸਰਕਾਰ ਉਪਰ ਵਿਰੋਧੀ ਆਗੂਆਂ ਤੇ ਹੋਰਨਾਂ ਦੀ ਜਾਸੂਸੀ ਕਰਨ ਦੇ ਲੱਗ ਰਹੇ ਦੋਸ਼ਾਂ ਨੂੰ  ਮੰਦਭਾਗਾ ਕਰਾਰ ਦਿੰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ''ਦੇਸ਼ ਦੀ ਆਜ਼ਾਦੀ ਬਹੁਤ ਮੁਸ਼ਕਲ ਨਾਲ ਲਈ ਹੈ, ਜਿਸ ਵਿਚ ਪੰਜਾਬੀਆਂ ਦੀਆਂ ਸੱਭ ਤੋਂ ਵੱਡੀਆਂ ਕੁਰਬਾਨੀਆਂ ਹਨ ਤੇ ਅਜਿਹਾ ਕਰ ਕੇ ਕੇਂਦਰ ਨੇ ਬਹੁਤ ਵੱਡਾ ਗੁਨਾਹ ਕੀਤਾ ਹੈ |'' ਇਸ ਮੌਕੇ ਉਨ੍ਹਾਂ ਨਾਲ ਜੈਜੀਤ ਸਿੰਘ ਜੌਹਲ, ਚੇਅਰਮੈਨ ਰਾਜਨ ਗਰਗ, ਚੇਅਰਮੈਨ ਕੇ.ਕੇ.ਅਗਰਵਾਲ, ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ, ਸੀਨੀ: ਡਿਪਟੀ ਮੇਅਰ ਅਸ਼ੋਕ ਕੁਮਾਰ, ਸੀਨੀਅਰ ਆਗੂ ਅਵਤਾਰ ਸਿੰਘ ਗੋਨਿਆਣਾ, ਰੁਪਿੰਦਰ ਬਿੰਦਰਾ, ਟਹਿਲ ਸਿੰਘ ਬੁੱਟਰ, ਬਲਰਾਜ ਪੱਕਾ ਆਦਿ ਹਾਜ਼ਰ ਸਨ |
ਇਸ ਖ਼ਬਰ ਨਾਲ ਸਬੰਧਤ ਫੋਟੋ 24 ਬੀਟੀਆਈ 03 ਵਿਚ ਹੈ | 
ਫ਼ੋਟੋ: ਇਕਬਾਲ ਸਿੰਘ