ਅੰਮ੍ਰਿਤਸਰ: ਸਪੈਸ਼ਲ ਟਾਸਕ ਫੋਰਸ ਨੇ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਮੰਗਵਾਉਣ ਵਾਲਾ ਤਸਕਰ ਕੀਤਾ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉੱਤਰ ਪ੍ਰਦੇਸ਼ ਵਿੱਚ ਚੱਲ ਰਹੀ ਡਰੱਗ ਫੈਕਟਰੀ ਵੀ ਫੜੀ ਗਈ

Arrest

 

ਅੰਮ੍ਰਿਤਸਰ: ਸਪੈਸ਼ਲ ਟਾਸਕ ਫੋਰਸ ਦੀ ਅੰਮ੍ਰਿਤਸਰ ਯੂਨਿਟ ਨੇ ਇੱਕੋ ਸਮੇਂ ਦੋ ਮਾਮਲਿਆਂ ਵਿੱਚ ਸਫਲਤਾ ਹਾਸਲ ਕੀਤੀ ਹੈ। ਇੱਕ ਪਾਸੇ STF ਨੇ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਅਤੇ ਹਥਿਆਰ ਲਿਆਉਣ ਵਾਲੇ ਇੱਕ ਤਸਕਰ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਦੂਜੇ ਪਾਸੇ ਉੱਤਰ ਪ੍ਰਦੇਸ਼ ਵਿੱਚ ਚੱਲ ਰਹੀ ਡਰੱਗ ਫੈਕਟਰੀ ਵੀ ਫੜੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ STF ਦੇ ਸੀਨੀਅਰ ਅਧਿਕਾਰੀ ਜਲਦ ਹੀ ਆਪਣੀ ਸਫਲਤਾ ਲਈ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ।

 

ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਇੱਕ ਤਸਕਰ ਨੂੰ ਕਾਬੂ ਕੀਤਾ ਗਿਆ ਹੈ। ਇਹ ਸਮੱਗਲਰ ਪਾਕਿਸਤਾਨ ਤੋਂ ਹੈਰੋਇਨ ਲਿਆਉਂਦਾ ਸੀ। ਇੰਨਾ ਹੀ ਨਹੀਂ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿੱਚ ਹੋਏ ਬੰਬ ਧਮਾਕੇ ਦੇ ਕੇਸ ਵਿੱਚ ਇਸ ਤਸਕਰ ਤੋਂ ਹੀ ਬੰਬ ਮੰਗਵਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਹਿਲਾਂ ਵੀ ਇੱਕ ਨਾਬਾਲਗ ਸਮੇਤ ਤਿੰਨ ਗ੍ਰਿਫ਼ਤਾਰੀਆਂ ਕੀਤੀਆਂ ਸਨ ਪਰ ਮੁੱਖ ਦੋਸ਼ੀ ਪੁਲਿਸ ਦੀ ਗ੍ਰਿਫ਼ਤ 'ਚੋਂ ਭੱਜਣ 'ਚ ਕਾਮਯਾਬ ਹੋ ਗਿਆ ਸੀ। ਹੁਣ ਐਸਟੀਐਫ ਨੇ ਕਾਰਵਾਈ ਕਰਦੇ ਹੋਏ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

 

ਦੱਸ ਦੇਈਏ ਕਿ STF ਨੇ ਇਸ ਇੱਕ ਸਫਲਤਾ ਦੇ ਨਾਲ ਹੀ ਉੱਤਰ ਪ੍ਰਦੇਸ਼ ਵਿੱਚ ਛਾਪੇਮਾਰੀ ਕੀਤੀ ਹੈ। ਐਸਟੀਐਫ ਨੇ ਯੂਪੀ ਵਿੱਚ ਛਾਪੇਮਾਰੀ ਕਰਕੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਕੈਪਸੂਲ ਬਰਾਮਦ ਹੋਏ ਹਨ। ਇਹ ਮੁਲਜ਼ਮ ਯੂਪੀ ਵਿੱਚ ਕੈਪਸੂਲ ਬਣਾ ਕੇ ਦਿੱਲੀ ਵਿੱਚ ਸਪਲਾਈ ਕਰਦੇ ਸਨ। ਇਹ ਕੈਪਸੂਲ ਦਿੱਲੀ ਤੋਂ ਪੰਜਾਬ ਦੇ ਪਿੰਡਾਂ ਵਿੱਚ ਪਹੁੰਚਾਏ ਜਾਂਦੇ ਸਨ। ਫਿਲਹਾਲ ਕੋਈ ਵੀ ਅਧਿਕਾਰੀ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਦੇ ਰਿਹਾ ਹੈ ਪਰ ਜਲਦੀ ਹੀ ਐਸਟੀਐਫ ਦੇ ਸੀਨੀਅਰ ਅਧਿਕਾਰੀ ਇਸ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕਰਨਗੇ।