ਬੇਅਦਬੀ ਕਾਂਡ: ਪੰਜਾਬ ਸਰਕਾਰ ਦੀ ਬਹਿਬਲ ਮੋਰਚੇ ਨਾਲ ਗੱਲਬਾਤ ਨਾ ਚੜ੍ਹੀ ਨੇਪਰੇ, ਬੇਰੰਗ ਪਰਤੀ ਟੀਮ
ਬੇਅਦਬੀ ਕਾਂਡ: ਪੰਜਾਬ ਸਰਕਾਰ ਦੀ ਬਹਿਬਲ ਮੋਰਚੇ ਨਾਲ ਗੱਲਬਾਤ ਨਾ ਚੜ੍ਹੀ ਨੇਪਰੇ, ਬੇਰੰਗ ਪਰਤੀ ਟੀਮ
ਸਿੱਖ ਜਥੇਬੰਦੀਆਂ ਵਲੋਂ 31 ਜੁਲਾਈ ਨੂੰ ਵੱਡਾ ਇਕੱਠ ਕਰ ਕੇ ਰਣਨੀਤੀ ਉਲੀਕਣ ਦਾ ਐਲਾਨ
ਕੋਟਕਪੂਰਾ, 24 ਜੁਲਾਈ (ਗੁਰਿੰਦਰ ਸਿੰਘ) : ਬਹਿਬਲ ਇਨਸਾਫ਼ ਮੋਰਚੇ ਦੇ ਆਗੂਆਂ ਸਮੇਤ ਵੱਖ-ਵੱਖ ਜਥੇਬੰਦੀਆਂ ਤੇ ਸੰਸਥਾਵਾਂ ਨਾਲ ਸਬੰਧਤ ਪੰਥਕ ਸ਼ਖ਼ਸੀਅਤਾਂ ਨਾਲ ਪੰਜਾਬ ਸਰਕਾਰ ਵਲੋਂ ਗੱਲਬਾਤ ਕਰਨ ਲਈ ਪੁੱਜੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਅਮੋਲਕ ਸਿੰਘ ਵਿਧਾਇਕ ਜੈਤੋ, ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫ਼ਰੀਦਕੋਟ ਅਤੇ ਐਡਵੋਕੇਟ ਜਨਰਲ ਦੀ ਲੀਗਲ ਟੀਮ ਦੇ ਲਗਭਗ ਚਾਰ ਘੰਟੇ ਕੀਤੇ ਯਤਨਾਂ ਦੇ ਬਾਵਜੂਦ ਵੀ ਗੱਲਬਾਤ ਸਿਰੇ ਨਾ ਚੜ੍ਹੀ ਅਤੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਐਲਾਨ ਕਰ ਦਿਤਾ ਕਿ ਉਹ ਅਗਲੇ ਪੋ੍ਰਗਰਾਮ ਦੀ ਰੂਪ ਰੇਖਾ ਉਲੀਕਣ ਲਈ 31 ਜੁਲਾਈ ਨੂੰ ਸਿੱਖ ਜਥੇਬੰਦੀਆਂ ਦਾ ਵੱਡਾ ਇਕੱਠ ਕਰਨਗੇ |
ਪੰਜਾਬ ਸਰਕਾਰ ਦੀ ਟੀਮ ਨੇ 6 ਮਹੀਨਿਆਂ ਦੀ ਹੋਰ ਮੋਹਲਤ ਮੰਗਦਿਆਂ ਵਿਸ਼ਵਾਸ ਦਿਵਾਇਆ ਕਿ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤ ਪ੍ਰਵਾਰਾਂ ਨੂੰ ਇਨਸਾਫ਼ ਦਿਵਾਉਣ ਦਾ ਮਾਮਲਾ ਸਰਕਾਰ ਦੇ ਏਜੰਡੇ 'ਤੇ ਹੈ | ਪਾਵਨ ਸਰੂਪ ਚੋਰੀ ਹੋਣ, ਭੜਕਾਊ ਪੋਸਟਰ ਲੱਗਣ, ਬੇਅਦਬੀ ਕਾਂਡ ਨੂੰ ਅੰਜਾਮ ਦੇਣ ਅਤੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਸੀਆ ਅਤਿਆਚਾਰ ਵਾਲੇ ਮਾਮਲਿਆਂ ਵਿਚ ਸਰਕਾਰ ਇਨਸਾਫ਼ ਜ਼ਰੂਰ ਦਿਵਾਵੇਗੀ | ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਸੁਖਰਾਜ ਸਿੰਘ ਨਿਆਮੀਵਾਲਾ ਨੇ ਸੁਆਲ ਕੀਤਾ ਕਿ 7 ਸਾਲ ਸਾਨੂੰ ਜ਼ਲੀਲ ਕੀਤਾ ਗਿਆ, ਦੋਸ਼ੀ ਸ਼ਰੇਆਮ ਦਨਦਨਾਉਂਦੇ ਫਿਰਦੇ ਹਨ, ਉਲਟਾ ਸਰਕਾਰ ਨੇ ਉਨ੍ਹਾਂ ਨੂੰ ਸੁਰੱਖਿਆ ਕਰਮਚਾਰੀ ਮੁਹਈਆ ਕਰਵਾਏ ਹੋਏ ਹਨ |
ਉਨ੍ਹਾਂ ਦਸਿਆ ਕਿ ਇਸੇ ਸਾਲ 6 ਅਪੈ੍ਰਲ ਨੂੰ ਸਰਕਾਰ ਨੇ ਤਿੰਨ ਮਹੀਨਿਆਂ ਦਾ ਸਮਾਂ ਮੰਗਿਆ ਸੀ ਤੇ ਉਸ ਤੋਂ ਬਾਅਦ ਮੰਗਿਆ 15 ਦਿਨਾਂ ਦਾ ਸਮਾਂ ਵੀ ਪੂਰਾ ਹੋ ਜਾਣ ਉਪਰੰਤ ਸਰਕਾਰ ਅਜੇ ਤਕ ਕਿਸੇ ਨਤੀਜੇ 'ਤੇ ਨਹੀਂ ਪੁੱਜੀ ਪਰ ਵੋਟਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੂਹਰਲੀ ਕਤਾਰ ਦੇ ਆਗੂਆਂ ਨੇ ਹਰ ਸਟੇਜ ਤੋਂ ਵੱਡੇ ਵੱਡੇ ਦਾਅਵੇ ਕੀਤੇ ਸਨ ਕਿ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ 24 ਘੰਟਿਆਂ
ਦੇ ਅੰਦਰ ਅੰਦਰ ਸਜ਼ਾਵਾਂ ਦਿਤੀਆਂ ਜਾਣਗੀਆਂ ਪਰ ਸਰਕਾਰ ਬਣਨ ਦੇ ਸਾਢੇ 4 ਮਹੀਨੇ ਬੀਤਣ ਉਪਰੰਤ ਵੀ ਦਾਅਵਿਆਂ, ਵਾਅਦਿਆਂ ਅਤੇ ਲਾਰਿਆਂ ਦਾ ਜ਼ੋਰ ਜਾਰੀ ਹੈ |
ਉਨ੍ਹਾਂ ਆਖਿਆ ਕਿ ਹੁਣ ਸੰਗਤ ਹੋਰ ਸਮਾਂ ਦੇਣ ਲਈ ਸਹਿਮਤ ਨਹੀਂ ਕਿਉਂਕਿ ਸੰਗਤਾਂ ਪਹਿਲਾਂ ਹੀ ਐਲਾਨ ਕਰ ਚੁੱਕੀਆਂ ਸਨ ਕਿ ਸਰਕਾਰ ਨੂੰ ਹੁਣ ਹੋਰ ਸਮਾਂ ਨਹੀਂ ਦਿਤਾ ਜਾਵੇਗਾ | ਪੰਜਾਬ ਸਰਕਾਰ ਦਾ ਵਫ਼ਦ ਬੇਰੰਗ ਵਾਪਸ ਪਰਤਣ ਤੋਂ ਬਾਅਦ ਸਟੇਜ ਤੋਂ ਐਲਾਨ ਹੋਇਆ ਕਿ 31 ਜੁਲਾਈ ਨੂੰ ਇਸ ਮੰਚ ਤੋਂ ਅਗਲੇਰੇ ਪ੍ਰੋਗਰਾਮ ਦੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ |