ਦਾਜ ਦੇ ਲੋਭੀਆਂ ਨੇ ਲਈ ਵਿਆਹੁਤਾ ਦੀ ਜਾਨ, 7 ਸਾਲ ਪਹਿਲਾਂ ਹੋਇਆ ਸੀ ਵਿਆਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਾਜ ਲਈ ਤੰਗ ਪ੍ਰੇਸ਼ਾਨ ਕਰਦਾ ਸੀ ਸਹੁਰਾ ਪਰਿਵਾਰ

photo

 

ਤਪਾ ਮੰਡੀ: ਬੇਸ਼ਕ ਅਸੀਂ 21ਵੀਂ ਸਦੀ ਵਿਚ ਜੀਅ ਰਹੇ ਆ ਪਰ ਫਿਰ ਵੀ ਧੀਆਂ ਨੂੰ ਉਹਨਾਂ ਦਾ ਮਾਣ ਸਤਿਕਾਰ ਨਹੀਂ ਦਿੱਤਾ ਜਾ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਧੀ ਦਾਜ ਦੀ ਬਲੀ ਚੜਦੀ ਹੈ। ਅਜਿਹਾ ਹੀ ਮਾਮਲਾ ਤਪਾ ਮੰਡੀ ਦੇ ਪਿੰਡ ਤਾਜੋਕੇ ਤੋ ਸਾਹਮਣੇ ਆਇਆ ਹੈ ਜਿੱਥੇ ਵਿਆਹੁਤਾ ਨੇ ਦਾਜ ਦੀ ਮੰਗ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ।

 

 

 ਇਸ ਸਬੰਧ 'ਚ ਪੁਲਿਸ ਨੇ ਸਹੁਰਾ, ਜੇਠਾਨੀ, ਜੇਠ ਅਤੇ ਪਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਮ੍ਰਿਤਕਾ ਦੀ ਮਾਤਾ ਗੁਰਮੀਤ ਕੌਰ ਪਤਨੀ ਗੁਰਦੀਪ ਸਿੰਘ ਵਾਸੀ ਅਕਲੀਆ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਮੇਰੀ ਕੁੜੀ ਅਮਨਦੀਪ ਕੌਰ ਦਾ ਲਗਭਗ 7 ਸਾਲ ਪਹਿਲਾਂ ਬਲਵੀਰ ਸਿੰਘ ਉਰਫ ਸੌਨੀ ਪੁੱਤਰ ਬੂਟਾ ਸਿੰਘ ਵਾਸੀ ਤਾਜੋ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਨੇ ਅਮਨਦੀਪ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

 

ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਸਹੁਰਾ ਪਰਿਵਾਰ ਵੱਲੋਂ ਅਮਨਦੀਪ ਨੂੰ ਦਹੇਜ ਲਈ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ ਪਰ ਗਰੀਬ ਹੋਣ ਕਾਰਨ ਉਹ ਦਹੇਜ ਦੇਣ ਤੋਂ ਅਸਮਰਥ ਸਨ ।  ਕੁੜੀ ਦਾ ਸਹੁਰਾ ਪਰਿਵਾਰ ਲਗਾਤਾਰ ਕੁੜੀ ਨੂੰ ਪਰੇਸ਼ਾਨ ਕਰ ਰਿਹਾ ਸੀ। ਜਿਸ ਤੋਂ ਤੰਗ ਆ ਕੇ 12 ਜੁਲਾਈ ਨੂੰ ਅਮਨਦੀਪ ਨੇ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨਲੀਲਾ ਖ਼ਤਮ ਕਰ ਲਈ।