ਆਮ ਆਦਮੀ ਕਲੀਨਿਕ ਸਥਾਪਤ ਕਰਨ ਦੀ ਪ੍ਰਕਿਰਿਆ ਜ਼ੋਰਾਂ 'ਤੇ

ਏਜੰਸੀ

ਖ਼ਬਰਾਂ, ਪੰਜਾਬ

ਆਮ ਆਦਮੀ ਕਲੀਨਿਕ ਸਥਾਪਤ ਕਰਨ ਦੀ ਪ੍ਰਕਿਰਿਆ ਜ਼ੋਰਾਂ 'ਤੇ

image


2140 ਡਾਕਟਰਾਂ ਨੇ ਨੌਕਰੀਆਂ ਲਈ ਅਰਜ਼ੀਆਂ ਦਿਤੀਆਂ
ਚੰਡੀਗੜ੍ਹ, 24 ਜੁਲਾਈ (ਭੁੱਲਰ) : ਪੰਜਾਬ ਵਿਚ 75 'ਆਮ ਆਦਮੀ ਕਲੀਨਿਕ' ਸਥਾਪਤ ਕਰਨ ਦੀ ਪ੍ਰਕਿਰਿਆ ਪੂਰੇ ਜ਼ੋਰਾਂ 'ਤੇ ਚਲ ਰਹੀ ਹੈ | ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੇ ਗਏ ਅਚਨਚੇਤ ਨਿਰੀਖਣ ਦੌਰਾਨ ਇਕ ਆਮ ਆਦਮੀ ਦੇ ਕਲੀਨਿਕ ਦੀ ਹਾਲਤ ਵੀ ਸਾਹਮਣੇ ਆਈ ਹੈ | ਜਾਣਕਾਰੀ ਅਨੁਸਾਰ ਇਨ੍ਹਾਂ ਕਲੀਨਿਕਾਂ ਵਿਚ ਸੇਵਾਵਾਂ ਦੇਣ ਲਈ 2140 ਡਾਕਟਰਾਂ ਦੀਆਂ ਅਰਜ਼ੀਆਂ ਆਈਆਂ ਹਨ | ਪਹਿਲੇ ਪੜਾਅ ਵਿਚ ਅਜਿਹੇ 75 ਆਮ ਆਦਮੀ ਕਲੀਨਿਕ ਬਣਾਏ ਜਾ ਰਹੇ ਹਨ, ਜੋ ਕਿ 15 ਅਗੱਸਤ ਨੂੰ  75ਵੇਂ ਆਜ਼ਾਦੀ ਦਿਵਸ ਮੌਕੇ ਲੋਕਾਂ ਨੂੰ  ਸਮਰਪਤ ਕੀਤੇ ਜਾਣਗੇ | ਇਹ ਕਲੀਨਿਕ ਸੂਬੇ ਭਰ ਦੇ ਲੋਕਾਂ ਨੂੰ  ਵਧੀਆ ਸਿਹਤ ਸੇਵਾਵਾਂ ਮੁਫ਼ਤ ਪ੍ਰਦਾਨ ਕਰਨਗੇ | ਆਮ ਆਦਮੀ ਕਲੀਨਿਕ ਵਿਚ ਮਰੀਜ਼ਾਂ ਦਾ ਇਲਾਜ ਕਰਨ ਅਤੇ ਬਿਮਾਰੀਆਂ ਦੀ ਜਾਂਚ ਕਰਨ ਲਈ ਐਮਬੀਬੀਐਸ ਡਾਕਟਰ, ਫ਼ਾਰਮਾਸਿਸਟ, ਨਰਸਾਂ ਸਮੇਤ 4-5 ਸਟਾਫ਼ ਹੋਵੇਗਾ |

ਇਨ੍ਹਾਂ ਕਲੀਨਿਕਾਂ ਵਿਚ ਲੋਕਾਂ ਨੂੰ  ਲਗਭਗ 100 ਤਰ੍ਹਾਂ ਦੇ ਟੈਸਟਾਂ ਵਾਲੇ 41 ਪੈਕੇਜ ਮੁਫ਼ਤ ਦਿਤੇ ਜਾਣਗੇ |
ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਇਨ੍ਹਾਂ ਕਲੀਨਿਕਾਂ ਦੀ ਸਥਾਪਨਾ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਅਪਣਾ ਇਕ ਹੋਰ ਵੱਡਾ ਚੋਣ ਵਾਅਦਾ ਪੂਰਾ ਕਰੇਗੀ | ਸੂਬਾ ਸਰਕਾਰ ਦਾ ਦਾਅਵਾ ਹੈ ਕਿ ਆਮ ਆਦਮੀ ਕਲੀਨਿਕ ਪੰਜਾਬ ਦੀ ਸਿਹਤ ਪ੍ਰਣਾਲੀ ਦੇ ਬੁਨਿਆਦੀ ਢਾਂਚੇ ਵਿੱਚ ਜ਼ਬਰਦਸਤ ਸੁਧਾਰ ਲਿਆਏਗਾ | ਸੀਐਮ ਭਗਵੰਤ ਮਾਨ ਨੇ ਉਮੀਦ ਜਤਾਈ ਹੈ ਕਿ ਇਨ੍ਹਾਂ ਕਲੀਨਿਕਾਂ ਵਿਚ 90 ਫ਼ੀ ਸਦੀ ਮਰੀਜ਼ਾਂ ਦਾ ਇਲਾਜ ਹੋਵੇਗਾ, ਜਿਸ ਨਾਲ ਹਸਪਤਾਲਾਂ 'ਤੇ ਬੋਝ ਘਟੇਗਾ | ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ  ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦਾ ਇਹ ਕ੍ਰਾਂਤੀਕਾਰੀ ਕਦਮ ਸੂਬੇ ਵਿਚ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਵਿਚ ਪੂਰੀ ਤਰ੍ਹਾਂ ਸੁਧਾਰ ਕਰੇਗਾ |
ਉਨ੍ਹਾਂ ਕਿਹਾ ਕਿ ਇਹ ਸਾਰੇ 75 ਆਮ ਆਦਮੀ ਕਲੀਨਿਕ ਵੀ ਇਸੇ ਤਰਜ਼ 'ਤੇ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਡਾਕਟਰਾਂ ਦਾ ਕਮਰਾ, ਰਿਸੈਪਸ਼ਨ-ਕਮ-ਵੇਟਿੰਗ ਏਰੀਆ, ਫਾਰਮੇਸੀ ਦੇ ਨਾਲ-ਨਾਲ ਸਟਾਫ਼ ਅਤੇ ਮਰੀਜ਼ਾਂ ਲਈ ਵੱਖਰੇ ਪਖਾਨੇ ਵਰਗੀਆਂ ਬੁਨਿਆਦੀ ਸਹੂਲਤਾਂ ਹੋਣਗੀਆਂ | ਭਗਵੰਤ ਮਾਨ ਨੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿਚ ਮਰੀਜ਼ਾਂ ਲਈ ਆਨਲਾਈਨ ਅਪਾਇੰਟਮੈਂਟ ਦੀ ਸਹੂਲਤ ਵੀ ਹੋਵੇਗੀ | ਮੁੱਖ ਮੰਤਰੀ ਨੇ ਕਿਹਾ ਕਿ ਇਹ ਕਲੀਨਿਕ ਲੋਕਾਂ ਨੂੰ  ਮੁਫਤ ਦਵਾਈਆਂ ਅਤੇ ਟੈਸਟਿੰਗ ਸਹੂਲਤਾਂ ਪ੍ਰਦਾਨ ਕਰਨਗੇ | ਉਨ੍ਹਾਂ ਕਿਹਾ ਕਿ ਸਿਰਫ਼ ਗੰਭੀਰ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ  ਹੀ ਵੱਡੇ ਹਸਪਤਾਲਾਂ ਵਿਚ ਰੈਫ਼ਰ ਕੀਤਾ ਜਾਵੇਗਾ | ਭਗਵੰਤ ਮਾਨ ਨੇ ਇਹ ਵੀ ਦਸਿਆ ਕਿ ਅਗਲੇ 5 ਸਾਲਾਂ ਵਿਚ ਸੂਬੇ ਵਿਚ 16 ਨਵੇਂ ਮੈਡੀਕਲ ਕਾਲਜ ਵੀ ਸਥਾਪਤ ਕੀਤੇ ਜਾਣਗੇ |