CM ਰਿਹਾਇਸ਼ ਬਾਹਰ ਬੇਰੋਜ਼ਗਾਰਾਂ ‘ਤੇ ਚੱਲੀਆਂ ਪਾਣੀ ਦੀਆਂ ਬੁਛਾੜਾਂ

ਏਜੰਸੀ

ਖ਼ਬਰਾਂ, ਪੰਜਾਬ

ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਕਾਰ ਹੋਈ ਧੱਕਾਮੁੱਕੀ, ਸਾਰਾ ਇਲਾਕਾ ਛਾਉਣੀ 'ਚ ਤਬਦੀਲ 

protest

ਬੇਰੋਜ਼ਗਾਰ ਮੁੰਡੇ ਕੁੜੀਆਂ ਵੱਡੀ ਗਿਣਤੀ 'ਚ ਮੌਜੂਦ
ਸੰਗਰੂਰ : ਬੇਰੁਜ਼ਗਾਰੀ ਦੇ ਸਤਾਏ ਨੌਜਵਾਨ ਮੁੰਡੇ-ਕੁੜੀਆਂ ਆਏ ਦਿਨ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕਰਦੇ ਹਨ ਜਿਸ ਲਈ ਉਨ੍ਹਾਂ ਨੂੰ ਪ੍ਰਦਰਸ਼ਨ ਦੀ ਰਾਹ 'ਤੇ ਚਲਣਾ ਪੈਂਦਾ ਹੈ।

ਇਸ ਤਰ੍ਹਾਂ ਹੀ ਅੱਜ ਵੀ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਬਾਹਰ ਪੀ.ਟੀ.ਆਈ. ਯੂਨੀਅਨ ਦੇ 646 ਬੇਰੁਜ਼ਗਾਰਾਂ ਵੱਲੋਂ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਵੱਡੇ ਪੱਧਰ 'ਤੇ ਧਰਨਾ ਦਿੱਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਅਧਿਆਪਕਾਂ ਅਤੇ ਪੁਲਿਸ ਵਿਚਕਾਰ ਖਿੱਚ-ਧੂਹ ਹੋਈ।

ਪੁਲਿਸ ਵਲੋਂ ਪ੍ਰਦਰਸ਼ਨ ਕਰ ਰਹੇ ਨੌਜਵਾਨ ਮੁੰਡੇ-ਕੁੜੀਆਂ ਉਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਹਨ, ਜਿਸ ਨਾਲ ਕਈ ਧਰਨਾਕਾਰੀ ਜ਼ਖ਼ਮੀ ਹੋ ਗਏ ਹਨ। ਜ਼ਖਮੀਆਂ ਵਿਚ ਕਈ ਮਹਿਲਾ ਅਧਿਆਪਕ ਵੀ ਸ਼ਾਮਲ ਹਨ।

ਦੱਸਣਯੋਗ ਹੈ ਕਿ 646 ਪੀਟੀਆਈ ਬੇਰੁਜ਼ਗਾਰ ਅਧਿਆਪਕ ਭਰਤੀ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਪਰ ਪੰਜਾਬ ਸਰਕਾਰ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ। ਇਸ ਦੌਰਾਨ ਕਈ ਅਧਿਆਪਕ ਬੇਹੋਸ਼ ਹੋ ਗਏ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਜਲ ਤੋਪਾਂ ਦੀ ਵਰਤੋਂ ਕੀਤੀ।