ਅਸ਼ਵਨੀ ਸੇਖੜੀ ਤੇ ਸੁਨੀਲ ਜਾਖੜ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ, ਬੋਲੇ - ਕਾਂਗਰਸ 'ਚ ਸਿਰਫ਼ ਕੁਰਸੀ ਦੀ ਲੜਾਈ
ਕਾਂਗਰਸ ਵਿਚ ਸਿਰਫ਼ ਪੈਸਿਆਂ ਦੇ ਜ਼ੋਰ 'ਤੇ ਅਹੁਦੇ ਮਿਲ ਰਹੇ ਹਨ
ਚੰਡੀਗੜ੍ਹ - ਬਟਾਲਾ ਤੋਂ ਕਾਂਗਰਸ ਵੱਲੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਅਸ਼ਵਨੀ ਸੇਖੜੀ ਕੁੱਝ ਸਮਾਂ ਪਹਿਲਾਂ ਹੀ ਭਾਜਪਾ ਵਿਚ ਸ਼ਾਮਲ ਹੋਏ ਸਨ ਤੇ ਅੱਜ ਉਹਨਾਂ ਨੇ ਪਹਿਲੀ ਵਾਰ ਭਾਜਪਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਉਹਨਾਂ ਨੇ ਨਾਲ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ਫਤਹਿਜੰਗ ਬਾਜਵਾ, ਪਰਮਿੰਦਰ ਬਰਾੜ ਸਮੇਤ ਹੋਰ ਭਾਜਪਾ ਆਗੂ ਸ਼ਾਮਲ ਸਨ।
ਇਸ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪਹਿਲਾਂ ਅਸ਼ਵਨੀ ਸੇਖੜੀ ਦਾ ਭਾਜਪਾ ਵਿਚ ਸ਼ਾਮਲ ਹੋਣ 'ਤੇ ਸਵਾਗਤ ਕੀਤਾ ਤੇ ਉਹਨਾਂ ਦਾ ਧੰਨਵਾਦ ਕੀਤਾ ਕਿ ਉਹ ਅਪਣੇ ਸਾਥੀਆਂ ਨੂੰ ਨਾਲ ਲੈ ਕੇ ਭਾਜਪਾ ਵਿਚ ਸ਼ਾਮਲ ਹੋਏ। ਸੁਨੀਲ ਜਾਖੜ ਨੇ ਬੋਲਦਿਆਂ ਕਿਹਾ ਕਿ ਅੱਜ ਜਦੋਂ ਭਾਜਪਾ ਦੇ ਮੋਢਿਆਂ 'ਤੇ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਪਈ ਹੈ ਤੇ ਪਾਰਟੀ ਨੇ ਸਵੀਕਾਰ ਵੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪਾਰਟੀ ਨੂੰ ਇਕਜੁੱਟ ਹੋ ਕੇ ਕੰਮ ਕਰਨ ਦਾ ਮੌਕਾ ਮਿਲਿਆ ਹੈ ਤੇ ਹੁਣ ਇਹ ਵੀ ਸਾਹਮਣੇ ਆ ਜਾਵੇਗਾ ਕਿ ਕੌਣ ਕੇਂਦਰ ਤੋਂ ਪੰਜਾਬ ਦੇ ਸਾਰੇ ਮੁੱਦੇ ਹੱਲ ਕਰਵਾਏਗਾ ਤੇ ਕੌਣ ਪੰਜਾਬ ਦੇ ਨਾਲ ਹੈ ਇਹ ਪਤਾ ਚੱਲੇਗਾ।
ਉਹਨਾਂ ਨੇ ਅਸ਼ਵਨੀ ਸੇਖੜੀ ਬਾਰੇ ਕਿਹਾ ਕਿ ਅਸ਼ਵਨੀ ਸੇਖੜੀ ਦੇ ਪਿਤਾ ਨੇ ਵੀ ਪੰਜਾਬ ਦੀ ਸੇਵਾ ਲਈ ਹੀ ਕੰਮ ਕੀਤਾ ਤੇ ਉਹਨਾਂ ਦੇ ਪਿਤਾ ਵੀ ਉਹਨਾਂ ਦੇ ਨਾਲ ਹੀ ਸਨ ਤੇ ਇਕ ਵਾਰ ਫਿਰ ਤੋਂ ਅਸ਼ਵਨੀ ਸੇਖੜੀ ਤੇ ਉਹਨਾਂ ਨੂੰ ਮਿਲ ਕੇ ਕੰਮ ਕਰਨ ਦਾ ਮੌਕਾ ਮਿਲਿਆ ਹੈ। ਸੁਨੀਲ ਜਾਖੜ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਅਪਣੇ ਮੁੱਦਿਆਂ ਤੇ ਅਪਣੀ ਵਿਚਾਰਧਾਰਾ ਤੋਂ ਭਟਕ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਪਾਰਟੀ ਨੇ ਅਪਣੇ ਨਿੱਜੀ ਸਵਾਰਥਾਂ ਲਈ ਗੋਡੇ ਟੇਕੇ ਹਨ ਫਇਰ ਚਾਹੇ ਉਹ ਪੰਜਾਬ ਦੀ ਲੀਡਰਸ਼ਿਪ ਹੈ ਜਾਂ ਫਿਰ ਰਾਸ਼ਟਰੀ ਉਹਨਾਂ ਨੂੰ ਕਾਂਗਰਸ ਦੇ ਹਰ ਇਕ ਵਰਕਰ ਨਾਲ ਧੋਖਾ ਕੀਤਾ ਹੈ।
ਇਸ ਤੋਂ ਅੱਗੇ ਅਸ਼ਵਨੀ ਸੇਖੜੀ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਅਤੇ ਸੁਨੀਲ ਜਾਖੜ ਬਚਪਨ ਤੋਂ ਹੀ ਇਕੱਠੇ ਹਨ ਤੇ ਇਕੱਠਿਆਂ ਨੇ ਹੀ ਪਾਰਟੀ ਵਿਚ ਸੇਵਾ ਕੀਤੀ ਤੇ ਅੱਜ ਇਕ ਵਾਰ ਫਿਰ ਤੋਂ ਇਕੱਠੇ ਹੋਏ ਹਾਂ। ਉਹਨਾਂ ਨੇ ਕਿਹਾ ਕਿ ਉਹ ਸੁਨੀਲ ਜਾਖੜ ਹੀ ਸਨ ਜਿਹਨਾਂ ਨੇ ਪਹਿਲੀ ਵਾਰ ਉਹਨਾਂ ਨੂੰ ਪ੍ਰਧਾਨ ਬਣਨ ਵਿਚ ਮਦਦ ਕੀਤੀ ਤੇ ਉਹ ਸ਼ੁਰੂ ਤੋਂ ਹੀ ਸੁਨੀਲ ਜਾਖੜ ਦੇ ਫੈਨ ਸਨ।
ਸੇਖੜੀ ਨੇ ਕਿਹਾ ਕਿ ਉਹ ਇਨਸਾਨ ਸੁਨੀਲ ਜਾਖੜ ਹੀ ਸਨ ਜਿਹਨਾਂ ਨੇ ਉਹਨਾਂ ਨੂੰ ਕੁਰਸੀ ਲਈ ਨਹੀਂ ਬਲਕਿ ਪੰਜਾਬ ਲਈ ਲੜਨਾ ਸਿਖਾਇਆ। ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਹੁਣ ਸਿਰਫ਼ ਕੁਰਸੀ ਦੀ ਲੜਾਈ ਚੱਲਦੀ ਹੈ, ਉਹਨਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਕਾਂਗਰਸ ਵਿਚ ਮੈਰਿਟ ਚੱਲਦੀ ਸੀ ਤੇ ਹੁਣ ਸਿਰਫ਼ ਮਨੀ ਚੱਲਦੀ ਹੈ ਤੇ ਪੈਸੇ ਦੇ ਅਧਾਰ 'ਤੇ ਪਾਰਟੀ ਵਿਚ ਕੁਰਸੀਆਂ ਮਿਲਦੀਆਂ ਹਨ।
ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸ਼ੁਰੂ ਤੋਂ ਹੀ ਲੋਕਾਂ ਲਈ ਲੜਨਾ ਸਿਖਾਇਆ ਗਿਆ ਹੈ ਨਾ ਕਿ ਅਹੁਦੇ ਲਈ ਪਰ ਕਾਂਗਰਸ ਵਿਚ ਸਿਰਫ਼ ਅਹੁਦੇ ਦੀ ਲੜਾਈ ਹੈ ਤੇ ਇਹੀ ਕਾਰਨ ਹੈ ਕਿ ਜੋ ਕਾਂਗਰਸ ਦੇ ਵਧੀਆ ਬੰਦੇ ਹਨ ਉਹ ਜਾਖੜ ਸਾਬ੍ਹ ਦੀ ਪ੍ਰਧਾਨਗੀ ਵਿਚ ਭਾਜਪਾ ਵੱਲ ਨੂੰ ਤੁਰ ਪਏ ਹਨ। ਉਹਨਾਂ ਨੇ ਭਾਜਪਾ ਦੀ ਲੀਡਰਸ਼ਿਪ ਦਾ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਭਾਜਪਾ ਦੀ ਰਾਸ਼ਟਰੀ ਲੀਡਰਸ਼ਿਪ ਨੇ ਪੰਜਾਬ ਵਿਚ ਬਹੁਤ ਹੀ ਕਾਮੀ ਤੇ ਵਧੀਆ ਲੀਡਰਸ਼ਿਪ ਦਿੱਤੀ ਹੈ ਜਿਹਨਾਂ ਦੀ ਰਹਿਨੁਮਾਈ ਹੇਠ ਸਾਰੇ ਕੰਮ ਹੋਣਗੇ।