ਚੰਡੀਗੜ੍ਹ ਨਗਰ ਨਿਗਮ 'ਚ ਹੰਗਾਮਾ, AAP ਦੇ 8 ਕੌਂਸਲਰ ਸਸਪੈਂਡ 

ਏਜੰਸੀ

ਖ਼ਬਰਾਂ, ਪੰਜਾਬ

ਸੋਧੇ ਸਮਾਰਟ ਪਾਰਕਿੰਗ ਦਾ ਪ੍ਰਸਤਾਵ ਪਾਸ 

Chaos in Chandigarh Municipal Corporation, 8 councilors of AAP suspended

ਚੰਡੀਗੜ੍ਹ - ਚੰਡੀਗੜ੍ਹ ’ਚ ਨਗਰ ਨਿਗਮ ਦੀ ਬੈਠਕ ਦੌਰਾਨ ਅੱਜ ਖ਼ੂਬ ਹੰਗਾਮਾ ਹੋਇਆ। ਦਰਅਸਲ ਆਮ ਆਦਮੀ ਪਾਰਟੀ ਦੇ ਕੌਂਸਲਰ ਦਮਨਪ੍ਰੀਤ ਸਿੰਘ ਦੇ ਬਿਆਨ ’ਤੇ ਭਾਜਪਾ-ਕਾਂਗਰਸ ਦੇ ਕੌਂਸਲਰਾਂ ਨੇ ਜਮ ਕੇ ਹੰਗਾਮਾ ਕੀਤਾ। ਕੌਂਸਲਰ ਬਿਆਨ ਦੇ ਪੋਸਟਰਾਂ ਸਣੇ ਵੈੱਲ  ਤੱਕ ਪਹੁੰਚ ਗਏ। ਇਸ ਹੰਗਾਮੇ ਦੌਰਾਨ ਮੇਅਰ ਅਤੇ ਕਮਿਸ਼ਨਰ ਵੱਲ ਚੂੜੀਆਂ ਵੀ ਸੁੱਟੀਆਂ ਗਈਆਂ। 

ਇਸੇ ਹੰਗਾਮੇ ਦੌਰਾਨ ਆਮ ਆਦਮੀ ਪਾਰਟੀ ਦੇ 8 ਕੌਂਸਲਰਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਅਤੇ ਮਾਰਸ਼ਲਾਂ ਨੂੰ ਬੁਲਾ ਉਨ੍ਹਾਂ ਨੂੰ ਸਦਨ ’ਚੋਂ ਬਾਹਰ ਕੱਢ ਦਿੱਤਾ ਗਿਆ। ਇਸ ਤੋਂ ਪਹਿਲਾਂ ਬੈਠਕ ’ਚ ਸ਼ਾਮਲ ਹੋਣ ਲਈ ਵਾਰਡ ਨੰਬਰ 23 ਦੀ ਕੌਂਸਲਰ ਪ੍ਰੇਮ ਲੱਤਾ ਖ਼ੁਦ ਨੂੰ ਜੰਜੀਰਾਂ ’ਚ ਬੰਨ੍ਹ ਕੇ ਸਦਨ 'ਚ ਪਹੁੰਚੀ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖ਼ੇਰ ਦੇ ਲਾਪਤਾ ਹੋਣ ਦਾ ਮੁੱਦਾ ਉਠਾਇਆ।      

ਹਾਊਸ ਦੀ ਮੀਟਿੰਗ ਦੌਰਾਨ ਗੋਆ ਦੌਰੇ ਨੂੰ ਲੈ ਕੇ AAP ਕੌਂਸਲਰ ਦਮਨਪ੍ਰੀਤ ਦਾ ਭਾਜਪਾ ਕੌਂਸਲਰਾਂ ਨੇ ਜੰਮ ਕੇ ਵਿਰੋਧ ਕੀਤਾ। ਜ਼ਿਕਰਯੋਗ ਹੈ ਕਿ ਆਪ ਕੌਂਸਲਰ ਦਮਨਪ੍ਰੀਤ ਨੇ ਗੋਆ ਦੌਰੇ ਦਾ ਵਿਰੋਧ ਕਰਦਿਆਂ ਸਾਰੇ ਕੌਂਸਲਰਾਂ ਨੂੰ ਚੋਰ ਆਖਿਆ ਸੀ। ਜਦੋਂ ਕਿ ਇਸ ਦੌਰੇ ’ਚ ਭਾਜਪਾ ਦੇ ਨਾਲ ਕਾਂਗਰਸ ਦੇ ਕੌਂਸਲਰ ਵੀ ਗਏ ਸਨ।

ਜਿਸ ਤੋਂ ਬਾਅਦ ਕਾਂਗਰਸ ਅਤੇ ਭਾਜਪਾ ਦੇ ਕੌਂਸਲਰ ਦੋਹਾਂ ਨੇ ਮਿਲ ਕੇ ਕੌਂਸਰਲ ਦਮਨਪ੍ਰੀਤ ਸਿੰਘ ਦਾ ਵਿਰੋਧ ਕੀਤਾ। ਕਾਂਗਰਸ ਅਤੇ ਭਾਜਪਾ ਕੌਂਸਲਰਾਂ ਦੀ ਮੰਗ ਸੀ ਕਿ ਦਮਨਪ੍ਰੀਤ ਸਿੰਘ ਮੁਆਫ਼ੀ ਮੰਗਣ। ਇਸ ਦੇ ਨਾਲ ਹੀ ਦੱਸ ਦਈਏ ਕਿ ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਮੀਟਿੰਗ ਵਿਚ ਸੋਧਿਆ ਸਮਾਰਟ ਪਾਰਕਿੰਗ ਪ੍ਰਸਤਾਵ ਪਾਸ ਹੋ ਗਿਆ ਹੈ। ਇਸ ਤਹਿਤ ਹੁਣ ਦੋਪਹੀਆ ਵਾਹਨ ਲਈ ਕੋਈ ਪੈਸੇ ਨਹੀਂ ਲਏ ਜਾਣਗੇ। ਜੇਕਰ ਕਾਰ ਪਾਰਕਿੰਗ ਵਿਚ 15 ਮਿੰਟ ਲਈ ਵੀ ਖੜੀ ਹੈ ਤਾਂ ਇਸ ਲਈ ਕੋਈ ਪੈਸਾ ਨਹੀਂ ਦੇਣਾ ਪਵੇਗਾ। 

ਕਾਰ ਪਾਰਕਿੰਗ ਲਈ 240 ਮਿੰਟ ਲਈ 15 ਰੁਪਏ, 480 ਮਿੰਟ ਲਈ 20 ਰੁਪਏ ਦੇਣੇ ਹੋਣਗੇ। ਇਸ ਤੋਂ ਬਾਅਦ ਪ੍ਰਤੀ ਘੰਟਾ 10 ਰੁਪਏ ਦੇਣੇ ਹੋਣਗੇ। 50 ਰੁਪਏ ਦੇ ਕੇ 12 ਘੰਟੇ ਲਈ ਪਾਸ ਬਣਾਇਆ ਜਾ ਸਕਦਾ ਹੈ। ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਤੋਂ ਬਾਹਰ ਨੰਬਰ ਵਾਲੇ ਵਾਹਨਾਂ ਲਈ ਪਾਰਕਿੰਗ ਦਰ ਦੁੱਗਣੀ ਹੋਵੇਗੀ। ਇਹ ਦਰਾਂ ਸਮਾਰਟ ਪਾਰਕਿੰਗ ਬਣਨ ਤੋਂ ਬਾਅਦ ਲਾਗੂ ਹੋਣਗੀਆਂ।

ਇਸ ਦੇ ਨਾਲ ਹੀ ਦੱਸ ਦਈਏ ਕਿ ਜਦੋਂ ਹਾਊਸ ਦੀ ਮੀਟਿੰਗ ਵਿਚ ਸਮਾਰਟ ਪਾਰਕਿੰਗ ਸਬੰਧੀ ਏਜੰਡਾ ਲਿਆਂਦਾ ਗਿਆ ਤਾਂ ਇਸ ’ਤੇ ਹੋਈ ਬਹਿਸ ਦੌਰਾਨ ਅਕਾਲੀ ਕੌਂਸਲਰ ਹਰਦੀਪ ਸਿੰਘ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਪਾਰਕਿੰਗ ਨੂੰ ਸਮਾਰਟ ਨਹੀਂ ਬਣਾਇਆ ਗਿਆ। ਉਨ੍ਹਾਂ ਨਗਰ ਨਿਗਮ ਦੇ ਕੰਮਕਾਜ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਸਮਾਰਟ ਪਾਰਕਿੰਗ ਦੇ ਨਾਂ 'ਤੇ ਕਈ ਠੇਕੇਦਾਰ ਆਉਂਦੇ ਹਨ ਅਤੇ ਸ਼ਹਿਰ ਦੇ ਲੋਕਾਂ ਨੂੰ ਸਮਾਰਟ ਤਰੀਕੇ ਨਾਲ ਲੁੱਟ ਕੇ ਚਲੇ ਜਾਂਦੇ ਹਨ, ਇਸ ਲਈ ਬਿਹਤਰ ਹੋਵੇਗਾ ਜੇਕਰ ਨਗਰ ਨਿਗਮ ਖ਼ੁਦ ਪਾਰਕਿੰਗ ਨੂੰ ਸਮਾਰਟ ਬਣਾਵੇ।